ਜਿਹੜੇ ਇਨਸਾਨ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਪੂਰੇ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ਹਨ ਜੂਨੀਅਰ iੰੲੰਜਨੀਅਰ ਹਰਬੰਸ ਸਿੰਘ ‘ਗੁੱਡ’ ਜਿਨ੍ਹਾਂ ਦਾ ਜਨਮ ਜਿਲ੍ਹਾ ਪਟਿਆਲਾ ਦੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਧਾਰਮਿਕ ਬਿਰਤੀ ਵਾਲੇ ਮਿਹਨਤਕਸ਼ ਕਿਰਤੀ ਸਵ: ਸ਼੍ਰ: ਸੀਤਾ ਸਿੰਘ ਦੇ ਘਰ ਮਾਤਾ ਸਵ: ਸ਼੍ਰੀਮਤੀ ਗੁਰਨਾਮ ਕੌਰ ਦੀ ਕੁੱਖੋਂ 2 ਜਨਵਰੀ 1966 ਨੂੰ ਹੋਇਆ।ਛੋਟੇ ਹੁੰਦਿਆ ਹੀ ਉਸ ਨੂੰ ਘਰ ਦੀ ਗੁਰਬਤ ਨੇ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਜਦੂਰੀ ਕਰਨ ਲਈ ਮਜਬੂਰ ਭਾਵੇਂ ਕਰ ਦਿੱਤਾ ਪਰ ਇਸ ਮੰਦਹਾਲੀ ਨੇ ਗੁੱਡ ਦੇ ਮਨ ਅੰਦਰ ਕੁਝ ਬਣਨ ਲਈ ਇੱਕ ਨਵੀਂ ਸੋਚ ਜਰੂਰ ਪੈਦਾ ਕਰ ਦਿੱਤੀ।ਉਹ ਆਪਣੀ ਵੱਡੀ ਭੈਣ ਸਿੰਦਰ ਕੌਰ , ਵੱਡਾ ਭਰਾਵਾਂ ਸਵ: ਰਾਮ ਸਿੰਘ (ਬਿਜਲੀ ਬੋਰਡ ) , ਸਵ: ਸੁਖਵਿੰਦਰ ਸਿੰਘ ਅਤੇ ਸਵ: ਦਰਸ਼ਨ ਸਿੰਘ ਨੰਬਰਦਾਰ ਨਾਲ ਹਰ ਤਰ੍ਹਾਂ ਨਾਲ ਸਹਿਯੋਗੀ ਬਣ ਕੇ ਵਿਚਰੇ ।ਪਿੰਡ ਦੇ ਸਕੂਲ ਤੋਂ 1981 ਵਿੱਚ ਮੈਟ੍ਰਿਕ ਪਾਸ ਕਰਨ ਉਪਰੰਤ ਉਸ ਨੇ ਆਪਣੇ ਪੈਰਾਂ ਤੇ ਖੜ੍ਹਣ ਲਈ ਆਈ.ਟੀ.ਆਈ. ਨਾਭਾ ਤੋਂ ਆਈ.ਟੀ.ਆਈ. ਕਰ ਲਈ ਅਤੇ 28 ਦਸੰਬਰ 1988 ਨੂੰ ਬਿਜਲੀ ਬੋਰਡ ਵਿੱਚ ਬਤੌਰ ਲਾਇਨਮੈਨ ਨਿਯੁਕਤੀ ਹੋਣ ਕਾਰਨ ਸਬ-ਅਰਬਨ ਡਵੀਜ਼ਨ ਮੋਗਾ ਵਿਖੇ ਜੁਆਇਨ ਕਰ ਲਿਆ ।ਫਰਵਰੀ 1992 ਵਿੱਚ ਉਹ ਬਦਲੀ ਕਰਵਾ ਕੇ ਡਵੀਜ਼ਨ ਨਾਭਾ ਵਿਖੇ ਸ/ਡ ਚੌਂਦਾ ਵਿਖੇ ਹਾਜ਼ਰੀ ਦਿੱਤੀ ।ਉਨ੍ਹਾਂ ਆਂਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਨਾਲ ਕੀਤੀ । ਉਨ੍ਹਾਂ ਦੀ ਤਰੱਕੀ ਬਤੌਰ ਜੇ.ਈ. ਹੋਣ ਉਪਰੰਤ ਜੁਲਾਈ 2017 ਵਿੱਚ ਸ਼ਹਿਰੀ ਸਬ-ਡਵੀਜ਼ਨ ਨਾਭਾ ਵਿਖੇ ਡਿਊਟੀ ਜੁਆਇਨ ਕੀਤੀ ।ਇਥੇ ਉਨ੍ਹਾਂ ਨੇ ਜਿੰਮੇਵਾਰੀ ਤੋਂ ਵੀ ਵੱਧ ਕੇ ਕੰਮ ਕੀਤਾ । ਇਥੋਂ ਹੀ ਉਹ 31 ਜਨਵਰੀ 2024 ਨੂੰ ਬੇਦਾਗ ਡਿਊਟੀ ਨਿਭਾ ਕੇ ਸੇਵਾ ਮੁਕਤ ਹੋ ਰਹੇ ਹਨ ।
ਉਨ੍ਹਾਂ ਦਾ ਵਿਆਹ ਪਿੰਡ ਰੌਣੀ ( ਲੁਧਿਆਣਾ) ਵਿਖੇ ਸ੍ਰ. ਨੰਦ ਸਿੰਘ ਦੀ ਸੁਘੜ ਸਿਆਣੀ ਲੜਕੀ ਬਲਬੀਰ ਕੌਰ ਨਾਲ ਹੋਇਆ ।ਇਨ੍ਹਾਂ ਦੇ ਘਰ ਤਿੰਨ ਹੋਣਹਾਰ ਬੱਚਿਆਂ ਨੇ ਜਨਮ ਲਿਆ । ਵੱਡੀ ਬੇਟੀ ਭਵਨਦੀਪ ਕੌਰ ਐਮ.ਏ.,ਬੀ.ਐਡ (ਇੰਗਲਿਸ ਮਿਸਟ੍ਰੈਸ ) ਪਿੰਡ ਅਲੀਪੁਰ ਵਿਖੇ ਗੁਰਦੀਪ ਸਿੰਘ ਸ.ਸ. ਮਾਸਟਰ ਨਾਲ ਵਿਆਹੀ ਹੋਈ ਹੈ ।ਬੇਟਾ ਅਮ੍ਰਿਤਪਾਲ ਸਿੰਘ ਐਮ.ਬੀ.ਏ. ਦੀ ਪੰਜਾਬ ਪੁਲਿਸ ਵਿੱਚ ਨਿਯੁਕਤੀ ਹੋ ਚੁੱਕੀ ਹੈ । ਛੋਟੀ ਬੇਟੀ ਗੁਰਦੀਪ ਕੌਰ ਐਮ.ਏ.,ਬੀ.ਐਡ. ਹੈ ।
ਹਰਬੰਸ ਸਿੰਘ ਨੂੰ ਛੋਟੇ ਹੁੰਦਿਆਂ ਹੀ ਖੇਡਾਂ ‘ਚ ਰੁਚੀ ਸੀ । ਕਬੱਡੀ ਦੇ ਖਿਡਾਰੀ ਵਜੋਂ ਇਲਾਕੇ ‘ਚ ਵਧੀਆ ਨਾਮਣਾ ਖੱਟਿਆ । ਪਿੰਡ ਦੰਦਰਾਲਾ ਢੀਂਡਸਾ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ ਕਰਾਉਣ ਸਮੇਂ ਅਹਿਮ ਅਹੁੱਦੇ ਉੱਪਰ ਰਹਿ ਕੇ ਜੁਆਨੀ ਨੂੰ ਨਸ਼ਿਆਂ , ਗਲਤ ਕੰਮਾਂ ਤੋਂ ਦੂਰ ਰਹਿਣ ਲਈ ਸਾਰਥਿਕ ਭੂਮਿਕਾ ਨਿਭਾਉਂਦਾ ਰਿਹਾ । ਅੱਜ ਵੀ ਉਹ ਸਰਵਿਸ ਦੌਰਾਣ ਖੇਡਾਂ ਨਾਲ ਜਨੂੰਨੀ ਹੋ ਕੇ ਜੁੜਿਆ ਹੋਇਆ ਹੈ ।ਰੇਸਾਂ , ਵਾਲੀਵਾਲ ਵਿੱਚ ਉਸਨੇ ‘ਖੇਡਾਂ ਵਤਨ ਪੰਜਾਬ ਦੀਆਂ’ 2022 ਅਤੇ 2023 ਵਿੱਚ ਸਟੇਟ ਅਤੇ ਜਿਲ੍ਹਾ ਪੱਧਰ ‘ਤੇ 55ਸਾਲਾਂ ਤੱਕ ਮੁਕਾਬਲਿਆਂ ‘ਚ ਗੋਲਡ ਮੈਡਲ ਅਤੇ ਸਨਮਾਨ ਪ੍ਰਾਪਤ ਕਰਕੇ ਆਪਣੇ ਮਹਿਕਮੇ ਅਤੇ ਜਿਲੇ੍ਹ ਪਟਿਆਲੇ ਦਾ ਨਾਂ ਉੱਚਾ ਕੀਤਾ ।ਉਹ ਸਾਮ ਦੇ ਸਮੇਂ ਬੱਚਿਆਂ ਨੂੰ ਵਾਲੀਵਾਲ ਦੀ ਕੋਚਿੰਗ ਦਿੰਦੇ ਰਹਿੰਦੇ ਹਨ ।
ਡਿਊਟੀ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਸ੍ਰ. ਹਰਬੰਸ ਸਿੰਘ ਨੂੰ ਪਿੰਡ ਦੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰੀ ਦੀ ਜਿੰਮੇਵਾਰੀ ਇੱਕ ਦਲਿਤ ਭਾਈਚਾਰੇ ‘ਚੋਂ ਪਹਿਲੀ ਵਾਰ ਪਿੰਡ ਵਾਸੀਆਂ ਨੇ ਦਿੱਤੀ ਜਿਸ ਨੂੰ ਉਨ੍ਹਾਂ ਬੜੇ ਸਿਦਕ ਨਾਲ ਨਿਭਾਇਆ ਅਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦਾ ਵੱਡਾ ਕਾਰਜ ਆਰੰਭਿਆ ਜੋ ਪਿੰਡ ਦੇ ਸਹਿਯੋਗ ਨਾਲ , ਦਾਨੀ ਸੱਜਣਾਂ ਅਤੇ ਮਹਿਕਮੇ ਦੇ ਸਹਿਯੋਗ ਨਾਲ ਸ਼ਾਨਦਾਰ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ ।ਉਸ ਨੇ ਆਪਣੇ ਜੀਵਨ ਨੂੰ ਸਮਾਜ ਸੇਵਾ ਪ੍ਰਤੀ ਸਮਰਪਿਤ ਕੀਤਾ ਹੋਇਆ ਹੈ । ਉਹ ਲੋਕ ਹਿੱਤ ਸੰਘਰਸ਼ਾਂ ਵਿੱਚ ਵੀ ਮੁਹਰੀ ਹੋ ਕੇ ਰੋਲ ਨਿਭਾਉਂਦੇ ਆ ਰਹੇ ਹਨ । ਕਿਸਾਨੀ ਸੰਘਰਸ਼ਾਂ ‘ਚ ਵੀ ਉਨ੍ਹਾਂ ਪੂਰਨ ਯੋਗਦਾਨ ਪਾਇਆ । ਇਸੇ ਸੇਵਾ ਭਾਵਨਾ ਸਦਕਾ ਉਹ ਟੀ.ਐਸ.ਯੂ. ਡਵੀਜ਼ਨ ਪ੍ਰਧਾਨ ਦੀ ਜ਼ਿੰਮੇਵਾਰੀ ਬੜੀ ਸਿਦਕ ਅਤੇ ਅਣਥੱਕ ਯਤਨਾਂ ਨਾਲ ਸਫਲਤਾਪੂਰਵਕ ਮੁਲਾਜਮਾਂ ਦੇ ਮਸਲੇ ਹੱਲ ਕਰਵਾਉਂਦੇ ਆ ਰਹੇ ਹਨ ।ਉਨ੍ਹਾਂ ਨੇ ਤਕਰੀਬਨ 25 ਸਾਲ ਪਿੰਡ ਦੀ ਰਵੀਦਾਸ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਨਿਭਾਈ । ਮਿਲਣਸਾਰ,ਹਲੀਮੀ,ਸਾਦਗੀ,ਈਮਾਨਦਾਰੀ ਅਤੇ ਦ੍ਰਿੜ ਇਰਾਦੇ ਵਾਲਾ ਸ੍ਰ. ਹਰਬੰਸ ਸਿੰਘ ਆਪਣੀ ਸੁਪਤਨੀ ਬਲਬੀਰ ਕੌਰ ਅਤੇ ਬੱਚਿਆਂ ਨਾਲ ਡਿਫੈਂਸ ਕਲੋਨੀ ਨਾਭਾ (ਪਟਿਆਲਾ) ਵਿਖੇ ਰਹਿ ਰਿਹਾ ਹੈ, ਉਸ ਨੇ ਜ਼ਿੰਦਗੀ ਦੀਆਂ ਤੰਗੀਆਂ ਤਰੁਸੀਆਂ ਨੂੰ ਆਢੇ ਹੱਥੀਂ ਲੈਂਦੇ ਹੋਏ ਸਫਲਤਾ ਦੇ ਰਸਤੇ ਤੇ ਚਲਣ ਦਾ ਵਲ ਸਿਖਿਆ ਹੈ ।ਵਾਹਿਗੁਰੂ ਜੀ ਉਸਨੂੰ ਹਮੇਸ਼ਾਂ ਸਮਾਜ ਦੀ ਹੋਰ ਵਧੇਰੇ ਸੇਵਾ ਕਰਨ ਲਈ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ਣ ।

—— ਮੇਜਰ ਸਿੰਘ ਨਾਭਾ, ਮੋ: 9463553962