ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ’ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਅਤੇ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ’ਚ ਹੀ ਰਹਿਣ ਲਈ ਮਜਬੂਰ ਹਨ। ਠੰਢੀਆਂ ਹਵਾਵਾਂ ਕਾਰਨ ਪੰਜਾਬ ’ਚ ਦਿਨ ਵੇਲੇ ਦੇ ਤਾਪਮਾਨ ’ਚ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸੂਬੇ ’ਚ ਅਗਲੇ ਤਿੰਨ-ਚਾਰ ਦਿਨ ਧੁੰਦ ਤੇ ਠੰਢ ਵਧਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਸਵੇਰ ਤੋਂ ਹੀ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦੇ ਰੋਜਾਨਾ ਕੰਮ-ਕਾਰਾਂ ਦੀ ਰਫ਼ਤਾਰ ਹੌਲੀ ਕਰ ਦਿੱਤੀ। ਠੰਢੀਆਂ ਹਵਾਵਾਂ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਰਕੇ ਬੱਸਾਂ ਤੇ ਰੇਲਗੱਡੀਆਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਠੰਢ ਦੇ ਜੋਰ ਫੜਨ ਨਾਲ ਹੀ ਰੋਜ਼ਾਨਾ ਦਿਹਾੜੀ ਕਰਨ ਵਾਲੇ ਵਿਅਕਤੀਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸੀਤ ਮਹਿਲ ਚੱਲਣ ਕਾਰਨ ਉਹਨਾਂ ਦਾ ਕੰਮਕਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਅਤੇ ਉਹ ਸਵੇਰੇ ਆਪਣੀਆਂ ਦੁਕਾਨਾਂ ਤੇ ਆਉਂਦੇ ਹਨ ਅਤੇ ਠੰਡ ਜਿਆਦਾ ਪੈਣ ਕਾਰਨ ਅੱਗ ਸੇਕ ਕੇ ਸ਼ਾਮ ਨੂੰ ਖਾਲੀ ਹੱਥ ਵਾਪਸ ਘਰਾਂ ਨੂੰ ਚਲੇ ਜਾਂਦੇ ਹਨ।