“ਪੰਜ ਸੌ ਤੇ ਹਜ਼ਾਰ ਰੁਪਏ ਦੇ ਨੋਟ ਬੰਦ ਹੋ ਗਏ ਮਾਂ! ਦੋ ਦਿਨਾਂ ਬਾਦ ਹੀ ਬੈਂਕ ਖੁੱਲ੍ਹੇਗਾ। ਫਿਰ ਹੀ ਇਨ੍ਹਾਂ ਨੂੰ ਬਦਲਵਾ ਸਕਾਂਗਾ।” ਫ਼ੋਨ ਤੇ ਬੇਟੇ ਤੋਂ ਇਹ ਸੁਣਦੇ ਹੀ ਦੀਪਤੀ ਦਾ ਚਿਹਰਾ ਪੀਲਾ ਪੈ ਗਿਆ।
‘ਦੋ ਦਿਨ ਕਿਵੇਂ ਕਰੇਗਾ!’ ਇਹ ਪੁੱਛਣ ਦੀ ਥਾਂ ਉਹ ਕਾਹਲੀ ਨਾਲ ਫ਼ੋਨ ਰੱਖ ਕੇ ਬੌਂਦਲੀ ਜਿਹੀ ਅਲਮਾਰੀ ਵਿੱਚ ਰੱਖੀਆਂ ਸਾਰੀਆਂ ਸਾੜੀਆਂ ਕੱਢ ਕੇ ਪਲੰਘ ਤੇ ਸੁੱਟਣ ਲੱਗੀ। ਪੁਰਾਣੀਆਂ ਸਾੜੀਆਂ ਦੀਆਂ ਤਹਿਆਂ ‘ਚੋਂ ਹਰੇ-ਲਾਲ ਨੋਟਾਂ ਨੂੰ ਮੁਸਕਰਾਉਂਦੇ ਵੇਖਦੇ ਹੀ ਸੂਰਜਮੁਖੀ ਜਿਹਾ ਖਿੜਨ ਵਾਲਾ ਦੀਪਤੀ ਦਾ ਚਿਹਰਾ ਮੁਰਝਾਏ ਫ਼ੁੱਲਾਂ ਵਾਂਗ ਹੋ ਜਾਂਦਾ ਸੀ।
ਫਿਰ ਅਚਾਨਕ ਕੁਝ ਯਾਦ ਆਉਂਦੇ ਹੀ ਰਸੋਈ ਵਿੱਚ ਜਾ ਪਹੁੰਚੀ। ਦਾਲ-ਚੌਲ ਦੇ ਸਾਰੇ ਪੀਪੇ ਉਹਨੇ ਉਲਟਾ ਦਿੱਤੇ। ਚੌਲਾਂ ਦੇ ਢੇਰ ਵਿੱਚੋਂ ਝਾਕਦੇ ਕੜਕ ਨੋਟ ਉਹਦਾ ਮੂੰਹ ਚਿੜਾ ਰਹੇ ਸਨ। ਪੀਪੇ ਅਤੇ ਮਸਾਲੇ ਦੇ ਡੱਬਿਆਂ’ਚੋਂ ਨਿਕਲੇ ਨੋਟ ‘ਕੱਠੇ ਕਰਕੇ ਉਹ ਫੇਰ ਕਮਰੇ ਵਿੱਚ ਆ ਗਈ।
ਅਲਮਾਰੀ ਵਿੱਚ ਵਿਛੇ ਅਖ਼ਬਾਰਾਂ ਦੇ ਹੇਠਾਂ ਵੀ ਉਹਨੇ ਨਜ਼ਰ ਮਾਰੀ। ਅਖ਼ਬਾਰ ਦੀ ਤਹਿ ਨੂੰ ਥੋੜ੍ਹਾ ਜਿਹਾ ਚੁੱਕਦੇ ਹੀ ਲੰਮੇ ਪਏ ਨੋਟ ਖਿੜ ਉੱਠਦੇ। ਪੂਰਾ ਅਖ਼ਬਾਰ ਚੁੱਕਦੇ ਹੀ ਵਿਛੇ ਸਾਰੇ ਨੋਟ ਹੌਲੀ ਜਿਹੀ ਅਖ਼ਬਾਰ ਨਾਲ ਅਠਖੇਲੀਆਂ ਕਰਨ ਲੱਗਦੇ। ਕੱਲ੍ਹ ਤੱਕ ਜਿਨ੍ਹਾਂ ਨੂੰ ਵੇਖ ਕੇ ਉਹਨੂੰ ਠੰਡਕ ਮਿਲਦੀ ਸੀ, ਅੱਜ ਸਰਕਾਰ ਤੇ ਉੱਬਲ ਪਈ। ਰਸੋਈ ਅਤੇ ਅਲਮਾਰੀ ਤੋਂ ਸਾਰੇ ਨੋਟ ਇਕੱਠੇ ਹੁੰਦੇ ਹੀ ਹੈਰਾਨੀ ਨਾਲ ਉਹ ਬੁੜਬੁੜਾ ਉੱਠੀ – ‘ਇੰਨੇ ਰੁਪਏ ਸਨ ਮੇਰੇ ਕੋਲ!’ ਚਾਰ ਦਿਨ ਪਹਿਲਾਂ ਹੀ ਤਾਂ ਪਤੀ ਤੋਂ ਇਹ ਕਹਿ ਕੇ ਪੈਸੇ ਮੰਗੇ ਸਨ ਕਿ ਪੈਸੇ ਨਹੀਂ ਹਨ। ਪਤੀ ਜਦੋਂ ਕਦੇ ਓਵਰਟਾਈਮ ਕਰਦਾ ਤਾਂ ਉਹ ਹੱਥ ਤੇ ਰੁਪਏ ਧਰ ਦਿੰਦਾ ਸੀ।
‘ਇਹ ਸਾਰੇ ਕੜਕ ਨੋਟ ਹੁਣ ਸਾਡੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਕਰ ਦੇਣਗੇ।’ ਖਿਝ ਗਈ ਉਹ।
“ਕੀ ਹੋਇਆ ਦੀਪਤੀ! ਸੁੱਤੀ ਨਹੀਂ ਅਜੇ ਤੱਕ?” ਅੱਖਾਂ ਮਲਦਿਆਂ ਪਤੀ ਨੇ ਪੁੱਛਿਆ। ਅਚਾਨਕ ਪਤੀ ਨੂੰ ਸਾਹਮਣੇ ਖੜ੍ਹਾ ਵੇਖ ਕੇ ਉਹ ਘਬਰਾ ਗਈ।
“ਬਈ ਵਾਹ! ਤੂੰ ਤਾਂ ਬੜੀ ਅਮੀਰ ਹੈਂ ਬਈ!” ਪਲਕਾਂ ਖੁੱਲ੍ਹਦਿਆਂ ਹੀ ਹੈਰਾਨੀ ਨਾਲ ਪਤੀ ਦੀਆਂ ਅੱਖਾਂ ਟੱਡੀਆਂ ਗਈਆਂ।
“ਤੁਹਾਥੋਂ ਲੁਕਾ ਕੇ ਰੱਖਿਆ ਗਿਆ ਮੇਰਾ ਇਹ ਖ਼ਜ਼ਾਨਾ ਅੱਜ ਖੋਟਾ ਹੋ ਗਿਆ ਜੀ!”
“ਪਰਿਵਾਰ ਦੇ ਬੁਰੇ ਸਮੇਂ ਲਈ ਹੀ ਤਾਂ ਜਮਾਂ ਕਰਕੇ ਰੱਖਿਆ ਹੈ ਨਾ! ਫਿਰ ਖੋਟਾ ਕਿਵੇਂ ਹੋ ਸਕਦਾ ਹੈ ਭਲਾ? ਦੋ ਮਹੀਨੇ ਦਾ ਸਮਾਂ ਹੈ। ਮੈਂ ਸਾਰੇ ਰੁਪਏ ਬਦਲਵਾ ਕੇ ਤੇਰਾ ਖ਼ਜ਼ਾਨਾ ਫਿਰ ਤੋਂ ਖਰਾ ਕਰ ਦਿਆਂਗਾ।” “ਨਰਾਜ਼ ਨਹੀਂ ਹੋ ਤੁਸੀਂ?” “ਓ ਕਮਲੀਏ! ਨਰਾਜ਼ ਕਿਉਂ ਹੋਵਾਂਗਾ? ਆਪਣੇ ਲਈ ਥੋੜ੍ਹੋ ਜਮਾਂ ਕੀਤੇ ਹਨ ਤੂੰ? ਮੈਨੂੰ ਪਤਾ ਹੁੰਦਾ ਕਿ ਤੂੰ ਲੱਖਾਂ ਰੁਪਏ ਲੁਕੋ ਕੇ ਰੱਖੇ ਨੇ ਤਾਂ ਮੈਂ ਹੀਰੇ ਦਾ ਹਾਰ ਹੀ ਬਣਵਾ ਲੈਂਦਾ ਤੇਰੇ ਲਈ!” ਕਹਿ ਕੇ ਹੱਸ ਪਿਆ ਪਤੀ।
ਬਿਸਤਰੇ ਤੇ ਖਿੱਲਰਿਆ ਖੋਟਾ-ਖ਼ਜ਼ਾਨਾ ਛੱਡ ਕੇ, ਪਿਤਾ ਵੱਲੋਂ ਲੱਭੇ ਖਰੇ-ਖ਼ਜ਼ਾਨੇ ਨਾਲ ਲਿਪਟ ਗਈ ਦੀਪਤੀ!
# ਮੂਲ : ਸਵਿਤਾ ਮਿਸ਼ਰਾ, ਨੇੜੇ ਹਨੂਮਾਨ ਮੰਦਰ, ਖੰਡਾਰੀ, ਆਗਰਾ-282002 (ਉੱਤਰਪ੍ਰਦੇਸ਼) 9411418621.
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *