ਸਰੀ, 26 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਕ੍ਰਿਸਮਿਸ ਦੇ ਦਿਨਾਂ ’ਚ ਹਿੰਦੂ-ਸਿੱਖਾਂ ਨੂੰ ਸੋਗ ਮਨਾਉਣਾ ਚਾਹੀਦਾ ਹੈ ਕਿਉਂਕਿ ਕ੍ਰਿਸਮਿਸ ਦਾ ਤਿਉਹਾਰ ਸਾਡਾ ਭਾਰਤ ਵਾਸੀਆਂ ਦਾ ਨਹੀਂ। ਕ੍ਰਿਸਮਿਸ ਦੇ ਦਿਨਾਂ ਵਿੱਚ, ਧਰਮ ਦੀ ਰੱਖਿਆ ਕਰਦੇ ਹੋਏ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦੇ ਆਪਣੀਆਂ ਜਾਨਾਂ ਵਾਰ ਗਏ ਸਨ ਅਤੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਸਨ। ਉਹਨਾਂ ਦੀ ਮਹਾਨ ਕੁਰਬਾਨੀ ਦਾ ਸਾਨੂੰ ਸੋਗ ਮਨਾਉਣਾ ਚਾਹੀਦਾ ਹੈ। ਇਸ ਕੁਰਬਾਨੀ ਨੂੰ ਯਾਦ ਕਰਦੇ ਹੋਏ, ਸਾਨੂੰ ਆਪਣੇ ਬੱਚਿਆਂ ਵਿੱਚ ਅਤੇ ਆਪਣੇ ਪਰਿਵਾਰਾਂ ਵਿਚ ਵੀ ਅਜਿਹੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਕਰ ਸਕੀਏ। ਜੇ ਲੋੜ ਪਵੇ ਤਾਂ ਧਰਮ ਦੀ ਰਾਖੀ ਲਈ ਅਸੀਂ ਆਪਣੀ ਜਾਨ ਵੀ ਵਾਰ ਕਰ ਸਕੀਏ। ਗੁਲਾਮੀ ਕਾਰਨ ਵਿਦੇਸ਼ੀ ਅਮੀਰਾਂ ਦੀ ਸਭਿਅਤਾ ਦੀ ਨਕਲ ਕਰਕੇ ਅਸੀਂ ਭਾਰਤਵਾਸੀ ਵੀ ਅਚੇਤ ਹੀ ਕ੍ਰਿਸਮਸ ਦਾ ਤਿਉਹਾਰ ਮਨਾਉਣ ਲੱਗ ਪਏ ਹਾਂ।
ਠਾਕੁਰ ਦਲੀਪ ਸਿੰਘ ਨੇ ਆਪਣੀ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਅਸੀਂ ਭਾਰਤੀ ਵਿਸ਼ੇਸ਼ ਰੂਪ ਵਿੱਚ ਸਿੱਖ ਭੁੱਲ ਗਏ ਹਾਂ ਕਿ ਕ੍ਰਿਸਮਿਸ ਉਹਨਾਂ ਈਸਾਈ ਅੰਗਰੇਜ਼ਾਂ ਦਾ ਤਿਉਹਾਰ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾਇਆ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ, ਸਾਡੇ ਹਰਿਮੰਦਰ ਸਾਹਿਬ ਨੂੰ ਨੀਲਾਮ ਕਰਨ ਅਤੇ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ। 1873 ਵਿੱਚ ‘ਸਿੰਘ ਸਭਾ’ ਬਣਾ ਕੇ ਉਸ ਰਾਹੀਂ ਸਿੱਖਾਂ ਨੂੰ ਦੇਸ਼-ਭਗਤ ਤੋਂ ਅੰਗਰੇਜ਼-ਭਗਤ ਬਣਾਇਆ। ਅੰਗਰੇਜ਼-ਭਗਤ ਬਣਾ ਕੇ ਸਿੱਖਾਂ ਨੂੰ ਅੰਗਰੇਜ਼ੀ ਫੌਜ ਵਿੱਚ ਭਰਤੀ ਕਰਕੇ ਦੋਵੇਂ ਵੱਡੇ ਵਿਸ਼ਵ ਯੁੱਧਾਂ ਵਿੱਚ ਇੰਗਲੈਂਡ ਵੱਲੋਂ ਲੜਨ ਭੇਜਿਆ; ਜਿਸ ਵਿੱਚ ਇੱਕ ਲੱਖ ਕੇਸਾਧਾਰੀ ਸਿੱਖ ਮਾਰੇ ਗਏ ਅਤੇ ਇੱਕ ਲੱਖ ਕੇਸਾਧਾਰੀ ਸਿੱਖ ਅਪੰਗ ਹੋ ਗਏ। ਹਜ਼ਾਰਾਂ ਦੇਸ਼ ਭਗਤ ਨਿਹੰਗ ਸਿੰਘਾਂ ਅਤੇ ਨਾਮਧਾਰੀ ਸਿੰਘਾਂ ਦਾ ਕਤਲੇਆਮ ਕੀਤਾ, ਜੱਲ੍ਹਿਆਂਵਾਲਾ ਬਾਗ ਵਿੱਚ ਹਜ਼ਾਰਾਂ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਈਆਂ, ਹਿੰਦੂ-ਸਿੱਖਾਂ ਵਿੱਚ ਫੁੱਟ ਪਵਾ ਕੇ ਆਪਸ ਵਿੱਚ ਲੜਾਇ ਅਤੇ ਸਾਡੀ ਭਾਰਤੀ ਸੰਸਕ੍ਰਿਤੀ ਨੂੰ ਤਬਾਹ ਕੀਤਾ।
ਨਾਮਧਾਰੀ ਮੁਖੀ ਨੇ ਅੱਗੇ ਕਿਹਾ ਕਿ ਜਦੋਂ ਈਸਾਈ ਗੁਰਪੁਰਬ ਜਾਂ ਸਾਡੇ ਤਿਉਹਾਰ ਨਹੀਂ ਮਨਾਉਂਦੇ ਤਾਂ ਕ੍ਰਿਸਮਸ ਦਾ ਤਿਉਹਾਰ ਮਨਾਉਣਾ ਸਾਡੇ ਲਈ ਵੀ ਸਹੀ ਨਹੀਂ ਹੈ। ਅਸੀਂ ਆਪਣੇ ਤਿਉਹਾਰ ਭੁੱਲਦੇ ਜਾ ਰਹੇ ਹਾਂ ਅਤੇ ਵਿਦੇਸ਼ੀ ਅਮੀਰਾਂ ਦੀ ਨਕਲ ਕਰਕੇ ਉਨ੍ਹਾਂ ਦੇ ਤਿਉਹਾਰ ਮਨਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਸਾਡੀ ਭਾਰਤੀ ਸੰਸਕ੍ਰਿਤੀ ਲਈ ਬਹੁਤ ਨੁਕਸਾਨਦੇਹ ਹੈ। ਉਹਨਾਂ ਕਿਹਾ ਕਿ ਕ੍ਰਿਸਮਿਸ ਦੇ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣ ਕਾਰਨ ਸਾਨੂੰ ਸਿੱਖਾਂ ਨੂੰ ਤਾਂ ਕੋਈ ਵੀ ਤਿਉਹਾਰ ਜਾਂ ਖੁਸ਼ੀ ਮਨਾਉਣੀ ਯੋਗ ਨਹੀਂ। ਉਨ੍ਹਾਂ ਨਾਮਧਾਰੀ ਸਿੱਖਾਂ ਵੱਲੋਂ ਬੇਨਤੀ ਕਰਦਿਆਂ ਕਿਹਾ ਹੈ ਕਿ ਕਿਰਪਾ ਕਰਕੇ ਕ੍ਰਿਸਮਸ ਦਾ ਤਿਉਹਾਰ ਮਨਾਉਣ ਦੀ ਬਜਾਏ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਵੀਰ ਸਾਹਿਬਜ਼ਾਦਿਆਂ ਦਾ “ਸ਼ਹੀਦੀ ਦਿਵਸ” ਮਨਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੋ।