ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਖਿਡਾਰਨਾਂ ਸਾਇਨਾ ਨੇਹਵਾਲ, ਪੀ ਵੀ ਸਿੰਧੂ ਤੇ ਸੇਰੇਨਾ ਵਿਲੀਅਜ਼ ਬਾਰੇ ਬਾਲ ਪੁਸਤਕਾਂ ਤਿੰਨ ਧੀਆਂ ਵੱਲੋਂ ਲੋਕ ਅਰਪਣ

ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਖਿਡਾਰਨਾਂ ਸਾਇਨਾ ਨੇਹਵਾਲ, ਪੀ ਵੀ ਸਿੰਧੂ ਤੇ ਸੇਰੇਨਾ ਵਿਲੀਅਜ਼ ਬਾਰੇ ਬਾਲ ਪੁਸਤਕਾਂ ਤਿੰਨ ਧੀਆਂ ਵੱਲੋਂ ਲੋਕ ਅਰਪਣ

ਲੁਧਿਆਣਾਃ 5 ਨਵੰਬਰ (ਵਰਲਡ ਪੰਜਾਬੀ ਟਾਈਮਜ਼)

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਬਾਲ ਪੁਸਤਕਾਂ ਟੈਨਿਸ ਕੋਰਟ ਦੀ ਰਾਣੀਃ ਸੇਰੇਨਾ ਵਿਲੀਅਮਜ਼, ਮਹਿਲਾ ਬੈਡਮਿੰਟਨ ਦੀ ਝੰਡਾ ਬਰਦਾਰਃ ਸਾਇਨਾ ਨੇਹਵਾਲ ਤੇ ਭਾਰਤੀ ਖੇਡਾਂ ਦੀ ਰਾਣੀਃ ਪੀ ਵੀ ਸਿੰਧੂ ਤਿੰਨ ਪੰਜਾਬਣ ਧੀਆਂ ਮਨਸਾਂਝ ਕੌਰ ਗਿੱਲ, ਗੁਲਨਾਜ਼ ਕੌਰ ਗਿੱਲ ਤੇ ਅਸੀਸ ਕੌਰ ਗਿੱਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਪਿਆਰਿਆਂ ਲਈ ਲੋਕ ਅਰਪਣ ਕੀਤੀਆਂ।
ਵਰਨਣਯੋਗ ਗੱਲ ਇਹ ਸੀ ਕਿ ਇਸ ਮੌਕੇ ਨਵਦੀਪ ਸਿੰਘ ਗਿੱਲ ਦੀ ਐੱਸ ਡੀ ਕਾਲਿਜ ਬਰਨਾਲਾ ਵਿੱਚ ਪੜ੍ਹਾਈ ਵੇਲੇ ਦੇ ਅਧਿਆਪਕ ਪ੍ਰੋਃ ਰਵਿੰਦਰ ਭੱਠਲ ਵੀ ਹਾਜ਼ਰ ਸਨ।
ਪ੍ਰੋਃ ਭੱਠਲ ਨੇ ਕਿਹਾ ਕਿ ਮੈਂ ਨਵਦੀਪ ਦੀ ਸਾਹਿੱਤ ਸਿਰਜਣ ਸ਼ਕਤੀ ਨੂੰ ਪਹਿਲੀ ਨਜ਼ਰੇ 1999 ਵਿੱਚ ਹੀ ਪਛਾਣ ਲਿਆ ਸੀ ਅਤੇ ਉਸ ਦਾ ਖੇਡਾਂ ਬਾਰੇ ਪਹਿਲਾ ਲੇਖ ਪੰਜਾਬੀ ਟ੍ਰਿਬਿਊਨ ਨੇ ਵਿਦਿਆਰਥੀ ਕਾਲ ਵਿੱਚ ਹੀ ਪ੍ਰਕਾਸ਼ਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਵਦੀਪ ਦੀ ਸ਼ਿੱਦਤ ਅਤੇ ਲਗਾਤਾਰਤਾ ਹੀ ਉਸ ਦੀ ਊਰਜਾਵਾਨ ਸ਼ਕਤੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਣਾ(ਬਰਨਾਲਾ) ਦਾ ਜੰਮਪਲ ਨਵਦੀਪ ਸਿੰਘ ਗਿੱਲ ਮੇਰਾ ਨਾਦੀ ਪੁੱਤਰ ਹੈ ਜਿਸਨੇ “ਉੱਡਣਾ ਬਾਜ਼ ਗੁਰਬਚਨ ਸਿੰਘ ਰੰਧਾਵਾ” ਵਰਗੀ ਮਹਾਨ ਲਿਖਤ ਲਿਖ ਕੇ ਹੁਣ ਬੱਚਿਆਂ ਲਈ ਖੇਡ ਸਾਹਿੱਤ ਦਾ ਕਾਰਜ ਆਰੰਭਿਆ ਹੈ। ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਗਜ਼ਟਿਡ ਅਧਿਕਾਰੀ ਨਵਦੀਪ ਸਿੰਘ ਗਿੱਲ ਦੋਹਾ ਏਸ਼ਿਆਈ ਖੇਡਾਂ 2006, ਬੀਜਿੰਗ ਉਲੰਪਿਕਸ 2008, ਰਾਸ਼ਟਰ ਮੰਡਲ ਖੇਡਾਂ 2010 ਸਮੇਤ ਕਈ ਵੱਡੇ ਖੇਡ ਸਮਾਰੋਹਾਂ ਦੀ ਕਵਰੇਜ ਕੀਤੀ ਹੈ।
ਆਪਣੀਆਂ ਤਿੰਨਾਂ ਬਾਲ ਸਾਹਿੱਤ ਖੇਡ ਪੁਸਤਕਾਂ ਬਾਰੇ ਦੱਸਦਿਆਂ ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਹਰਿਆਣਾ ਦੀ ਜੰਮਪਲ ਅਤੇ ਹੈਦਰਾਬਾਦ ਵਿੱਚ ਪਲੀ ਸਾਇਨਾ ਨੇਹਵਾਲ ਭਾਰਤ ਵਿੱਚ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਇਨਕਲਾਬੀ ਲੀਹਾਂ ਪਾਉਣ ਵਾਲੀ ਖਿਡਾਰਨ ਹੈ ਜਿਸ ਨੇ 18 ਸਾਲ ਦੀ ਉਮਰੇ ਉਲੰਪਿਕਸ ਵਿੱਚ ਪਹਿਲੀ ਵਾਰ ਹਿੱਸਾ ਲਿਆ। ਦੂਜੀ ਉਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਉਹ ਮਰਦਾਂ ਤੇ ਔਰਤਾਂ ਵਿੱਚੋਂ ਪਹਿਲੀ ਬੈਡਮਿੰਟਨ ਖਿਡਾਰਨ ਬਣੀ। ਰਾਸ਼ਟਰ ਮੰਡਲ ਖੇਡਾਂ ਵਿੱਚ ਵੀ ਉਸ ਨੇ ਤਿੰਨ ਗੋਲਡ,ਇੱਕ ਚਾਂਦੀ ਤੇ ਇੱਕ ਕਾਂਸੀ ਪਦਕ ਜਿੱਤਿਆ।
ਬੈਡਮਿੰਟਨ ਵਿੱਚ ਖੇਡਾਂ ਦੀ ਰਾਣੀ ਵਜੋਂ ਜਾਣੀ ਜਾਂਦੀ ਪੀ ਵੀ ਸਿੰਧੂ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਸਫ਼ਲ ਤੇ ਵੱਧ ਪ੍ਰਾਪਤੀਆਂ ਵਾਲੀ ਖਿਡਾਰਨ ਹੈ। ਪੀ ਵੀ ਸਿੰਧੂ ਨੇ ਰੀਉ ਉਲੰਪਿਕਸ ਵਿੱਚ ਚਾਂਦੀ ਤੇ ਟੋਕੀਉ ਉਲੰਪਿਕਸ ਵਿੱਚ ਕਾਂਸੀ ਪਦਕ ਜਿੱਤ ਕੇ ਕਮਾਲ ਕੀਤੀ। 28 ਸਾਲਾਂ ਦੀ ਪੀ ਵੀ ਸਿੰਧੂ ਵਿਸ਼ਵ ਚੈਂਪੀਅਨ ਬਣਨ ਤੋਂ ਇਲਾਵਾ ਪਿਛਲੇ ਨੌਂ ਸਾਲਾਂ ਤੋਂ ਬੈਡਮਿੰਟਨ ਦੀ ਖੇਡ ਵਿੱਚ ਛਾਈ ਹੋਈ ਹੈ। ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਸਾਗਿਨਾਅ ਵਿਖੇ ਜਨਮੀ ਪੰਜ ਭੈਣਾਂ ਚੋਂ ਸਭ ਤੋਂ ਛੋਟੀ ਟੈਨਿਸ ਕੋਰਟ ਦੀ ਰਾਣੀ ਵਜੋਂ ਜਾਣੀ ਜਾਂਦੀ ਸੇਰੇਨਾ ਵਿਲੀਅਮਜ਼ 1968 ਤੋਂ ਬਾਦ ਪੁਰਸ਼ ਤੇ ਮਹਿਲਾ ਵਰਗ ਦੋਹਾਂ ਨੂੰ ਮਿਲਾ ਕੇ ਉਹ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ ਜਿਸ ਨੇ ਸਿੰਗਲਜ਼ ਵਰਗ ਵਿੱਚ 23 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਸਟੈਫ਼ੀ ਗਰਾਫ਼ ਦਾ ਰੀਕਾਰਡ ਸੇਰੇਨਾ ਵਿਲੀਅਮਜ ਨੇ ਤੋੜਿਆ।
ਨੇੜ ਭਵਿੱਖ ਵਿੱਚ ਉਹ ਕੁਝ ਹੋਰ ਮਹਾਨ ਖਿਡਾਰੀਆਂ ਅਤੇ ਖੇਡ ਮੇਲਿਆਂ ਬਾਰੇ ਵੀ ਬਾਲ ਸਾਹਿੱਤ ਸੀਰੀਜ਼ ਲਈ ਲਿਖ ਰਿਹਾ ਹੈ। ਇਹ ਕਿਤਾਬਾਂ ਲਿਖਣ ਦੀ ਪ੍ਰੇਰਨਾ ਉਸ ਨੂੰ ਲੋਕ ਗੀਤ ਪ੍ਰਕਾਸ਼ਨ ਤੇ ਯੂਨੀਸਟਾਰ ਦੇ ਮਾਲਕ ਹਰੀਸ਼ ਜੈਨ ਨੇ ਦਿੱਤੀ ਹੈ। ਇਸ ਮੌਕੇ ਸਃ ਗੁਰਜੀਤ ਸਿੰਘ ਢਿੱਲੋਂ, ਜਸਵਿੰਦਰ ਕੌਰ ਗਿੱਲ, ਇੰਦਰਪ੍ਰੀਤ ਕੌਰ ਗਿੱਲ,ਰਾਜਦੀਪ ਕੌਰ ਢਿੱਲੋਂ ਤੇ ਰਵਨੀਤ ਕੌਰ ਗਿੱਲ ਨੇ ਵੀ ਨਵਦੀਪ ਸਿੰਘ ਗਿੱਲ ਦੀਆਂ ਪੁਸਤਕਾਂ ਨੂੰ ਜੀ ਆਇਆਂ ਨੂੰ ਕਿਹਾ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.