ਮਿੱਟੀ ਨਾਲ਼ ਮਿੱਟੀ ਹੁੰਦੇ ਲੋਕ
ਭਾਰਤ ਵਿੱਚ ਮਈ ਦਾ ਦਿਹਾੜਾ 1 ਮਈ 1923 ਈ.ਨੂੰ ਚੇਨੱਈ ਵਿਖੇ ਮਨਾਇਆ ਗਿਆ। ਜਿਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕੀਤਾ। ਇਸ ਦਿਨ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਾਰਾਵੇਲੂ ਚੇਟਿਆਰ ਦੁਆਰਾ ਕੀਤੀ ਗਈ। ਭਾਰਤ ਵਿੱਚ ਮਦਰਾਸ ਹਾਈ ਕੋਰਟ ਦੇ ਸਾਹਮਣੇ ਇੱਕ ਵਿਸ਼ਾਲ ਮੁਜ਼ਾਹਰਾ ਕਰਕੇ ਇੱਕ ਮਤਾ ਪਾਸ ਕੀਤਾ ਗਿਆ ਇਸ ਨੂੰ ਕਾਮੇ ਦਿਵਸ ਵਜੋਂ ਮਨਾਇਆ ਜਾਵੇਗਾ। ਅਤੇ ਮਜ਼ਦੂਰ ਵਰਗ ਹੱਕਾਂ ਅਤੇ ਉਸ ਹਾਲਾਤਾਂ ਨੂੰ ਸਾਜ਼ਗਾਰ ਬਣਾਉਣ ਲਈ ਯਤਨਸ਼ੀਲ ਰਹੇਗਾ। ਪਰ ਹਲਾਤ ਅੱਜ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ।
ਮਿੱਟੀ ਨਾਲ਼ ਮਿੱਟੀ ਜਿੱਥੇ ਹੋਈ ਜਾਂਦੇ ਲੋਕ ਨੇ,
ਨੋਚ -ਨੋਚ ਖਾਂਦੇ ਜਿੱਥੇ ਗਿਰਜਾਂ ਤੇ ਜੋਕ ਨੇ ,
ਉੱਤੋਂ ਵੱਟਦੇ ਨੇ ਬਿਨਾਂ ਗੱਲੋਂ ਘੂਰੀਆਂ,
ਹਏ! ਮਜ਼ਦੂਰਾਂ ਦੀਆਂ ਮਜ਼ਬੂਰੀਆਂ
ਸੱਚ ਮੁੱਚ ਹੀ ਇਹ ਸਥਿਤੀ ਅੱਜ ਜਿਉਂ ਦੀ ਤਿਉਂ ਹੀ ਖੜ੍ਹੀ ਹੈ, ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ ਗਰੀਬ ਦਿਨੋਂ -ਦਿਨ ਹੋਰ ਗਰੀਬ ਹੁੰਦੇ ਜਾ ਰਹੇ ਹਨ ।ਨਾ ਉਨ੍ਹਾਂ ਦੀ ਅਜ਼ਾਦੀ ਤੋਂ ਪਹਿਲਾਂ ਕਿਸੇ ਨੇ ਸਾਰ ਲਈ ਨਾ ਅਜ਼ਾਦੀ ਤੋਂ ਬਾਅਦ ਕਿਸੇ ਨੇ ਇਨ੍ਹਾਂ ਦੀ ਦਸ਼ਾ ਬਾਰੇ ਸੋਚਿਆ। ਹਾਲਾਤ ਇਹ ਨੇ ਕਿ ਅੱਧੀ ਤੋਂ ਜ਼ਿਆਦਾ ਆਬਾਦੀ ਲੋੜੀਂਦੀਆਂ ਸਹੂਲਤਾਂ ਤੋਂ ਵਾਂਝੀ। ਜਿਸ ਕੋਲ ਰਹਿਣ ਨੂੰ ਨਾ ਛੱਤ ਤੇ ਨਾ ਤਨ ਢੱਕਣ ਨੂੰ ਕੱਪੜਾ।
ਸਾਰੇ ਹੀ ਕਾਰੋਬਾਰੀਆਂ, ਕਰਮਚਾਰੀਆਂ, ਨੇਤਾਵਾਂ ਦੇ ਕੰਮ ਧੰਦੇ ਦੇ ਘੰਟੇ ਨਿਸ਼ਚਿਤ ਕੀਤੇ ਗਏ ਹਨ। ਪਰ ਇੱਕ ਮਜ਼ਦੂਰ ਹੈ। ਜਿਸ ਦਾ ਨਾ ਸਮਾਂ ਅਤੇ ਨਾ ਹੀ ਉਜਰਤ ਨਿਸ਼ਚਿਤ ਹੈ।ਹਰ ਕੋਈ ਇਸ ਦਾ ਖੂਨ ਪੀਣ ਨੂੰ ਫਿਰਦਾ ਹੈ। ਪਤਾ ਨਹੀਂ ਕਿਹੜੀ ਮਿਠਾਸ ਹੈ ਇਸ ਦੇ ਖੂਨ ਵਿੱਚ ਜੋ ਹਰ ਕੋਈ ਇਸ ਦੇ ਘੁੱਟ ਭਰਦਾ ਹੈ।ਰਹਿੰਦੀ ਖੂੰਹਦੀ ਕਸਰ ਮਹਿੰਗਾਈ ਨੇ ਕੱਢ ਦਿੱਤੀ
ਜਿਸ ਦਿਨ ਨੂੰ ਵੱਖ ਵੱਖ ਦੇਸ਼ਾਂ ਦੇ ਮਜ਼ਦੂਰਾਂ ਕਿਰਤੀ ਕਾਮਿਆਂ ਨੇ ਆਪਣੇ ਕੰਮ ਅਤੇ ਉਜ਼ਰਤਾਂ ਦੇ ਮੁੱਲ ਸਥਾਪਿਤ ਕਰਨ ਲਈ ਅਤੇ ਕੰਮ ਦੇ ਘੰਟੇ ਨਿਸ਼ਚਿਤ ਕਰਨ ਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਕੁਰਬਾਨੀਆਂ ਦਿੱਤੀਆਂ। ਉਹ ਮਸਲੇ ਅੱਜ ਵੀ ਮਜ਼ਦੂਰ ਦੀ ਤ੍ਰਸਾਦੀ ਦਾ ਮਜ਼ਾਕ ਉਡਾ ਰਹੇ ਹਨ। ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ। ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ਫਸੀਆਂ ਸਰਕਾਰਾਂ ਮਜ਼ਦੂਰ ਵਰਗ ਦੀਆਂ ਮੁਸਕਲਾਂ ਨੂੰ ਦਰ ਕਿਨਾਰ ਕਰਕੇ ਆਪਣੇ ਮੁਫ਼ਾਦਾਂ ਦੇ ਲਈ ਸਭ ਕਾਨੂੰਨ ਛਿੱਕੇ ਟੰਗ ਕੇ ਮਜ਼ਦੂਰ ਵਰਗ ਲਤਾੜਣ ਤੇ ਨਪੀੜਨ ਦਾ ਕੰਮ ਕਰ ਰਹੀ ਹੈ। ਅਜਿਹੇ ਵਿੱਚ ਇੱਕ ਮਹਾਨ ਫਿਲਾਸਫ਼ਰ ਦਾ ਕਥਨ ਯਾਦ ਆਉਂਦਾ ਹੈ ਕਿ,”ਐ ਦੁਨੀਆ ਭਰ ਦੇ ਸਾਰੇ ਮਜ਼ਦੂਰੋ ਇੱਕ ਹੋ ਜਾਓ।” ਸੱਚ ਮੁੱਚ ਕਿਰਤੀ ਕਾਮਿਆਂ ਨੂੰ ਆਪਣੇ ਹੱਕਾਂ ਦੇ ਇੱਕ -ਜੁੱਟ ਅਤੇ ਆਪਣੇ ਨਿੱਜੀ ਮੱਤ ਭੇਦ ਮਿਟਾ ਕੇ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ ਲੋੜ ਹੈ।ਲੋਕ ਲਹਿਰ ਉਸਾਰਨ ਦੀ ਲੋੜ ਹੈ।
ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ 1 ਆਫ਼ਿਸਰ ਕਾਲੋਨੀ
ਸੰਗਰੂਰ 9872299613
Leave a Comment
Your email address will not be published. Required fields are marked with *