ਨਜਾਇਜ ਕਬਜੇ ਹਟਾਉਣ ਲਈ 2 ਦਸੰਬਰ ਦਾ ਦਿਨ ਕੀਤਾ ਗਿਆ ਨਿਸ਼ਚਿਤ
ਕੋਟਕਪੂਰਾ, 1 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਮੁਹੱਲਾ ਜੀਵਨ ਨਗਰ ਵਿਖੇ ਲੱਕੜ ਕੰਡੇ ਦੇ ਨੇੜੇ ਛੱਪੜ ‘ਤੇ ਹੋਰ ਰਹੇ ਨਜਾਇਜ ਕਬਜਿਆਂ ਨੂੰ ਲੈ ਕੇ ਪ੍ਰਸ਼ਾਸ਼ਨ ਪੂਰੀ ਤਰਾਂ ਸਖਤ ਹੋ ਚੁੱਕਿਆ ਹੈ ਅਤੇ ਇਹ ਕਬਜੇ ਛੁਡਵਾਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕਰਨ ਦੀਆਂ ਤਿਆਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਆਦੇਸ਼ਾਂ ਅਨੁਸਾਰ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਕੋਟਕਪੂਰਾ ਵਲੋਂ ਲੋਕਾਂ ਦੁਆਰਾ ਕੀਤੇ ਗਏ ਇਹ ਨਜਾਇਜ ਕਬਜੇ ਹਟਾਉਣ ਲਈ 2 ਦਸੰਬਰ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ ਅਤੇ ਕਬਜੇ ਛੁਡਵਾਉਣ ਦੀ ਕਾਰਵਾਈ ਦੌਰਾਨ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਲਈ ਜਿਲਾ ਪੁਲਿਸ ਮੁਖੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ। ਇਸ ਪੂਰੀ ਕਾਰਵਾਈ ਲਈ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ ਨੂੰ ਬਤੌਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸ਼ਹਿਰ ਦੇ ਛੱਪੜਾਂ ’ਤੇ ਹੋ ਰਹੇ ਨਜਾਇਜ ਕਬਜਿਆਂ ਕਾਰਨ ਜਿੱਥੇ ਸਰਕਾਰ ਦੀਆਂ ਕੀਮਤੀ ਜਮੀਨਾਂ ‘ਤੇ ਲੋਕ ਕਾਬਜ ਹੋ ਰਹੇ ਹਨ ਉੱਥੇ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੀ ਵੀ ਵੱਡੀ ਸਮੱਸਿਆ ਬਣੀ ਹੋਈ ਸੀ। ਇਸ ਸਬੰਧ ’ਚ ਸ਼ਹਿਰ ਦੀਆਂ ਕਈ ਸੰਸਥਾਵਾਂ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਗਏ ਸਨ, ਜਿੰਨਾਂ ਰਾਹੀਂ ਇਹ ਕਬਜੇ ਛੁਡਾਉਣ ਦੀ ਮੰਗ ਕੀਤੀ ਗਈ ਸੀ। ਸਪੀਕਰ ਸੰਧਵਾਂ ਨੇ ਇਸਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਜਿਲੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨ ਲਈ ਆਖਿਆ। ਇਹ ਕਬਜੇ ਛੁਡਾਉਣ ਲਈ ਸਥਾਨਕ ਪ੍ਰਸ਼ਾਸ਼ਨ ਵੱਲੋਂ ਬਕਾਇਦਾ ਨੋਟਿਸ ਜਾਰੀ ਕੀਤੇ ਗਏ ਸਨ। ਪਤਾ ਲੱਗਿਆ ਹੈ ਕਿ ਜਿੰਨਾਂ ਲੋਕਾਂ ਵੱਲੋਂ ਇੰਨਾਂ ਨੋਟਿਸਾਂ ਦਾ ਜਵਾਬ ਨਹੀਂ ਦਿੱਤਾ ਗਿਆ, ਉਨਾਂ ਲੋਕਾਂ ਵੱਲੋਂ ਕੀਤੇ ਨਜਾਇਜ ਕਬਜਿਆਂ ਨੂੰ ਪਹਿਲ ਦੇ ਆਧਾਰ ’ਤੇ ਹਟਾਇਆ ਜਾਵੇਗਾ। ਇਸ ਸਬੰਧ ਵਿੱਚ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ. ਸਪੀਕਰ ਪੰਜਾਬ ਵਿਧਾਨ ਸਭਾ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਸਥਾਨਕ ਪ੍ਰਸ਼ਾਸ਼ਨ ਨਜਾਇਜ ਕਬਜਿਆਂ ਦੀ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਲੋਕਾਂ ਤੋਂ ਸਰਕਾਰੀ ਜਮੀਨਾਂ ਛੁਡਾਉਣ ਅਤੇ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇਹ ਕਾਰਵਾਈ ਬਹੁਤ ਹੀ ਜਰੂਰੀ ਹੈ। ਜਿਕਰਯੋਗ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਇਸ ਛੱਪੜ ’ਤੇ ਚੱਲ ਰਹੀ ਇੱਕ ਕਥਿੱਤ ਨਜਾਇਜ ਉਸਾਰੀ ਨੂੰ ਰੋਕਣ ਲਈ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਅਤੇ ਅਮਿਤ ਕੁਮਾਰ ਰੀਡਰ ਨੇ ਮੌਕੇ ‘ਤੇ ਪੁੱਜ ਕੇ ਚੱਲ ਰਹੀ ਉਸਾਰੀ ਨੂੰ ਰੁਕਵਾਇਆ ਅਤੇ ਇਸ ਸਬੰਧੀ ਬਕਾਇਦਾ ਉੱਥੇ ਇੱਕ ਨੋਟਿਸ ਲਗਾ ਕੇ ਕਮਰੇ ਨੂੰ ਤਾਲਾ ਵੀ ਲਵਾ ਦਿੱਤਾ।