ਦੁਨੀਆਂ ਦੇ ਵੱਖ ਵੱਖ ਭਾਸ਼ਾਵਾਂ ਵਿਚ ਰਚੇ ਗਏ ਸਾਹਿਤ ਨੂੰ ਪੜ੍ਹਦਿਆਂ, ਇਸ ਦੀਆਂ ਵੱਖ ਵੱਖ ਵਿਧਾਵਾਂ ਵਿਚੋਂ ਵਾਰਤਿਕ ਦੀ ਨਵੀਂਨ ਵਿਧਾ, ਜੀਵਨੀ ਅਤੇ ਸਵੈ ਜੀਵਨੀ ਨੂੰ ਵਿਦਵਾਨਾਂ ਨੇ ਯਦਾਰਥ ਤੋਂ ਯਦਾਰਥ ਤੱਕ ਦਾ ਅਮਲ ਕਿਹਾ ਹੈ | ਸਾਹਿਤ ਦੀ ਇਸ ਵਿਧਾ ਵਿਚੋਂ ਦੇਸ਼ ਅਤੇ ਦੁਨੀਆਂ ਦੇ ਕਈ ਉੱਘੇ ਖਿਡਾਰੀਆਂ ਦੀਆਂ ਜੀਵਨੀਆਂ ਅਤੇ ਸਵੈ ਜੀਵਨੀਆਂ ਪੜ੍ਹਕੇ ਪਤਾ ਲੱਗਦਾ ਹੈ ਕਿ ਉਹਨਾਂ ਦੀਆਂ ਜੀਵਨੀਆਂ ਅਤੇ ਸਵੈ ਜੀਵਨੀਆਂ ਯਦਾਰਥ ਦਾ ਖੁੱਲਾ ਪਾਠ ਹਨ | ਭਾਵ ਉਹਨਾਂ ਨੇ ਆਪਣਾ ਜੀਵਨ ਸੰਘਰਸ਼ ਬਿਆਨ ਕਰਨ ਵੇਲੇ ਪਾਠਕਾਂ ਤੋਂ ਕੋਈ ਵੀ ਉਹਲਾ ਜਾਂ ਲੁੱਕ -ਲੁਕਾਅ ਨਹੀਂ ਰੱਖਿਆ | ਦੇਸ਼ ਅਤੇ ਵਿਦੇਸ਼ ਦੇ ਉੱਘੇ ਖਿਡਾਰੀਆਂ ਨੇ ਆਪਣੀ ਜ਼ਿੰਦਗੀ ਵਿਚ ਘਟੀਆਂ ਘਟਨਾਵਾਂ ਨੂੰ ਅਤੇ ਕਾਮਯਾਬੀ ਲਈ ਕੀਤੇ ਸੰਘਰਸ਼ ਨੂੰ ਸੱਚੇ ਦਿਲ ਨਾਲ, ਆਪਣੀ ਜੀਵਨੀ ਜਾਂ ਸਵੈ ਜੀਵਨੀ ਵਿਚ ਜੱਗਰ ਕਰਕੇ , ਪਾਠਕਾਂ ਅਤੇ ਉਭਰ ਰਹੇ ਖਿਡਾਰੀਆਂ ਨੂੰ ਉਤਸਾਹਿਤ ਹੀ ਨਹੀਂ ਕੀਤਾ, ਸਗੋਂ ਉਹਨਾਂ ਦੇ ਜੀਵਨ ਸੰਘਰਸ਼ ਨੂੰ ਹਿੰਮਤ ਅਤੇ ਸਾਹਸ ਨਾਲ ਹੋਰ ਤਿੱਖਾ ਕਰਨ ਅਤੇ ਔਖੇ ਸਮੇਂ ਵਿਚ ਢਾਰਸ ਬਣਾਈ ਰੱਖਣ ਵਿਚ ਵੀ ਤਕੜਾ ਕੀਤਾ ਹੈ | ਤਾਂ ਫੇਰ ਆਉ ਇਹਨਾਂ ਵਿਚੋਂ ਕਈ ਉੱਘੇ ਖਿਡਾਰੀਆਂ ਦੀ ਸੰਘਰਸ਼ਮਈ ਜੀਵਨੀ ਨਾਲ ਜੁੜੇ ਕਈ ਪੱਖਾਂ ਤੇ ਪੰਛੀ ਝਾਤ ਪਾ ਕੇ ਜਾਣੀਏ ਕਿ ਕਿਵੇਂ ਇਨ੍ਹਾਂ ਖਿਡਾਰੀਆਂ ਨੇ ਆਪਣੇ ਜੀਵਨ ਦੇ ਔਖੇ ਪੈਂਡੇ ਨੂੰ ਸਰ ਕਰਕੇ ਕਾਮਯਾਬੀ ਦੇ ਝੰਡੇ ਨੂੰ ਬੁਲੰਦ ਕੀਤਾ |
ਉਡਣੇ ਸਿੱਖ ਦਾ ਖ਼ਿਤਾਬ ਰੱਖਣ ਵਾਲੇ ਦੌੜਾਕ ਮਿਲਖਾ ਸਿੰਘ ਨੂੰ ਕੌਣ ਨਹੀਂ ਜਾਣਦਾ | ਹਿੰਦ-ਪਾਕ ਦੀ ਵੰਡ ਵੇਲੇ ਉਸਦਾ ਪਰਿਵਾਰ ਜਦੋਂ ਹਿੰਦੋਸਤਾਨ ਆਇਆ ਤਾਂ ਉਸਨੇ ਆਪਣਾ ਬਚਪਨ ਅਤੇ ਜਵਾਨੀ ਦੇ ਕਈ ਸਾਲ ਗ਼ਰੀਬੀ ਵਿਚ ਕੱਟੇ | ਪੰਜਾਬੀ ਦੇ ਪ੍ਰਸਿੱਧ ਕਵੀ ਪਾਸ਼ ਨੇ ਉਹਨਾਂ ਦੀ ਜੀਵਨੀ 1975 ਵਿਚ ਲਿਖੀ ਤੇ ਉਸ ਵਿਚ ਬਿਆਨ ਕੀਤਾ ਕਿ ਮਿਲਖਾ ਸਿੰਘ ਨੇ ਬਚਪਨ ਵਿਚ ਚੋਰੀ ਵੀ ਕੀਤੀ , ਰੇਲ ਗੱਡੀ ਵਿਚ ਬੇਟਿਕਟਾਂ ਵੀ ਫੜਿਆ ਗਿਆ , ਜੇਲ ਵੀ ਕੱਟੀ , ਚੜ੍ਹਦੀ ਉਮਰੇ ਇਸ਼ਕ਼ ਵੀ ਕੀਤਾ | ਫਿਰ ਇੱਕ ਦਿਨ ਉਸਨੇ ਮਾੜੇ ਕੰਮਾ ਤੋਂ ਤੌਬਾ ਕੀਤੀ ਤੇ ਫੌਜ ਵਿਚ ਭਰਤੀ ਹੋ ਕੇ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ | ਦੌੜਣ ਨਾਲ ਹੀ ਉਹ ਸਿਪਾਹੀ ਤੋਂ ਫੌਜੀ ਅਫ਼ਸਰ ਬਣਿਆ ਤੇ ਉਸਨੇ ਕੌਮੀ ਖੇਡਾਂ ਤੋਂ ਲੈ ਕੇ ਏਸ਼ੀਆ , ਕਾਮਨਵੈਲਥ , ਵਲਰਡ ਅਤੇ ਓਲੰਪਿਕ ਖੇਡਾਂ ਤੱਕ ਨਵੇਂ ਰਿਕਾਰਡ ਸਿਰਜ ਕੇ ਇਤਿਹਾਸ ਬਣਾਇਆ | ਉਸਨੇ ਆਪਣੀ ਜੀਵਨੀ ਵਿਚ ਦੱਸਿਆ ਕਿ ਜਦੋਂ ਉਹ ਫੌਜ ਵਿਚ ਭਰਤੀ ਹੋਇਆ ਉਦੋਂ ਉਹ 21 ਸਾਲ ਦਾ ਸੀ ਤੇ ਉਸਨੂੰ ਇਹ ਨਹੀਂ ਸੀ ਪਤਾ ਕਿ 400 ਮੀਟਰ ਦੀ ਦੌੜ ਕਿੰਨੀ ਹੁੰਦੀ ਐ | ਪਰ ਦੌੜਣ ਦੀ ਸਖ਼ਤ ਮਿਹਨਤ ਕਰ ਇਹ ਦੌੜਾਕ 1960 ਦੀਆਂ ਰੋਮ ਓਲੰਪਿਕ ਖੇਡਾਂ ਵਿਚ 400 ਮੀਟਰ ਦੌੜ ਦਾ ਰਿਕਾਰਡ ਤੋੜ ਗਿਆ | ਆਪਣੀ ਜੀਵਨੀ ਵਿਚ ਮਿਲਖਾ ਸਿੰਘ ਨੇ ਨੌਜਵਾਨਾਂ ਨੂੰ ਕਿਹਾ,” ਹਰ ਬੰਦੇ ਅੰਦਰ ਮਿਲਖਾ ਸਿੰਘ ਬਣਨ ਦੀਆਂ ਸ਼ਕਤੀਆਂ ਮੌਜੂਦ ਹਨ ਬਸ ਮਿਹਨਤ ਅਤੇ ਲਗਨ ਨਾਲ ਉਹਨਾਂ ਨੂੰ ਜਗਾਉਣ ਦੀ ਲੋੜ ਹੈ ” |
ਰੁਸਤਮੇ ਹਿੰਦ ਅਤੇ ਰੁਸਤਮੇ ਜਮਾ ਪਹਿਲਵਾਨ ਦਾਰਾ ਸਿੰਘ (ਫ਼ਿਲਮਾ ਵਾਲਾ) ਨੇ ਆਪਣੀ ਸਵੈ ਜੀਵਨੀ “ਮੇਰੀ ਆਤਮ ਕਥਾ ” ਵਿਚ ਆਪਣੀਆਂ ਕਮੀਆਂ-ਕਮਜ਼ੋਰੀਆਂ ਦਾ ਖੁਲਾਸਾ ਬੜੀ ਹੀ ਸੰਜ਼ੀਦਗੀ ਅਤੇ ਸਾਫ਼ਗੋਈ ਨਾਲ ਕੀਤਾ ਹੈ | ਉਹ ਲਿਖਦਾ ਹੈ ਕਿ ਉਸਦਾ ਸੁੱਤੇ ਪਏ ਦਾ ਪਿਸ਼ਾਬ ਨਿਕਲ ਜਾਂਦਾ ਸੀ | ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ | ਉਸਦੇ ਵਿਆਹ ਵਾਲੇ ਦਿਨ ਵੀ ਉਸਦਾ ਪਿਸ਼ਾਬ ਨਿਕਲ ਗਿਆ | ਫਿਰ ਜਦੋਂ ਉਹ ਆਪਣੇ ਸਹੁਰੀਂ ਪਹਿਲੀ ਵਾਰ ਆਪਣੀ ਘਰਵਾਲੀ ਨੂੰ ਲੈਣ ਗਿਆ ਤਾਂ ਰਾਤ ਨੂੰ ਉਹ ਪਿਸ਼ਾਬ ਨਿਕਲਣ ਦੇ ਡਰ ਨਾਲ ਸੌਂ ਨਾ ਸਕਿਆ | ਪਰ ਉਸਨੇ ਆਪਣੀ ਇਸ ਕਮਜ਼ੋਰੀ ਨੂੰ ਕਦੇ ਵੀ ਆਪਣੀ ਖੇਡ ਤੇ ਹਾਵੀ ਨਹੀਂ ਸੀ ਹੋਣ ਦਿੱਤਾ ਤੇ ਉਹ ਰੁਸਤਮੇ ਹਿੰਦ ਦਾ ਖਿਤਾਬ ਹਾਸਿਲ ਕਰਨ ਦੇ ਨਾਲ ਨਾਲ ਫ੍ਰੀ ਸਟਾਈਲ ਕੁਸ਼ਤੀ ਵਿਚ ਜੱਗ ਜੇਤੂ ਬਣਿਆ ਤੇ 100 ਤੋਂ ਵੱਧ ਹਿੰਦੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਬਣੀਆਂ ਫ਼ਿਲਮਾਂ ਵਿਚ ਬਤੌਰ ਹੀਰੋ ਕੰਮ ਕੀਤਾ | ਇਸ ਤੋਂ ਇਲਾਵਾ ਉਸਨੇ ਰਾਮਾਨੰਦ ਸਾਗਰ ਦੇ ਟੀ ਵੀ ਸੀਰੀਅਲ ਰਮਾਇਣ ਵਿਚ ਹਨੁੰਮਾਨ ਦਾ ਰੋਲ ਕਰਕੇ ਵੀ ਨਾਮਣਾ ਖੱਟਿਆ |
ਕਬੱਡੀ ਖੇਡ ਦੇ ਵਰਲਡ ਕੱਪ ਜੇਤੂ ਖਿਡਾਰੀ ਬਿੱਟੂ ਦੁਗਾਲ ਦੀ ਜੀਵਨੀ ਤੇ ਲਿਖੇ ਨਾਵਲ ” ਕਬੱਡੀ ਦਾ ਧੰਨਾ ਭਗਤ ” ਵਿਚ ਦੱਸਿਆ ਗਿਆ ਕਿ ਜਦੋਂ ਉਹ ਕਬੱਡੀ ਖੇਡ ਦੀ ਕੋਚਿੰਗ ਲਈ ਬਠਿੰਡੇ ਦੇ ਡੀ ਏ ਵੀ ਮਾਲਵਾ ਕਬੱਡੀ ਕਲੱਬ ਵਿਚ ਕੋਚ ਮਦਨ ਲਾਲ ਡੱਡਵਿੰਡੀ ਕੋਲ ਪੁੱਜਾ ਤਾਂ ਉਸ ਕੋਲ ਉਥੇ ਰਹਿਣ, ਖਾਣ ਪੀਣ ਆਦਿ ਦੇ ਖਰਚ ਲਈ ਕੋਈ ਵੀ ਪੈਸਾ ਧੇਲਾ ਨਹੀਂ ਸੀ | ਕਿਉਂਕਿ ਘਰ ਦੀ ਮਾਲੀ ਹਾਲਤ ਬਹੁਤੀ ਵਧੀਆ ਨਹੀਂ ਸੀ | ਪਰ ਉਸਦੀ ਮਾਂ ਨੇ ਬਿੱਟੂ ਦੀ ਕਬੱਡੀ ਖੇਡ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖਦਿਆਂ ਖਰਚੇ ਲਈ ਉਸਨੂੰ ਸੱਤ ਹਜ਼ਾਰ ਰੁਪਏ ਕਿਸੇ ਕੋਲੋਂ ਉਧਾਰੇ ਲੈ ਕੇ ਬਠਿੰਡੇ ਤੋਰਿਆ | ਬਿੱਟੂ ਦੁਗਾਲ ਨੇ ਵੀ ਮਾਂ ਦੇ ਦੁੱਧ ਦੀ ਲਾਜ ਰੱਖਦਿਆਂ ਅਤੇ ਕੋਚ ਦੀ ਦਿੱਤੀ ਕੋਚਿੰਗ ਦਾ ਮੁੱਲ ਮੋੜਦਿਆਂ ਦਾਈਰੇ ਵਾਲੀ ਕਬੱਡੀ ਵਿਚ ਵਿਸ਼ਵ ਜੇਤੂ ਹੋ ਇੱਕ ਨੰਬਰ ਦਾ ਜਾਫੀ ਬਣਿਆ |
ਜਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੀ ਵਸਨੀਕ ਪਦਮ ਸ੍ਰੀ ਅਤੇ ਅਰਜੁਨ ਅਵਾਰਡੀ ਦੌੜਾਕ ਸੁਨੀਤਾ ਰਾਣੀ ਜਿਸ ਨੇ 1998 ਅਤੇ 2002 ਦੀਆਂ ਏਸ਼ੀਆਈ ਖੇਡਾਂ ਵਿਚ 5000 ਹਜ਼ਾਰ ਮੀਟਰ ਅਤੇ 1500 ਮੀਟਰ ਦੌੜਾਂ ਵਿਚੋਂ ਇੱਕ ਗੋਲ੍ਡ , ਇੱਕ ਸਿਲਵਰ ਅਤੇ ਦੋ ਕਾਂਸੀ ਦੇ ਤਗਮੇ ਦੇਸ਼ ਦੀ ਝੋਲੀ ਪਾਏ ਦੀ ਜੀਵਨੀ ” ਸੁਨਾਮ ਸ਼ਹਿਰ ਦੀ ਨਾਮਵਰ ਦੌੜਾਕ ਸੁਨੀਤਾ ਰਾਣੀ ” ਵਿਚ ਉਸਨੇ ਦੱਸਿਆ ਕਿ ਜਦੋਂ ਉਹ ਸਕੂਲ ਦੀ ਛੁੱਟੀ ਤੋਂ ਬਾਅਦ ਆਪਣੇ ਪਿੰਡ ਤੋਲਵਾਲ ਵਿਖੇ ਖੇਤਾਂ ਦੀਆਂ ਪਗਡੰਡੀਆਂ ਤੇ ਦੌੜ ਦੀ ਪ੍ਰੈਕਟਿਸ ਕਰਦੀ ਤਾਂ ਮੈਨੂੰ ਲੋਕਾਂ ਨੇ ਕਹਿਣਾ ,” ਕੁੜੀਏ ਕਿਉਂ ਮਰਨ ਦੇ ਚੱਜ ਕਰਦੀ ਐਂ, ਰੰਗ ਤਾਂ ਤੇਰਾ ਪਹਿਲਾਂ ਈ ਕਣਕਵੰਨਾ ਇਹ ਹੋਰ ਪੱਕਾ ਹੋਜੂ ” | ਰਿਸ਼ਤੇਦਾਰਾਂ ਨੇ ਵੀ ਮੇਰੇ ਮਾਂ ਬਾਪ ਨੂੰ ਟੋਕਣਾ ਸ਼ੁਰੂ ਕਰ ਦਿੱਤਾ ,” ਭਾਈ ਕੁੜੀ ਨੂੰ ਖੇਡਾਂ ਤੋਂ ਹਟਾਉ ਆਪਣੇ ਅੱਗਰਵਾਲਾਂ ਦੀਆਂ ਕੁੜੀਆਂ ਨੀ ਖੇਡਣ- ਕੁੱਦਣ ਜਾਂਦੀਆਂ ” | ਪਰ ਮੇਰੇ ਮਾਪਿਆਂ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਅੱਜ ਮੈਂ ਆਪਣੀਆਂ ਖੇਡ ਪ੍ਰਾਪਤੀਆਂ ਦੀ ਬਦੋਲਤ ਪੰਜਾਬ ਪੁਲਿਸ ਵਿਚ ਬਤੋਰ ਐਸਐਸਪੀ ਦੇ ਅਹੁੱਦੇ ਤੇ ਤਇਨਾਤ ਹਾਂ “|
ਮਿਡਲ ਵੇਟ ਵਿਚ ਵਰਲਡ ਚੈਂਪੀਅਨ ਕੈਨੇਡੀਅਨ ਮੁੱਕੇਬਾਜ਼ ਅਡੋਨਿਸ ਸਟੀਵੇਸਨ ਆਪਣੀ ਸਵੈ ਜੀਵਨੀ ਵਿਚ ਲਿਖਦਾ ਹੈ ਕਿ ਉਸਦਾ ਮੁਢਲਾ ਜੀਵਨ ਟ੍ਰੈਜਡੀ ਭਰਭੂਰ ਨਾਵਲ ਦੇ ਕਿਸੇ ਪਾਤਰ ਵਾਂਗ ਦੁਖਾਂਤਕ ਰਿਹਾ ਹੈ | ਬਚਪਨ ਦੀ ਜੂਹ ਲੰਘ ਕੇ ਜਦੋਂ ਮੈਂ 14 ਸਾਲ ਦਾ ਅੱਲ੍ਹੜ ਹੋਇਆ ਤਾਂ ਕੈਨੇਡਾ ਦੇ ਕੁਇਬਕ ਸੂਬੇ ਦੇ ਇੱਕ ਸ਼ਹਿਰ ਦੀਆਂ ਗਲੀਆਂ ਦੇ ਬਦਮਾਸ਼ ਅਤੇ ਲੜਾਕੂ ਮੁੰਡਿਆਂ ਦੀ ਢਾਣੀ ਚ ਰਲ ਕੇ ਆਪਣੀ ਜੀਵਨ ਸ਼ੈਲੀ ਨੂੰ ਆਪਰਾਧਿਕ ਬਣਾ ਲਿਆ | ਜਦੋਂ 20 ਵੇਂ ਸਾਲ ਨੂੰ ਢੁੱਕਿਆ ਤਾਂ ਵੇਸ਼ਵਾਵਾਂ ਦੀ ਦਲਾਲੀ ਕਰਨ ਦੇ ਅਪਰਾਧ ਵਿਚ ਪੁਲਿਸ ਦੇ ਅੜਿੱਕੇ ਆ ਗਿਆ ਤੇ ਡੇਢ ਸਾਲ ਦੀ ਸਜ਼ਾ ਹੋ ਗਈ | ਜੇਲ ਅੰਦਰ ਕੁਝ ਦਿਨਾਂ ਬਾਅਦ ਜਦੋਂ ਜੇਲ ਦੀਆਂ ਕੰਧਾਂ ਤੋਂ ਅਕੇਵਾਂ ਹੋਇਆ ਤਾਂ ਆਪਣੇ ਕੀਤੇ ਅਪਰਾਧਾਂ ਤੇ ਪਛਤਾਵਾ ਹੋਇਆ | ਰੱਬ ਨੂੰ ਅਰਦਾਸ ਕੀਤੀ ,” ਰੱਬਾ ਮੈਂ ਸਹੁੰ ਖਾਂਦਾ ਹੈ ਮੁੜ ਕਦੇ ਵੀ ਅਪਰਾਧ ਦੀ ਦੁਨੀਆਂ ਵਿਚ ਪੈਰ ਨਹੀਂ ਪਾਵਾਂਗਾ | ਸਜ਼ਾ ਪੂਰੀ ਕਰ ਜਦੋ ਅਡੋਨਿਸ ਸਟੀਵੇਸਨ ਬਾਹਰ ਆਇਆ ਤਾਂ ਉਸਨੇ 2004 ਚ ਆਪਣੇ ਆਪ ਨੂੰ ਇੱਕ ਖਿਡਾਰੀ ਦੇ ਰੂਪ ਵਿਚ ਢਾਲਿਆ ਤੇ ਬਾਕਸਿੰਗ ਖੇਡ ਦੀ ਮਸ਼ਕ ਸ਼ੁਰੂ ਕੀਤੀ | ਈਂਝ ਉਹ ਮੁੱਕੇਬਾਜ਼ੀ ਖੇਡ ਵਿਚ 2006 ਦੀਆਂ ਮੈਲਬੋਰਨ (ਆਸਟ੍ਰੇਲੀਆ) ਦੀਆਂ ਕਾਮਨਵੈਲਥ ਖੇਡਾਂ ਵਿਚ ਆਪਣੇ ਭਾਰ ਵਰਗ ਵਿਚ ਸਿਲਵਰ ਮੈਡਲ ਜਿੱਤ ਗਿਆ | ਐਵੇਂ ਉਹ ਦੇਸ਼ ਵਿਦੇਸ਼ ਦੇ ਵੱਖ ਵੱਖ ਮੁਕਾਬਲੇ ਜਿੱਤਦਾ ਨਾਮੀ ਮੁੱਕੇਬਾਜ਼ ਬਣ ਗਿਆ | ਫਿਰ ਉਹ ਪੇਸ਼ਾਵਰ ਮੁੱਕੇਬਾਜ਼ ਬਣ ਗਿਆ ਤੇ ਉਸਨੇ 2018 ਤੱਕ ਪੇਸ਼ਾਵਰ ਮੁੱਕੇਬਾਜ਼ੀ ਦੇ 32 ਮੁਕਾਬਲਿਆਂ ਵਿਚੋਂ 29 ਦਾ ਜੇਤੂ ਰਿਹਾ | ਉਹ ਪੇਸ਼ਾਵਰ ਮੁੱਕੇਬਾਜ਼ੀ ਦੇ ਮਿਡਲ ਵੇਟ ਵਰਗ ਵਿਚ ਵਿਸ਼ਵ ਦੇ ਡਬਲਿਊ. ਬੀ.ਸੀ. ਅਤੇ ਡਬਲਿਊ.ਬੀ.ਏ. ਦੇ ਵਿਸ਼ਵ ਮੁਕਾਬਲਿਆਂ ਦਾ ਜੇਤੂ ਬਣਿਆ |
ਇਹਨਾਂ ਉੱਘੇ ਖਿਡਾਰੀਆਂ ਵਲੋਂ ਆਪਣੀ ਜੀਵਨੀ ਅਤੇ ਸਵੈ ਜੀਵਨੀ ਵਿਚ ਜੱਗਰ ਕੀਤੇ ਇਹਨਾਂ ਪੱਖਾਂ ਨੂੰ ਪੜ੍ਹਕੇ ਸਾਨੂੰ ਇਹ ਸੰਕੇਤ ਮਿਲਦਾ ਹੈ ਕਿ ਬੰਦੇ ਦਾ ਜਿੰਦਗੀ ਵਿਚ ਕਾਮਯਾਬ ਹੋਣ ਲਈ ਜੇ ਪੱਕਾ ਇਰਾਦਾ ਹੋਵੇ ਤਾਂ ਉਸਦੇ ਜੀਵਨ ਵਿਚ ਆਈ ਕੋਈ ਵੀ ਕਠਿਨਾਈ ਅਤੇ ਮਾੜੀ ਸੋਹਬਤ ਉਸਨੂੰ ਇੱਕ ਕਾਮਯਾਬ ਖਿਡਾਰੀ ਬਣਨ ਤੋਂ ਨਹੀਂ ਰੋਕ ਸਕਦੀ | ਬਸ ਉਸ ਬੰਦੇ ਦਾ ਇਰਾਦਾ ਕਰੜੀ ਮਿਹਨਤ, ਦ੍ਰਿੜ੍ਹਤਾ ,ਆਤਮ ਵਿਸਵਾਸ਼ੀ ,ਠਰੰਮੇ ਵਾਲਾ ਅਤੇ ਮਾੜੀ ਸੰਗਤ ਤੋਂ ਬਚਣ ਵਾਲਾ ਹੋਣਾ ਚਾਹੀਦਾ ਹੈ | ਪਰ ਇਹ ਇੱਕ ਲੰਬੀ ਘਾਲਣਾ ਹੈ ਕਿਉਂਕਿ ਕੋਈ ਵੀ ਪਗਡੰਡੀ ਇੱਕ ਦਿਨ ਵਿਚ ਜਰਨੈਲੀ ਸ਼ੜਕ ਨਹੀਂ ਬਣਦੀ | ਪ੍ਰਾਚੀਨ ਓਲੰਪਿਕ ਖੇਡਾਂ ਦੇ ਪਹਿਲੇ ਦੌੜਾਕ ਕੋਰੋਬਸ ਤੋਂ ਲੈ ਕੇ ਮੌਜੂਦਾ ਸਮੇਂ ਦੇ ਸਾਰੇ ਕਾਮਯਾਬ ਅਤੇ ਉੱਘੇ ਖਿਡਾਰੀਆਂ ਨੇ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸੀਬਤਾਂ ,ਮਜ਼ਬੂਰੀਆਂ ਅਤੇ ਔਕੜਾਂ ਨੂੰ ਆਪਣੇ ਪਿੰਡੇ ਤੇ ਝੱਲਿਆ | ਪਰ ਉਹਨਾਂ ਨੇ ਲਗਨ, ਦ੍ਰਿੜਤਾ ਅਤੇ ਮਿਹਨਤ ਪੱਲਾ ਨਹੀਂ ਛੱਡਿਆ ਤੇ ਉਹ ਖੇਡ ਅੰਬਰ ਤੇ ਧਰੂ ਤਾਰੇ ਵਾਂਗੂ ਚਮਕ, ਆਪਣੀ ਰੋਸ਼ਨੀ ਫੈਲਾ ਰਹੇ ਨੇ | ਖਿਡਾਰੀਓ , ਆਉ ਫੇਰ ਇਹਨਾਂ ਖਿਡਾਰੀਆਂ ਦੀਆਂ ਜੀਵਨੀਆਂ-ਸਵੈ ਜੀਵਨੀਆਂ ਤੋਂ ਸੇਧ ਲੈ ਕੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਕਰੀਏ ਤੇ ਜਿਹੜੇ ਇਸ ਖੇਡ ਸਫ਼ਰ ਵਿਚ ਕਿਸੇ ਔਕੜ ਜਾਂ ਅਲਾਮਤ ਕਾਰਨ ਖੜ੍ਹ ਗਏ ਹਨ ਉਹ ਵੀ ਮੁੜ ਸ਼ੁਰੂਆਤ ਕਰਨ | *
ਪ੍ਰੋ . ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ , ਸੰਗਰੂਰ
Leave a Comment
Your email address will not be published. Required fields are marked with *