ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਵਿੱਚੋਂ ਵੱਧ ਰਹੀਆਂ ਚੋਰੀ, ਲੁੱਟ ਖੋਹ ਅਤੇ ਗੁੰਡਾ ਅਨਸਰਾਂ ਦੀਆਂ ਸਰਗਰਮੀਆਂ ਨੂੰ ਠੱਲ ਪਾਉਣ ਲਈ ਪੁਲਿਸ ਵਲੋਂ ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਝੁੱਗੀਆਂ ਸਮੇਤ ਹੋਰ ਸ਼ੱਕੀ ਇਲਾਕਿਆਂ ’ਚ ਸਰਚ ਅਪ੍ਰੇਸ਼ਨ ਅੱਜ ਸਵੇਰੇ 7:00 ਵਜੇ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ। ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ, ਮਨੋਜ ਕੁਮਾਰ ਐਸਐਚਓ ਅਤੇ ਇੰਸ. ਸੰਜੀਵ ਕੁਮਾਰ ਦੀ ਅਗਵਾਈ ਵਾਲੀਆਂ ਪੁਲਿਸ ਦੀਆਂ ਵੱਖ ਵੱਖ ਟੀਮਾ ਨੇ ਵੱਡੀ ਗਿਣਤੀ ’ਚ ਸੈਂਕੜੇ ਝੁੱਗੀਆਂ ’ਚ ਤਲਾਸ਼ੀ ਲੈਣ ਉਪਰੰਤ ਸਰਚ ਅਪ੍ਰੇਸ਼ਨ ਦੌਰਾਨ ਕੁਝ ਵਸਤੂਆਂ ਨੂੰ ਕਬਜੇ ਵਿੱਚ ਵੀ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕੋਟਕਪੂਰਾ ਵਿਖੇ ਸਵੇਰ ਤੋਂ ਹੀ ਸ਼ੱਕੀ ਥਾਵਾਂ ’ਤੇ ਸਰਚ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀਆਂ ਵੱਲੋਂ ਇਕੱਠੇ ਹੋ ਕੇ ਇਸ ਮੁਹਿੰਮ ’ਚ ਬਠਿੰਡਾ ਰੋਡ ਸਮੇਤ ਅਨਾਜ ਮੰਡੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ’ਚ ਸਰਚ ਅਪ੍ਰੇਸ਼ਨ ਤਹਿਤ ਕੰਮ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗਲਤ ਅਨਸਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹਾ ਸਰਚ ਅਪ੍ਰੇਸ਼ਨ ਅਗਲੇ ਦਿਨਾਂ ਤੱਕ ਵੀ ਜਾਰੀ ਰਹੇਗਾ। ਦੱਸਣਾ ਬਣਦਾ ਹੈ ਕਿ ਇਸ ਸਮੇਂ ਕੀਤੇ ਗਏ ਸਰਚ ਮਾਰਚ ਦੀ ਸ਼ਹਿਰ ਵਾਸੀਆਂ ਵਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ, ਸਰਚ ਅਪ੍ਰੇਸ਼ਨ ਦੌਰਾਨ ਅਨੇਕਾਂ ਸ਼ਹਿਰ ਵਾਸੀ ਵੀ ਉਹਨਾਂ ਦਾ ਸਾਥ ਦੇ ਰਹੇ ਸਨ। ਉਕਤ ਸਰਚ ਅਪ੍ਰੇਸ਼ਨ ਕਰੀਬ ਤਿੰਨ ਘੰਟੇ ਲਗਾਤਾਰ ਜਾਰੀ ਰਿਹਾ, ਜਿਸ ਦੌਰਾਨ ਸਰਚ ਮੁਹਿੰਮ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਤਿੰਨ ਟੀਮਾਂ ਬਣਾ ਕੇ ਕੀਤਾ।