ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਵਲੋਂ ਕੋਟਕਪੂਰਾ ’ਚ ਸਿਟੀ ਥਾਣਾ-2 ਬਣਾਉਣ ਦੀ ਮੰਗ
ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੁੱਟ-ਖੋਹ ਦੀਆਂ ਘਟਨਾਵਾਂ ਦੇ ਮੱਦੇਨਜਰ ਕੋਟਕਪੂਰਾ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿੱਤੀ ਦੇ ਮੱਦੇਨਜਰ ਚੈਂਬਰ ਆਫ ਕਾਮਰਸ ਦੇ ਸਮਰਥਨ ’ਚ ਸਮੂਹ ਦੁਕਾਨਦਾਰਾਂ ਨੇ ਕਾਰੋਬਾਰ ਬੰਦ ਰੱਖਿਆ। ਦੂਜੇ ਪਾਸੇ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਨੂੰ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਕਿ ਕੋਟਕਪੂਰਾ ਸ਼ਹਿਰ ’ਚ ਪੁਲੀਸ ਦੀ ਅਣਗਹਿਲੀ ਕਾਰਨ ਲੁੱਟ-ਖੋਹ, ਹਮਲੇ, ਧਮਕੀਆਂ ਦੇ ਮਾਮਲੇ ਹਰ ਰੋਜ ਔਸਤਨ ਪੰਜ-ਛੇ ਹੋ ਗਏ ਹਨ, ਜਿਸ ਕਾਰਨ ਸ਼ਹਿਰ ਦੇ ਸਮੂਹ ਦੁਕਾਨਦਾਰ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਸਨ, ਜਿਸ ਕਾਰਨ ਅੱਜ ਸਮੂਹ ਸ਼ਹਿਰ ਵਾਸੀ ਦੁਕਾਨਦਾਰਾਂ ਨੇ ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ। ਸ਼੍ਰੀ ਸਹਿਗਲ ਨੇ ਦੱਸਿਆ ਕਿ ਰਾਜਪਾਲ, ਮੁੱਖ ਮੰਤਰੀ ਅਤੇ ਡੀ.ਜੀ.ਪੀ. ਤੋਂ ਮੰਗ ਕੀਤੀ ਗਈ ਕਿ ਤੁਰਤ ਪਹਿਲਾਂ ਦੀ ਤਰ੍ਹਾਂ ਥਾਣਾ ਸਿਟੀ ਦੇ ਇੰਚਾਰਜ ਕੋਟਕਪੂਰਾ ਸਮੇਤ ਇੰਚਾਰਜ ਐੱਸ.ਐੱਚ.ਓ., ਇੱਕ ਇੰਸਪੈਕਟਰ, ਇੱਕ ਐਡੀਸ਼ਨਲ ਐੱਸ.ਐੱਚ.ਓ., ਇੱਕ ਲੇਡੀ ਸਬ ਇੰਸਪੈਕਟਰ ਦੀ ਤੁਰਤ ਨਿਯੁਕਤੀ ਕੀਤੀ ਜਾਵੇ। ਸ਼ਹਿਰ ਦੀ ਆਬਾਦੀ ਨੂੰ ਦੇਖਦੇ ਹੋਏ ਅਮਨ-ਕਾਨੂੰਨ ਨੂੰ ਕਾਬੂ ਕਰਨ ਲਈ ਪੁਲਿਸ ਫੋਰਸ ਵਧਾਈ ਜਾਵੇ। ਨਰੇਸ਼ ਸਹਿਗਲ ਨੇ ਅੱਗੇ ਦੱਸਿਆ ਕਿ ਐਸ.ਐਸ.ਪੀ. ਫਰੀਦਕੋਟ ਨੇ ਤੁਰਤ ਵਧੀਕ ਐਸ.ਐਚ.ਓ. ਦੀ ਨਿਯੁਕਤੀ ਕਰ ਦਿੱਤੀ ਅਤੇ ਉਨ੍ਹਾਂ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਦੂਜੇ ਪਾਸੇ ਨਰੇਸ਼ ਸਹਿਗਲ ਨੇ ਇਹ ਵੀ ਕਿਹਾ ਕਿ ਰਾਜਪਾਲ ਨੂੰ ਭੇਜੇ ਪੱਤਰ ’ਚ ਇਹ ਵੀ ਮੰਗ ਕੀਤੀ ਗਈ ਹੈ ਕਿ ਕੋਟਕਪੂਰਾ ਸ਼ਹਿਰ ਦੀਆਂ ਅਹਿਮ ਥਾਵਾਂ, ਬਾਜਾਰਾਂ ਅਤੇ ਜਨਤਕ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਅਤੇ ਨਾਲ ਹੀ ਉਨ੍ਹਾਂ ਵੱਲੋਂ ਸਭ ਤੋਂ ਅਹਿਮ ਮੰਗ ਰੱਖੀ ਗਈ ਹੈ ਕਿ ਕੋਟਕਪੂਰਾ ਸਿਟੀ ਪੁਲਿਸ ਸਟੇਸ਼ਨ ਦੇ ਨਾਲ ਪੁਲਿਸ ਥਾਣਾ ਸਿਟੀ-2 ਰੇਲਵੇ ਲਾਈਨ ਦੇ ਨੇੜੇ ਸੁਰਗਾਪੁਰੀ ਵਿਖੇ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਪਾਸੇ ਕਈ ਉਦਯੋਗਿਕ ਫੈਕਟਰੀਆਂ ਸਥਿੱਤ ਹਨ ਅਤੇ ਪੁਲਿਸ ਨਿਯਮਾਂ ਅਤੇ ਸ਼ਹਿਰ ਦੀ ਆਬਾਦੀ ਨੂੰ ਦੇਖਦੇ ਹੋਏ ਕੋਟਕਪੂਰਾ ਸ਼ਹਿਰ ’ਚ ਪੁਲਿਸ ਥਾਣਾ ਸਿਟੀ-1 ਦੇ ਨਾਲ ਨਾਲ ਥਾਣਾ ਸਿਟੀ-2 ਦੀ ਸਖਤ ਲੋੜ ਹੈ।
Leave a Comment
Your email address will not be published. Required fields are marked with *