ਫਰੀਦਕੋਟ 23 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਕੌਮੀ ਕਿਸਾਨ ਯੂਨੀਅਨ ਦੇ ਦਫਤਰ ਫਰੀਦਕੋਟ ਵਿਖੇ ਪੰਜਾਬੀ ਸੰਗੀਤ ਜਗਤ ਵਿੱਚ ਸੁਰੀਲੀ, ਬੁਲੰਦ ਆਵਾਜ਼ ਦੇ ਮਾਲਕ ਅਤੇ ਖੂਬਸੂਰਤ ਲੇਖਣੀ ਨਾਲ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਤੇ ਕੌਮੀ ਕਿਸਾਨ ਯੂਨੀਅਨ ਦੇ ਸਭਿਆਚਾਰਕ ਵਿੰਗ ਦੇ ਸਕੱਤਰ ਬਲਧੀਰ ਮਾਹਲਾ ਦੇ ਨਵੇਂ ਕ੍ਰਾਂਤੀਕਾਰੀ ਦੋਗਾਣੇ ‘ਕੁੱਲੀ ਚੋਂ ਕ੍ਰਾਂਤੀ’ ਦਾ ਪੋਸਟਰ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਿਲਾ ਨੌ, ਪ੍ਰਸਿੱਧ ਗੀਤਕਾਰ ਜੀਤ ਗੋਲੇਵਾਲੀਆ ਅਤੇ ਸਮੂਹ ਬਲਾਕ ਪ੍ਰਧਾਨਾਂ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਲੇਖਕ ਤੇ ਗਾਇਕ ਬਲਧੀਰ ਮਾਹਲਾ ਹਨ ਅਤੇ ਉਹਨਾਂ ਦਾ ਇਸ ਦੋਗਾਣੇ ਵਿੱਚ ਸਾਥ ਦਿੱਤਾ ਹੈ ਸਹਿ ਗਾਇਕਾ ਮਨਦੀਪ ਲੱਕੀ ਨੇ, ਜਿਸ ਨੂੰ ਸੰਗੀਤਕਾਰ ਸੰਨੀ ਸੈਵਨ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਡਾਇਰੈਕਟਰ ਗੁਰਬਾਜ ਗਿੱਲ ਦੁਆਰਾ ਵੱਖ ਵੱਖ ਲੋਕੇਸ਼ਨਜ਼ ਤੇ ਫਿਲਮਾਂਕਣ ਕੀਤੇ ਇਸ ਦੋਗਾਣੇ ਦਾ ਸੰਪਾਦਨ ਰਾਜ ਮਾਨ ਨੇ ਕੀਤਾ ਹੈ। ਇਸ ਗੀਤ ਦੇ ਡਿਜ਼ੀਟਲ ਪਾਰਟਨਰ ਡਿਪਸ ਡਿਜ਼ੀਟਲ ਮੀਡੀਆ ਹਨ ਅਤੇ ਇਹ ਦੋਗਾਣਾ ਯੂਟਿਊਬ ਤੇ ਬਲਧੀਰ ਮਾਹਲਾ ਓਫੀਸੀਅਲ ਚੈਨਲ ਤੇ 25 ਫਰਵਰੀ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ, ਜਿੱਥੇ ਉਹਨਾਂ ਦੇ ਚਾਹੁਣ ਵਾਲੇ ਇਸ ਕ੍ਰਾਂਤੀਕਾਰੀ ਦੋਗਾਣੇ ਦਾ ਆਨੰਦ ਮਾਣ ਸਕਣਗੇ।