ਸਰਦ ਰੁੱਤ ਦੇ ਸ਼ੁਰੂਆਤੀ ਦਿਨਾਂ ਵਿਚ ਨਰਸਰੀ ਤੋਂ ਲਿਆਂਦੇ ਖੂਬਸੂਰਤ ਫੁੱਲਾਂ ਦੇ ਛੋਟੇ-ਛੋਟੇ ਪੌਦਿਆਂ ਨੂੰ ਲਗਾਉਣ ਲਈ ਮੈਂ ਮਿੱਟੀ ਵਿਚ ਖਾਦ ਮਿਲਾਉਣ ਦਾ ਕੰਮ ਕਰ ਰਹੀ ਸੀ। ਅਚਾਨਕ ਮੇਰੇ ਮੋਬਾਇਲ ਤੇ ਘੰਟੀ ਵੱਜੀ ਆਪਣੇ ਹੱਥ ਝਾੜ ਕੇ ਮੈਂ ਫੋਨ ਚੁੱਕ ਲਿਆ। ਇਹ ਫੋਨ ਮੇਰੀ ਭਾਣਜੀ ਦਾ ਸੀ ਜੋ ਅੱਜ ਕੱਲ ਮੈਡੀਕਲ ਕਾਲਜ ਵਿਚ ਆਪਣੀ ਐਮ.ਡੀ. ਦੀ ਪੜ੍ਹਾਈ ਵਿਚ ਰੁੱਝੀ ਹੋਈ ਹੈ। ਅਸੀਂ ਦੋਵਾਂ ਨੇ ਇਕ ਦੂਜੀ ਦਾ ਹਾਲ ਚਾਲ ਪੁੱਛਿਆ। ਰਸਮੀ ਗਲਬਾਤ ਤੋਂ ਬਾਅਦ ਮੈਂ ਗੱਲ ਨੂੰ ਹੋਰ ਅੱਗੇ ਤੋਰਦਿਆਂ ਹੋਇਆ ਕਿਹਾ, “ਹੋਰ ਸੁਣਾਂ ਨੀਤ, ਕਿਵੇਂ ਚਲ ਰਹੀ ਹੈ ਤੁਹਾਡੀ ਪੜ੍ਹਾਈ ਲਿਖਾਈ।”
ਮਾਸੀ ਜੀ, ਹੋਰ ਸਭ ਤਾਂ ਠੀਕ ਹੈ, ਪਰ ਮੈਂ ਆਪਣੇ ਕਾਲਜ ਵਿਚ ਬਹੁਤ ਇੱਕਲੀ ਮਹਿਸੂਸ ਕਰਦੀ ਹਾਂ।
ਉਹ ਕਿਵੇਂ ਨੀਤ?
ਮਾਸੀ ਜੀ, ਹੁਣ ਵੀ ਮੈਂ ਆਪਣੇ ਕਮਰੇ ਵਿਚ ਕੱਲੀ ਬੈਠੀ ਹਾਂ, ਬਾਕੀ ਸਭ ਤਾਂ ਪਾਰਟੀ ‘ਚ ਰੁੱਝੇ ਹੋਏ ਹਨ।
ਅੱਛਾ, ਤੁਸੀਂ ਪਾਰਟੀ ਤੇ ਕਿਉਂ ਨਹੀਂ ਗਏ? ਮੈਂ ਨੀਤ ਨੂੰ ਹੈਰਾਨੀ ਨਾਲ ਪੁੱਛਦੇ ਹੋਏ ਕਿਹਾ।
ਮਾਸੀ ਜੀ, ਇਹਨਾਂ ਦੀ ਪਾਰਟੀ ਦੇਰ ਰਾਤ ਚਲਦੀ ਹੈ ਅਤੇ ਹੁੰਦੀ ਵੀ ਰੋਜ਼ ਵਾਂਗ ਹੀ ਹੈ ਜਿਸ ਵਿਚ ਇਹ ਸਾਰੇ ਖੂਬ ਸ਼ਰਾਬ, ਸਿਗਰਟ ਦਾ ਇਸਤੇਮਾਲ ਕਰਦੇ ਹਨ। ਕਿਉਂਕਿ ਕਿਸੇ ਨਾ ਕਿਸੇ ਦਾ ਜਨਮ ਦਿਨ ਤਾਂ ਆਇਆ ਹੀ ਰਹਿੰਦਾ ਹੈ।
ਅੱਛਾ, ਯਾਰ ਤੁਸੀਂ ਕਦੇ ਇਹਨਾਂ ਨੂੰ ਸਵਾਲ ਨਹੀਂ ਕੀਤਾ ਕਿ ਇਹ ਸਾਰੇ ਬੱਚੇ ਹੁਣ ਐਮ.ਬੀ.ਬੀ.ਐਸ. ਡਾਕਟਰ ਹਨ। ਐਮ.ਡੀ. ਕਰ ਰਹੇ ਹਨ ਫਿਰ ਵੀ …….?
ਮਾਸੀ ਜੀ, ਮੈਂ ਕੱਲੇ-ਕੱਲੇ ਨੂੰ ਪੁੱਛਿਆ ਹੈ ਇਹ ਸਵਾਲ। ਇਹ ਕਹਿੰਦੇ ਹਨ ਕਿ ਨਸ਼ੇ ਦੇ ਸੇਵਨ ਤੋਂ ਬਾਅਦ ਅਸੀਂ ਆਪਣੇ-ਆਪ ਨੂੰ ਬਹੁਤ ਸ਼ਾਂਤ ਮਹਿਸੂਸ ਕਰਦੇ ਹਾਂ। ਅਪਰੇਸ਼ਨ ਦੌਰਾਨ ਵੀ ਦਿਮਾਗ ਵਿਚ ਕੋਈ ਹੋਰ ਵਿਚਾਰ ਨਹੀਂ ਆਉਂਦਾ। ਇਹਨਾਂ ਕਹਿ ਕੇ ਨੀਤ ਚੁੱਪ ਹੋ ਗਈ ਅਤੇ ਮੈਂ ਜਵਾਂ ਸੁੰਨ।
ਫਿਰ ਤਾਂ ਇਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ।
ਹਾਂ ਜੀ, ਮਾਸੀ ਜੀ, ਕਈ ਬੱਚਿਆਂ ਦੇ ਤਾਂ ਹੱਥ ਪੈਰ ਵੀ ਕੰਬਦੇ ਰਹਿੰਦੇ ਹਨ। ਸ਼ਾਇਦ ਉਹ ਨਸ਼ੇ ਦੇ ਪੂਰੇ ਆਦੀ ਹੋ ਚੁੱਕੇ ਹਨ। ਕੀ ਬਣੂਗਾ ਇਹਨਾਂ ਬੱਚਿਆਂ ਦਾ, ਮੈਂ ਲੰਮਾ ਹਾਊਂਕਾ ਲੈਂਦਿਆਂ, ਉਹਨਾਂ ਦੇ ਭਵਿੱਖ ਲਈ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ।
ਨੀਤ, ਤੁਹਾਡੇ ਟੀਚਰਾਂ ਨੂੰ ਅਤੇ ਇਹਨਾਂ ਦੇ ਮਾਤਾ-ਪਿਤਾ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੈ।
ਮਾਸੀ ਜੀ, ਟੀਚਰਾਂ ਨੂੰ ਤਾਂ ਸਭ ਪਤਾ ਹੈ। ਇਥੋਂ ਤੱਕ ਕਿ ਮੇਰੀ ਮੈਡਮ ਨੇ ਮੈਨੂੰ ਖੁਦ ਆ ਕੇ ਇੱਕ ਦਿਨ ਕਿਹਾ ਕਿ ਜੇਕਰ ਤੂੰ ਡਰਿੰਕ ਨਹੀ ਕਰੇਗੀ ਤਾਂ ਤੂੰ ਆਪਣੀ ਪੜ੍ਹਾਈ ਵਿਚ ਸਫਲਤਾ ਹਾਂਸਲ ਨਹੀਂ ਕਰ ਸਕੇਂਗੀ। ਬਾਕੀ ਰਹੀ ਗੱਲ ਇਹਨਾਂ ਦੇ ਮਾਤਾ-ਪਿਤਾ ਦੀ ਤਾਂ ਉਹ ਸੋਚਦੇ ਹਨ ਕਿ ਸਾਡੇ ਬੱਚੇ ਪੜ੍ਹਾਈ ਵਿਚ ਰੁੱਝੇ ਹੋਏ ਹਨ। ਦੋ-ਚਾਰਾਂ ਦੇ ਇਲਾਵਾ ਬਾਕੀ ਬੱਚਿਆਂ ਦੇ ਮਾਪਿਆਂ ਨੇ ਤਾਂ ਕਾਲਜ ਦਾ ਮੂੰਹ ਤੱਕ ਨਹੀਂ ਦੇਖਿਆ ਅਤੇ ਨਾ ਹੀ ਉਹਨਾਂ ਦੀ ਫੋਨ ਤੇ ਕੋਈ ਜ਼ਿਆਦਾ ਗੱਲਬਾਤ ਹੁੰਦੀ ਹੈ। ਜੇਕਰ ਥੋੜੀ ਬਹੁਤ ਗੱਲਬਾਤ ਹੁੰਦੀ ਵੀ ਹੈ ਤਾਂ ਦੋ-ਚਾਰ ਮਿੰਟ, ਬਸ ਇਸ ਤੋਂ ਵੱਧ ਕੁਝ ਨਹੀਂ।
ਇਹ ਸਭ ਕੁਝ ਮੈਂ ਐਮ.ਬੀ.ਬੀ.ਐਸ. ਤੋਂ ਦੇਖ ਰਹੀ ਹਾਂ। ਉਦੋਂ ਤੋਂ ਹੀ ਮੈਨੂੰ ਕਾਲਜ ਵਿਚ ਕੋਈ ਪਸੰਦ ਨਹੀਂ ਕਰਦਾ। ਇਹ ਸਟੂਡੈਂਟ ਮੈਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਹਨ। ਮੈਨੂੰ ਬਹੁਤ ਤਣਾਅ ਪੂਰਵਕ ਰਹਿਣਾ ਪੈ ਰਿਹਾ ਹੈ। ਇਸ ਕਰਕੇ ਮੈਂ ਬਹੁਤ ਕੱਲੀ ਮਹਿਸੂਸ ਕਰਦੀ ਹਾਂ। ਮਨ ਕਰਦਾ ਹੈ ਕਿ ਪੜ੍ਹਾਈ ਵਿੱਚੇ ਹੀ ਛੱਡ ਕੇ ਘਰ ਵਾਪਸ ਆ ਜਾਵਾਂ। ਨੀਤ ਨੇ ਇਕੋ ਸਾਹ ਵਿਚ ਆਪਣੀ ਮਨੋਦਸ਼ਾ ਨੂੰ ਸਾਫ਼ ਸਾਫ਼ ਸ਼ਬਦਾਂ ਵਿਚ ਬਿਆਨ ਕਰ ਦਿੱਤਾ।
ਚਲ ਕੋਈ ਨਾ ਨੀਤ, ਤੁਸੀਂ ਹੌਂਸਲਾ ਨਹੀਂ ਹਾਰਨਾ ਕੇਵਲ ਇੱਕ ਸਾਲ ਦੀ ਤਾਂ ਹੁਣ ਗੱਲ ਹੈ। ਬਸ ਡਟੇ ਰਹੋ। ਮੈਂ ਨੀਤ ਨੂੰ ਹੌਂਸਲਾ ਦਿੰਦੇ ਹੋਏ ਕਿਹਾ।
ਹਾਂ ਜੀ, ਮਾਸੀ ਜੀ, ਬਸ ਇਹ ਸੋਚਕੇ ਚੁੱਪ ਹਾਂ।
ਗੱਲਬਾਤ ਪੂਰੀ ਹੋਣ ਤੋਂ ਬਾਅਦ ਨੀਤ ਨੇ ਫੋਨ ਕੱਟਿਆ ਅਤੇ ਮੈਂ ਆਪਣਾ ਫੋਨ ਇਕ ਪਾਸੇ ਰੱਖ ਦਿੱਤਾ। ਉਹਨਾਂ ਬੱਚਿਆਂ ਨੂੰ ਲੈ ਕੇ ਮੈਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ। ਮੈਂ ਆਪਣੇ ਕੋਲ ਪਏ ਉਹ ਛੋਟੇ-ਛੋਟੇ ਪੌਦਿਆਂ ਨੂੰ ਰੀਝ ਨਾਲ ਤੱਕਿਆ ਜਿਨਾਂ ਉੱਪਰ ਕੋਈ ਟਾਵਾਂ-ਟਾਵਾਂ ਫੁੱਲ ਖਿੜਿਆ ਹੋਇਆ ਸੀ। ਮੈਨੂੰ ਉਹ ਫੁੱਲ ਬਿਲਕੁਲ ਉਹਨਾਂ ਬੱਚਿਆਂ ਵਰਗੇ ਜਾਪੇ। ਮੈਂ ਦੇਖ ਰਹੀ ਸੀ ਕਿ ਜੇਕਰ ਇਹਨਾਂ ਕੋਮਲ ਕਲੀਆਂ ਦੀਆਂ ਜੜ੍ਹਾਂ ਨੂੰ ਪਰੋਪਰ ਮਿੱਟੀ, ਖਾਦ, ਧੁੱਪ-ਛਾਂ ਨਾ ਮਿਲ ਤਾਂ ਇਹਨਾਂ ਮਾਲੂਕ ਜਿਹੇ ਫੁੱਲਾਂ ਤੇ ਨਾ ਖੇੜਾ ਤੇ ਨਾ ਹੀ ਕਦੇ ਬਹਾਰ ਆਵੇਗੀ। ਇਹ ਸਭ ਸੋਚਦਿਆਂ ਮੇਰੀ ਨਜ਼ਰ ਉਸ ਅਤੀਤ ਦੇ ਪੰਨਿਆਂ ਤੇ ਜਾ ਪਈ। ਗੱਲ ਉਸ ਸਮੇਂ ਦੀ ਹੈ, ਜਦ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚ ਨੌਵੀਂ ਦਸਵੀਂ ਦੀ ਵਿਦਿਆਰਥਣ ਸੀ। ਸਾਡੇ ਸਕੂਲ ਵਿਚ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੰਗੇ ਫੁੱਲਾਂ ਦੇ ਪੈਦਾਵਾਰ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਬੀਜ ਲਿਆ ਕੇ ਬੀਜੇ ਜਾਂਦੇ ਸਨ। ਜਦ ਸਰਦ ਰੁੱਤ ਸਿਖਰਾਂ ਤੇ ਹੁੰਦੀ ਤਾਂ ਸਕੂਲ ਵਿਚ ਫੁੱਲਾਂ ਦੀ ਬਹਾਰ ਨੇ ਵੀ ਅੱਤ ਕਰਵਾਈ ਹੁੰਦੀ।
ਸਰਦੀ ਦੇ ਦਿਨਾਂ ਵਿਚ ਸਾਰੀਆਂ ਜਮਾਤਾਂ ਕਮਰਿਆਂ ਤੋਂ ਬਾਹਰ ਧੁੱਪ ਵਿਚ ਲਗਾਈਆਂ ਜਾਂਦੀਆਂ ਸਨ। ਹਰ ਜਮਾਤ ਦੀ ਆਪਣੀ ਇਕ ਜਗ੍ਹਾਂ ਨਿਸ਼ਚਿਤ ਹੁੰਦੀ ਸੀ। ਉਸ ਜਮਾਤ ਦੇ ਆਸੇ-ਪਾਸੇ ਬਣੀ ਕਿਆਰੀ ਵਿਚ ਫੁੱਲਾਂ ਦਾ ਖੇੜਾ ਹੁੰਦਾ ਸੀ। ਜੋ ਬੜਾ ਮਨਮੋਹਕ ਨਜ਼ਾਰਾ ਪੇਸ਼ ਕਰਦਾ ਸੀ। ਉਹ ਫੁਲਵਾੜੀ ਆਪਣੀ ਗੋਦ ਅੰਦਰ ਬੈਠੇ ਬੱਚਿਆਂ ਵੱਲ ਇਸ਼ਾਰਾ ਕਰਕੇ ਇਕ ਬਹੁਤ ਪਿਆਰਾ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਸੀ ਕਿ ਮੇਰੀ ਗੋਦ ਅੰਦਰ ਬੈਠੇ, ਮੇਰੇ ਤੋਂ ਵੀ ਵੱਧ ਇਹਨਾਂ ਕੋਮਲ ਫੁੱਲਾਂ ਦਾ ਹਰ ਪੱਖੋਂ ਇਹਨਾਂ ਕਿ ਖਾਸ ਖਿਆਲ ਰੱਖਿਆ ਜਾਵੇ ਕਿ ਜਦ ਇਹਨਾਂ ਫੁੱਲਾਂ ਤੇ ਬਹਾਰ ਆਵੇ ਤਾਂ ਉਹ ਬਹਾਰ ਸਾਡੇ ਦੇਸ਼ ਦੀ ਨੁਹਾਰ ਬਦਲਣ ਦੀ ਸਮਰੱਥਾ ਜਰੂਰ ਰੱਖਦੀ ਹੋਵੇ।
ਸੱਚਮੁੱਚ ਉਹਨਾਂ ਦਿਨਾਂ ਵਿਚ ਅਧਿਆਪਕ ਅਤੇ ਬੱਚਿਆਂ ਵਿਚ ਆਪਸੀ ਪ੍ਰੇਮ ਵੀ ਬਹੁਤ ਗੂੜਾ ਹੁੰਦਾ ਸੀ। ਅਸੀਂ ਸਾਰੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੇ ਸੀ। ਸਾਡੀ ਆਪਸੀ ਭਾਵਨਾ ਇਕ ਗੁਰੂ-ਚੇਲੇ ਵਾਲੀ ਹੁੰਦੀ ਸੀ। ਅਧਿਆਪਕ ਵੀ ਸਾਨੂੰ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਜੀਵਨ ਦੇ ਹਰ ਪੜਾਅ ਦੇ ਗਿਆਨ ਤੋਂ ਜਾਣੂ ਵੀ ਕਰਵਾਉਂਦੇ ਰਹਿੰਦੇ ਸਨ। ਗੁਣਵਾਨ, ਚੰਗੇ ਰਹਿਣ-ਸਹਿਣ ਦਾ ਸਲੀਕਾ, ਅੰਦਰੂਨੀ ਪੱਖੋ ਮਜ਼ਬੂਤ ਅਤੇ ਦ੍ਰਿੜ ਇਰਾਏ ਪਾਠ ਅਕਸਰ ਰੋਜ਼ ਵਾਂਗ ਪੜ੍ਹਾਏ ਜਾਂਦੇ ਸਨ। ਤਾਂ ਜੋ ਬੱਚੇ ਆਉਣ ਵਾਲੇ ਜੀਵਨ ਵਿਚ ਸਾਵਧਾਨ ਹੋ ਕੇ ਚੱਲਣਾ ਸਿਖ ਜਾਣ। ਬੱਚਿਆਂ ਨੂੰ ਜੀਵਨ ਭਰ ਦੀ ਸੇਧ ਦੇ ਕੇ ਸਕੂਲ ਵਿਚੋਂ ਵਿਦਾ ਕੀਤਾ ਜਾਂਦਾ ਸੀ। ਸਕੂਲ ਤੋਂ ਇਲਾਵਾ ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਚੰਗੀ ਸੇਧ ਦਿੱਤੀ ਜਾਂਦੀ ਸੀ। ਬੇਸ਼ਕ ਉਹਨਾਂ ਵੇਲਿਆਂ ਵਿਚ ਮਾਪੇ ਬਹੁਤੇ ਪੜ੍ਹੇ-ਲਿਖੇ ਤਾਂ ਨਹੀਂ ਹੁੰਦੇ ਸਨ ਪਰੰਤੂ ਫਿਰ ਵੀ ਉਹਨਾਂ ਦੀ ਵਧਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਪੰਦਰਾਹਾਂ-ਸੋਲਹਾਂ ਸਾਲ ਤੱਕ ਬੱਚਿਆਂ ਨੂੰ ਚੰਗੇ ਤਜ਼ਰਬੇਕਾਰ ਅਤੇ ਉੱਚ ਵਿਚਾਰ ਪ੍ਰਦਾਨ ਕਰ ਦਿੰਦੇ ਸਨ। ਆਪਣੇ ਬੱਚਿਆਂ ਦੇ ਇਰਧ ਗਿਰਧ ਰਹਿਣ ਨਾਲ ਹੀ ਉਹਨਾਂ ਦੇ ਚੰਗੇ ਦੋਸਤ ਵੀ ਆਪ ਹੀ ਬਣ ਜਾਂਦੇ ਸਨ। ਜੀਵਨ ਵਿਚ ਆਪਸੀ ਵਿਚਾਰਾਂ ਦੇ ਆਦਨ-ਪ੍ਰਦਾਨ ਦੇ ਨਾਲ ਬੱਚਿਆਂ ਦੇ ਸੰਸਕਾਰਾਂ ਵਿਚ ਇੱਕ ਚੰਗਾ ਮੁੱਢ ਬੰਨਿਆ ਜਾਂਦਾ ਸੀ। ਫਿਰ ਉਹ ਆਪਣੀ ਉਚੇਰੀ ਵਿੱਦਿਆ ਹਾਸਲ ਕਰਨ ਲਈ ਜਿੱਥੇ ਵੀ ਜਾਂਦੇ, ਆਪਣੇ ਸੰਸਕਾਰਾਂ, ਆਪਣੀ ਭਾਰਤੀ ਸੱਭਿਅਤਾ ਨੂੰ ਨਹੀਂ ਗਵਾਉਂਦੇ ਸਨ। ਆਪਣੀ ਉਚੇਰੀ ਵਿੱਦਿਆ ਹਾਂਸਲ ਕਰਨ ਗਏ ਹੋਏ ਵਿਦਿਆਰਥੀ ਆਪਣੇ ਕਾਲਜਾਂ, ਯੂਨੀਵਰਸਿਟੀ ਵਿਚ ਇਕ ਚਮਕਦਾ ਹੋਇਆ ਸਿਤਾਰਾ ਬਣ ਕੇ ਬਾਹਰ ਆਉਂਦੇ। ਉਹ ਜਿਸ ਖੇਤਰ ਵਿਚ ਸੇਵਾ ਲਈ ਚੁਣੇ ਜਾਂਦੇ, ਫਿਰ ਆਪਣਾ ਪਿੰਡ ਤਾਂ ਕੀ ਸਗੋਂ ਇਲਾਕੇ ਦਾ ਨਾਮ ਵੀ ਰੋਸ਼ਨ ਕਰਦੇ। ਖੈਰ ਸਮੇਂ ‘ਚ ਬਦਲਾਵ ਆਇਆ। ਅੱਜ ਕੱਲ ਵੱਡੇ-ਵੱਡੇ ਵਿੱਦਿਅਕ ਅਦਾਰੇ ਮਹਿੰਗੀ ਵਿੱਦਿਆ ਲੈ ਕੇ ਹੌਂਦ ਵਿਚ ਆਏ। ਜਿਨਾਂ ਤੋਂ ਮਾਪੇ ਬੇਹੱਦ ਪ੍ਰਭਾਵਿਤ ਹੋਏ ਅਤੇ ਮੋਟੀਆਂ ਫੀਸਾਂ ਸਮੇਤ ਆਪਣੇ ਬੱਚਿਆਂ ਨੂੰ ਵਿੱਦਿਅਕ ਅਦਾਰਿਆਂ ਨੂੰ ਸੌਂਪ, ਆਪਣੀ ਜਿੰਮੇਵਾਰੀ ਤੋਂ ਕਿਤੇ ਨਾ ਕਿਤੇ ਅਵੇਸਲੇ ਹੋ ਗਏ।
ਸਾਡੇ ਵਿੱਦਿਅਕ ਅਦਾਰਿਆਂ ਨੇ ਬੱਚਿਆਂ ਦੀ ਬਾਹਰੀ ਦਿਖ ਨੂੰ ਤਾਂ ਜਰੂਰ ਸ਼ਿਗਾਰਿਆਂ ਪਰੰਤੂ ਉਹਨਾਂ ਦੇ ਭਾਰੇ ਬਸਤਿਆ ਦੇ ਬੋਝ ਥੱਲੇ ਕੋਮਲ ਕਲੀਆਂ ਜਰੂਰ ਮਿੱਧੀਆਂ ਗਈਆਂ। ਮੁੱਕਦੀ ਗੱਲ ਬੱਚੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਏ। ਚਿੜਚਿੜੇ ਸੁਭਾਅ ਵਾਲੇ ਬਣ ਗਏ। ਜਿਸ ਸਿੱਖਿਆ ਦੇ ਮਾਧਿਅਮ ਰਾਹੀਂ ਸਾਡੇ ਦੇਸ਼ ਦੇ ਭਵਿੱਖ ਦੀ ਨੀਂਹ ਉਸਰ ਕੇ ਮਜਬੂਤ ਹੋਣੀ ਸੀ, ਉਹ ਨੀਂਹ ਅੰਦਰੋਂ ਖੋਖਲੀ ਰਹਿ ਗਈ। ਸਾਡਾ ਸਿੱਖਿਅਕ ਅਦਾਰਾ ਕੇਵਲ ਇਕ ਕਾਰੋਬਾਰ ਬਣ ਕੇ ਰਹਿ ਗਿਆ। ਇਕ ਬਿਜਨੈਸ ਬਣ ਗਿਆ ਜਿਸ ਵਿਚ ਸਾਡੀਆਂ ਨਾਜ਼ੁਕ ਕੋਮਲ-ਕਲੀਆਂ ਦੀ ਫੁਲਵਾੜੀ ਖੇੜੇ ਵਿਚ ਆਉਣ ਤੋਂ ਪਹਿਲਾਂ ਝੁਲਸਦੀ ਜਾ ਰਹੀ ਹੈ। ਇਹਨਾਂ ਡੂੰਘੀਆਂ ਸੋਚਾਂ ਵਿਚ ਡੁੱਬੀ ਹੋਏ ਨੇ ਮੈਂ ਉਹਨਾਂ ਨਾਜ਼ੁਕ ਜਹੇ ਪੌਦਿਆਂ ਨੂੰ ਪਿਆਰ ਸਹਿਤ ਗਮਲਿਆਂ ਵਿਚ ਰੱਖ ਕੇ ਲੋੜੀਂਦੀ ਮਿੱਟੀ ਨਾਲ ਉਹਨਾਂ ਦੀ ਜੜ੍ਹਾਂ ਨੂੰ ਢਕ ਕੇ ਲੋੜ ਅਨੁਸਾਰ ਪਾਣੀ ਦੇ ਦਿੱਤਾ।
ਕਰਮਜੀਤ ਕੌਰ ਮੁਕਤਸਰ
ਮੋ:89685-94379
Leave a Comment
Your email address will not be published. Required fields are marked with *