ਧਰਤੀ ਗੀਤ ਸੁਣਾਵੇ ।
ਆਪੇ ਲਿਖਦੀ, ਤਰਜ਼ ਬਣਾਉਦੀ,
ਬਿਨ ਸਾਜ਼ਾਂ ਤੋਂ ਗਾਵੇ ।
ਸੁਣ ਸਕਦੈ ਫੁੱਲਾਂ ਦੇ ਕੋਲੋਂ,
ਜੇਕਰ ਬੰਦਾ ਚਾਹੇ ।
ਅੱਗ ਦਾ ਗੋਲ਼ਾ ਚੌਵੀ ਘੰਟੇ
ਮਘਦੇ ਬੋਲ ਅਲਾਵੇ ।
ਸੂਰਜ ਤਪੀਆ ਤਪ ਕਰਕੇ ਵੀ,
ਰੌਸ਼ਨੀਆਂ ਵਰਤਾਵੇ ।
ਚੰਦਰਮਾ ਦੀ ਮਧੁਰ ਚਾਨਣੀ,
ਕੀ ਕੀ ਰੂਪ ਵਟਾਵੇ ।
ਏਕਮ ਦਾ ਚੰਨ ਫਾੜੀ ਜਿੱਡਾ,
ਪੂਰਾ ਹੋ, ਖ਼ੁਰ ਜਾਵੇ ।
ਤਾਰਿਆਂ ਨਾਲ ਗੁਫ਼ਤਗੂ ਕਰਕੇ,
ਲੱਖਾਂ ਬਾਤਾਂ ਪਾਵੇ ।
ਸਾਗਰ ਕੋਲੋਂ ਲੈ ਕੇ ਜਲ ਕਣ,
ਅੰਬਰ ਪਿਆਸ ਮਿਟਾਵੇ ।
ਧਰਤ ਤਰੇੜੀ, ਵੇਖ ਬੰਬੀਹਾ,
ਖਵਰੇ ਕੀ ਕੁਝ ਗਾਵੇ ।
ਮੇਘ ਦੂਤ ਬਣ ਧਰਤੀ ਉੱਤੇ,
ਬਣ ਬੱਦਲ ਵਰ੍ਹ ਜਾਵੇ ।
ਕੁਦਰਤ ਹਰ ਪਲ ਕਣ ਕਣ ਨੱਚਦੀ,
ਸੁਰ ਸੰਗ ਤਾਲ ਮਿਲਾਵੇ ।
ਕੱਥਕ ਕਥਾ ਸੁਣਾਉਂਦੇ ਪੱਤੇ,
ਸਾਨੂੰ ਸਮਝ ਨਾ ਆਵੇ ।
ਬੇਕਦਰਾਂ ਦੇ ਵਿਹੜੇ ਅੰਦਰ,
ਖੁਸ਼ਬੋ ਕਿੱਦਾਂ ਆਵੇ ।
ਕੰਕਰੀਟ ਦਾ ਜੰਗਲ-ਬੇਲਾ,
ਅੱਜਕੱਲ੍ਹ ਸ਼ਹਿਰ ਕਹਾਵੇ ।
🔹ਗੁਰਭਜਨ ਗਿੱਲ
Leave a Comment
Your email address will not be published. Required fields are marked with *