ਅਮਨ ਕਾਨੂੰਨ ਦੀ ਵਿਗੜਦੀ ਹਾਲਤ ਤੋਂ ਚਿੰਤਤ ਸਪੀਕਰ ਸੰਧਵਾਂ ਨੇ ਡੀ.ਜੀ.ਪੀ. ਪੰਜਾਬ ਨੂੰ ਕੀਤਾ ਤਲਬ
ਪੁਲਿਸ ਦੀ ਨਫਰੀ ਵਧਾ ਕੇ ਨਾਕੇਬੰਦੀ ਅਤੇ ਗਸ਼ਤ ਤੇਜ ਕਰਨ ਦੀ ਕੀਤੀ ਹਦਾਇਤ!
ਕੋਟਕਪੂਰਾ, 28 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਮਨ ਕਾਨੂੰਨ ਦੀ ਦਿਨੋ ਦਿਨ ਵਿਗੜਦੀ ਜਾ ਰਹੀ ਹਾਲਤ ਤੋਂ ਚਿੰਤਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਨੂੰ ਆਪਣੇ ਦਫਤਰ ਤਲਬ ਕੀਤਾ ਅਤੇ ਉਹਨਾ ਨੂੰ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਵਾਪਰੀਆਂ ਦੁਖਦਾਇਕ ਅਤੇ ਚਿੰਤਾਜਨਕ ਘਟਨਾਵਾਂ ਤੋਂ ਜਾਣੂ ਕਰਵਾਇਆ। ਸਪੀਕਰ ਸੰਧਵਾਂ ਨੇ ਆਖਿਆ ਕਿ ਜਿਲਾ ਫਰੀਦਕੋਟ ਅਧੀਨ ਆਉਂਦੇ ਥਾਣਿਆਂ ’ਚ ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਹੀ ਉਕਤ ਘਟਨਾਵਾਂ ’ਚ ਵਾਧਾ ਹੋਣ ਦੀ ਪੁਲਿਸ ਅਧਿਕਾਰੀਆਂ ਵਲੋਂ ਦਲੀਲ ਦਿੱਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਐਨੀਆਂ ਘਟਨਾਵਾਂ ਨਹੀਂ ਸਨ ਵਾਪਰਦੀਆਂ। ਸਪੀਕਰ ਸੰਧਵਾਂ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਵਲੋਂ ਤੇਜਧਾਰ ਹਥਿਆਰ ਦੀ ਨੌਕ ’ਤੇ ਲੁੱਟਣ ਦੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਆਖਿਆ ਕਿ ਲੁਟੇਰੇ ਅਕਸਰ ਕਿਸੇ ਦੁਕਾਨਦਾਰ ਜਾਂ ਰਾਹਗੀਰ ਉੱਪਰ ਕਾਤਲਾਨਾ ਹਮਲਾ ਤੱਕ ਵੀ ਕਰ ਦਿੰਦੇ ਹਨ, ਜੋ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਲੁਟੇਰਿਆਂ ਦੀਆਂ ਸਰਗਰਮੀਆਂ ’ਤੇ ਠੱਲ ਨਾ ਪਾਈ ਗਈ ਤਾਂ ਇਸ ਦੇ ਨਤੀਜੇ ਬਹੁਤ ਹੀ ਭਿਆਨਕ ਅਤੇ ਦੁਖਦਾਇਕ ਹੋ ਸਕਦੇ ਹਨ। ਉਹਨਾ ਜਿਲਾ ਫਰੀਦਕੋਟ ਦੇ ਵੱਖ-ਵੱਖ ਰੈਂਕ ਦੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਵਾਧਾ ਕਰਕੇ ਪੁਲਿਸ ਗਸ਼ਤ ਤੇਜ ਕਰਨ, ਨਾਕਾਬੰਦੀ ਵਧਾਉਣ ਅਤੇ ਸ਼ੱਕੀ ਅਨਸਰਾਂ ’ਤੇ ਤਿੱਖੀ ਨਜਰ ਰੱਖਣ ਦੀ ਹਦਾਇਤ ਕੀਤੀ। ਸਪੀਕਰ ਸੰਧਵਾਂ ਨੇ ਗੁੱਸੇ ਅਤੇ ਰੋਹ ਭਰੇ ਲਹਿਜੇ ਵਿੱਚ ਆਖਿਆ ਕਿ ਚੋਰਾਂ, ਲੁਟੇਰਿਆਂ, ਗੁੰਡਾ ਅਨਸਰਾਂ ਆਦਿ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੁੱਢਲੀ ਜਿੰਮੇਵਾਰੀ ਹੈ। ਡੀ.ਜੀ.ਪੀ. ਗੋਰਵ ਯਾਦਵ ਨੇ ਵਿਸ਼ਵਾਸ਼ ਦਿਵਾਇਆ ਕਿ ਅਮਨ ਕਾਨੂੰਨ ਦੀ ਹਾਲਤ ਵਿਗਾੜਨ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ। ਉਂਝ ਉਹਨਾਂ ਆਖਿਆ ਕਿ ਪੁਲਿਸ ਵਲੋਂ ਚੋਰਾਂ, ਲੁਟੇਰਿਆਂ ਅਤੇ ਸ਼ਰਾਰਤੀ ਅਨਸਰਾਂ ਉੱਪਰ ਡਰੋਨ ਰਾਹੀਂ ਨਜਰ ਰੱਖਣ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
Leave a Comment
Your email address will not be published. Required fields are marked with *