ਮੋਹ, ਮਮਤਾ, ਮਿੱਠਬੋਲਣਾ, ਮਿਲਵਰਤਣ, ਸਤਿਕਾਰ
ਇਹ ਗੁਣ ਕਿਤੋਂ ਨਾ ਲੱਭਦੇ, ਮੁੱਲ ਨਾ ਵਿਕਣ ਬਜ਼ਾਰ।
ਖ਼ੁਦਗਰਜ਼ੀ, ਘਿਰਣਾ, ਖ਼ੁਦੀ, ਭਾਈ-ਭਤੀਜਾਵਾਦ
ਹੁਣ ਹਰ ਪਾਸੇ ਫ਼ੈਲਿਆ, ਲੋਕੋ ਭ੍ਰਿਸ਼ਟਾਚਾਰ।
ਡਾਕੇ, ਲੁੱਟਾਂ, ਅੱਗਜ਼ਨੀ, ਕਤਲ, ਖੋਹਾਂ ਦਾ ਦੌਰ
ਮਹਿੰਗਾਈ ਦੀ ਮਾਰ ਨਾਲ਼, ਮੱਚੀ ਹਾਹਾਕਾਰ।
ਉੱਚੀ ਮੈਰਿਟ ਦਾ ਕਿਤੇ, ਧੇਲਾ ਮੁੱਲ ਨਹੀਂ
ਥਾਂ-ਥਾਂ ਧੱਕੇ ਖਾ ਰਹੇ, ਲੱਖਾਂ ਬੇਰੁਜ਼ਗਾਰ।
ਅੰਨ੍ਹਾ ਵੰਡੇ ਰਿਉੜੀਆਂ, ਦੇਂਦਾ ਆਪਣਿਆਂ
ਇਸ ਗੰਧਲੇ ਮਾਹੌਲ ਵਿੱਚ, ਜੀਣਾ ਹੈ ਦੁਸ਼ਵਾਰ।
ਨਿੱਤਰੋ ਕੋਈ ਸੂਰਮਾ, ਅੱਗ ਦੀ ਰੋਕੇ ਖੇਡ
ਫਿਰ ਤੋਂ ਕਾਨੀ ਬਣ ਜਾਏ, ਵੈਰੀ ਲਈ ਤਲਵਾਰ।
ਲੱਗਦਾ ਸੀ ਲੰਘ ਜਾਵਸਾਂ, ਤੈਰ ਕੇ ਪਾਰ ਝਨਾਂ
ਡੁੱਬਿਆ ਵਿੱਚ ਮੰਝਧਾਰ ਹਾਂ, ਨਾ ਉਰਵਾਰ ਨਾ ਪਾਰ।
ਧਨ ਦੀ ਅੰਨ੍ਹੀ ਦੌੜ ਵਿੱਚ, ਕੋਈ ਨਹੀਂ ਅਪਣਾ
ਬਖ਼ਸ਼ੀਂ ਔਗੁਣਹਾਰ ਨੂੰ, ਹੇ ਮੇਰੇ ਕਰਤਾਰ!
ਨਿੰਦਾ, ਚੁਗਲੀ, ਈਰਖਾ, ਛੱਡੀਏ ਸਾਰੇ ਐਬ
ਦਿਲੋਂ ਮਿਟਾਈਏ ਨਫ਼ਰਤਾਂ, ਵੰਡੀਏ ਸਭ ਨੂੰ ਪਿਆਰ।
ਪੌਣ, ਪਾਣੀ ਤੇ ਧਰਤ ਨੇ, ਗੁਰੂ, ਪਿਤਾ ਤੇ ਮਾਂ
ਜੇ ਇਹ ਗੱਲਾਂ ਸਮਝੀਏ, ਤਾਂ ਹੋਵੇ ਦੇਸ਼-ਸੁਧਾਰ।
ਭਾਸ਼ਾ, ਵਿਰਸਾ ਆਪਣਾ, ਹੋਵੇ ਜਿੰਦ ਤੇ ਜਾਨ
ਸੰਸਕ੍ਰਿਤੀ ਨਾ ਤਿਆਗੀਏ, ਸਿਰ ਸੋਹੇ ਦਸਤਾਰ।
ਏਕੇ ਤੇ ਇਤਫ਼ਾਕ ਦਾ, ਘਰ-ਘਰ ਦਿਓ ਸੰਦੇਸ਼
ਆਓ ਮਿਲ ਕੇ ਬੈਠੀਏ, ਕਰੀਏ ਨਾ ਤਕਰਾਰ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *