ਸਾਡੀ ਖ਼ਾਤਰ ਨੰਦਾਂ ਦੀ ਪੁਰੀ ਛੱਡ
ਸਰਸਾ ਦੇ ਕੰਢੇ ਵਿੱਛੜ ਗਏ ਸੀ
ਮੁੜ ਕਦੇ ਮਿਲਾਪ ਨਾ ਹੋਇਆ,
ਬਾਜ਼ਾਂ ਵਾਲੇ ਦੀ ਇਸ ਕੁਰਬਾਨੀ ਨੂੰ
ਮੈਂ ਨਿੱਤ ਸਿਜਦਾ ਕਰ ਸੀਸ ਝੁਕਾਵਾਂ
ਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,
ਕ੍ਰਿਸਮਸ ਕਿਉਂ ਮਨਾਵਾਂ ?
ਸਾਨੂੰ ਗੁਰਾਂ ਨੇ ਸਿੰਘ ਸਾਜਿਆ
ਦੁਨੀਆ ਦੀ ਇਸ ਭੀੜ ਵਿੱਚ
ਵੱਖ ਪਛਾਣ ਦੇ ਨਾਲ ਨਿਵਾਜਿਆ
ਛੱਡ ਆਪਣੀ ਪਹਿਚਾਣ ਨੂੰ
ਮੈਂ ਕਿਉਂ ਭੀੜ ਵੱਲ ਜਾਵਾਂ
ਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,
ਕ੍ਰਿਸਮਸ ਕਿਉਂ ਮਨਾਵਾਂ ?
ਮੇਰੇ ਦਸਮ ਪਿਤਾ ਦਾ ਘਰ ਉੱਚਾ ਸੁੱਚਾ
ਮੈਨੂੰ ਮਿਲਦੇ ਨੇ ਸੁੱਖ ਸਾਰੇ
ਸੁੱਖ ਵੇਲੇ ਸ਼ੁਕਰਾਨਾ ਕਰੀਏ ਦੁੱਖ ਵੇਲੇ ਅਰਦਾਸ
ਮੈਂ ਇੰਨਾਂ ਸੁੱਖਾਂ ਨੂੰ ਛੱਡ ਕੇ
ਕਿਉਂ ਦੁਨੀਆ ਦੇ ਦੁੱਖ ਗਲ ਲਾਵਾਂ
ਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,
ਕ੍ਰਿਸਮਸ ਕਿਉਂ ਮਨਾਵਾਂ ?
ਜਦ ਘਰ ਦਾ ਕੋਈ ਜੀਅ ਦੁਨੀਆ ਛੱਡ ਜਾਵੇ
ਉਸ ਦਿਨ ਨੂੰ ਆਪਣੇ ਘਰੇ ਨਾ ਕੋਈ ਸਾਹਾ ਸਿਧਾਵੇ
ਮੈਂ ਗੁਰਾਂ ਦੇ ਚਾਰੇ ਲਾਲ, ਮਾਤਾ ਗੁਜਰੀ ਜੀ
ਸਿੰਘ ਸਿੰਘਣੀਆਂ ਜੋ ਸਨ ਗੁਰੂ ਨੂੰ ਪਿਆਰੇ
ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਕਿਵੇਂ ਭੁਲਾਵਾਂ
ਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,
ਕ੍ਰਿਸਮਸ ਕਿਉਂ ਮਨਾਵਾਂ ?
ਕੌਮ ਮੇਰੀ ਕਰ ਸਕੀ ਨਾ ਗੁਰਾਂ ਦਾ ਸ਼ੁਕਰਾਨਾ
ਜਾਤ ਪਾਤ ਲਈ ਲੜ ਲੜ ਕੇ
ਮੜ੍ਹੀ ਮਸਾਣਾਂ ਤੇ ਚੜ੍ਹ ਚੜ੍ਹ ਕੇ
ਕਰ ਦਿੱਤਾ ਪਿਤਾ ਗੁਰੂ ਬੇਗਾਨਾ
ਆਪਣੇ ਨਾਂ ਨਾਲ ਜਾਤ ਗੋਤ ਮੈਂ ਕਦੇ ਨਾ ਲਾਵਾਂ
ਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,
ਕ੍ਰਿਸਮਸ ਕਿਉਂ ਮਨਾਵਾਂ ?
ਸਰਬਜੀਤ ਸਿੰਘ ਜਰਮਨੀ