🔹19ਮਾਰਚ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ
ਇਹ ਗੱਲ ਹੋਏਗੀ 1974-75 ਦੀ ਜਦ ਮੈ ਤੇ ਸ਼ਮਸ਼ੇਰ ਸਿੰਘ ਸੰਧੂ ਲੁਧਿਆਣੇ ਪੜ੍ਹਦਿਆ ਪਹਿਲੀ ਵਾਰ ਲਿਖਾਰੀ ਸਭਾ ਜਗਤਪੁਰ(ਜਲੰਧਰ) ਦੇ ਸਾਲਾਨਾ ਸਮਾਗਮ ਵਿੱਚ ਕਵਿਤਾ ਸੁਣਾਉਣ ਗਏ। ਨਵੇ ਨਕੋਰ ਜਜ਼ਬਿਆਂ ਤੇ ਸਵਾਰ ਹੋਇਆਂ ਦੀ ਕੰਡ ਤੇ ਪਹਿਲੀ ਪਿਆਰ ਥਾਪੜੀ ਮਹਿੰਦਰ ਸਿੰਘ ਦੋਸਾਂਝ ਨੇ ਦਿੱਤੀ। ਉਹ ਸਭਾ ਦੇ ਰੂਹੇ ਰਵਾ ਸਨ। ਬਹੁਤ ਵੱਡੇ ਵੱਡੇ ਲੇਖਕ ਉਸ ਦੋ ਰੋਜ਼ਾ ਸਮਾਗਮ ਵਿੱਚ ਹਾਜ਼ਰ ਸਨ। ਰਾਤ ਅਸਾਂ ਵੀ ਉਥੇ ਹੀ ਕੱਟੀ। ਤੁਸੀਂ ਅੱਜ ਨਹੀਂ ਮੰਨਣਾ, ਉਦੋਂ ਸੇਵਾ ਵਿੱਚ
ਸ਼ਰਾਬ ਸ਼ਾਮਿਲ ਨਹੀਂ ਸੀ। ਰੋਟੀ ਪਾਣੀ ਖਾ ਕੇ ਹੀ ਸੋਹਣੀ ਨੀਂਦਰ ਪੈ ਜਾਂਦੀ ਸੀ। ਸਾਡਾ ਟਿਕਾਣਾ ਗੁਰਦਿਆਲ ਸਿੰਘ ਕੰਵਲ ਦੇ ਘਰ ਸੀ। ਲਿਖਾਰੀ ਸਭਾ ਦੀ ਆਪਣੀ ਪ੍ਰਕਾਸ਼ਨਾ “ਘੜੀਐ ਸ਼ਬਦ ਸੱਚੀ ਟਕਸਾਲ” ਸਮੇਤ ਕਈ ਕਿਤਾਬਾਂ ਮੰਜੇ ਤੇ ਧਰ ਕੇ ਵੇਚੀਆਂ ਜਾ ਰਹੀਆਂ ਸਨ। ਮਹਿੰਦਰ ਸਿੰਘ ਦੋਸਾਂਝ ਨੂੰ ਸਭ ਵੱਡੇ ਛੋਟੇ ਦਾ ਫ਼ਿਕਰ ਸੀ। ਉਨ੍ਹਾਂ ਦਾ ਸਹਿਯੋਗੀ ਉਦੋਂ ਪ੍ਰੋ. ਹ ਸ ਤਰਸਪਾਲ ਸੀ, ਜਿੱਥੋਂ ਤੀਕ ਮੈਨੂੰ ਯਾਦ ਹੈ। ਸੀਮਾ ਪ੍ਰਕਾਸ਼ਨ ਜਲੰਧਰ ਵੱਲੋਂ ਦੋਸਾਂਝ ਜੀ ਦਾ ਪਹਿਲਾ ਕਾਵਿ ਸੰਗ੍ਰਹਿ ਦਿਸ਼ਾ ਵੀ ਛਪ ਚੁਕਾ ਸੀ। ਸੂਰਜਮੁਖੀ ਰਸਾਲੇ ਵਿੱਚ ਇਸ ਕਿਤਾਬ ਦਾ ਇਸ਼ਤਿਹਾਰ ਛਪਦਾ ਹੁੰਦਾ ਸੀ। ਮੈਂ ਉਹ ਕਿਤਾਬ ਵੀ ਖ਼ਰੀਦੀ।
ਲਿਖਾਰੀ ਸਭਾ ਜਗਤਪੁਰ ਇਸੇ ਪਿੰਡ ਦੇ ਜਾਏ ਪ੍ਰੋ. ਪਿਆਰਾ ਸਿੰਘ ਗਿੱਲ ਦੇ ਸਪੁੱਤਰ ਪੰਜਾਬੀ ਕਵੀ ਰਵਿੰਦਰ ਰਵੀ ਤੇ ਮਹਿੰਦਰ ਦੋਸਾਂਝ ਜੀ ਦੀ ਅਗਵਾਈ ਹੇਠ ਬਣੀ ਸੀ। ਗੁਰਦਿਆਲ ਸਿੰਘ ਕੰਵਲ ਵੀ ਇਨ੍ਹਾਂ ਦਾ ਸਾਥੀ ਸੀ।
ਜਗਤਪੁਰ ਮਹਿੰਦਰ ਦੋਸਾਂਝ ਜੀ ਦੇ ਨਾਨਕਿਆਂ ਦਾ ਪਿੰਡ ਹੈ। ਜੱਦੀ ਪਿੰਡ ਤਾਂ ਕਵੀ ਨਾਜਰ ਸਿੰਘ ਤਰਸ ਤੇ ਸ਼ੁਸ਼ੀਲ ਦੋਸਾਂਝ ਵਾਲਾ ਹੈ। ਪ੍ਰਸਿੱਧ ਪੱਤਰਕਾਰ ਅਮਰ ਸਿੰਘ ਦੋਸਾਂਝ, ਕੈਨੇਡਾ ਦੇ ਬੀ ਸੀ ਸੂਬੇ ਦੇ ਪ੍ਰੀਮੀਅਰ ਰਹੇ ਉੱਜਲ ਦੋਸਾਂਝ ਤੇ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਵਾਲਾ ਫਗਵਾੜੇ ਨੇੜਲਾ ਦੋਸਾਂਝ ਕਲਾਂ। ਇਥੋਂ ਦੇ ਹੀ ਸਨ ਪ੍ਰਿੰਸੀਪਲ ਗੁਰਚਰਨ ਸਿੰਘ ਦੋਸਾਂਝ ਜਿੰਨ੍ਹਾਂ ਦੇ ਘਰ
ਪੰਜ ਫਰਵਰੀ 1938 ਵਿੱਚ ਜਨਮੇ ਸਰਦਾਰ ਮਹਿੰਦਰ ਸਿੰਘ ਦੋਸਾਂਝ। ਦੋਸਾਂਝ ਦੇ ਜਨਮ ਦਾ ਸਰਕਾਰੀ ਕਾਗ਼ਜ਼ਾਂ ਵਿੱਚ 1940 ਦਾ ਹੋ ਗਿਆ, ਪਰ ਉਸ ਦੇ ਆਪਣੇ ਦੱਸੇ ਮੁਤਾਬਕ ਇਸ ਤੋਂ ਦੋ ਸਾਲ ਪਹਿਲਾਂ ਪੈਦਾ ਹੋਇਆ।
ਆਪਣੇ ਖੇਤਾਂ ਦੀ ਮਿੱਟੀ ਨੂੰ ਆਪਣੀ ਮਾਂ ਦੇ ਸਮਾਨ ਸਮਝਣ ਵਾਲੇ ਮਹਿੰਦਰ ਸਿੰਘ ‘ਦੋਸਾਂਝ’ ਨੇ 1945 ਵਿੱਚ ਹਲ ਦੀ ਜੰਘੀ ਫੜ ਲਈ ਸੀ, ਫੇਰ ਇਕ ਬਲਦ ਅਤੇ ਸੋਦੇ ਨਾਲ ਪੈਲੀ ਵੱਲ ਚੱਲ ਪਿਆ। ਫਿਰ ਚਲ ਸੋ ਚਲ। ਅਧਿਆਪਕਾਂ ਦੀ ਕੁੱਟ ਤੋਂ ਡਰਦਿਆਂ ਸਰਦਾਰ ਮਹਿੰਦਰ ਸਿੰਘ ਦੁਸਾਂਝ ਨੇ 1952 ਵਿੱਚ ਹਲ਼ ਤੇ ਖੇਤੀ ਦੇ ਹੋਰ ਸੰਦ ਰੱਖ ਕੇ ਖੇਤਾਂ ਵਿੱਚ ਹੀ ਝੁੱਲ ਵਿਛਾ ਕੇ ਤੇ ਬੰਨੇ ਦਾ ਸਿਰਹਾਣਾ ਬਣਾ ਕੇ ਖੇਤਾਂ ਵਿੱਚ ਹੀ ਚਾਰ ਭਾਸ਼ਾਵਾਂ ਸਿੱਖ ਕੇ ਇਨ੍ਹਾਂ ਭਾਸ਼ਾਵਾਂ ਦੀਆਂ ਹਜ਼ਾਰਾਂ ਪੁਸਤਕਾਂ ਪੜੀਆਂ, ਹਾਲਾਂਕਿ ਇਮਤਿਹਾਨ ਦੇ ਕੇ ਪੰਜਾਬ ਯੂਨੀਵਰਸਿਟੀ ਤੋਂ ਉੁੱਚਤਮ ਡਿਗਰੀਆਂ ਵੀ ਪ੍ਰਾਪਤ ਕੀਤੀਆਂ। 1960 ਵਿੱਚ ਇੱਕ ਭਾਸ਼ਣ ਪ੍ਰਤੀ ਯੋਗਤਾ ਦੀ ਜਜਮੇਂਟ ਲਈ ਪਹਿਲੀ ਵਾਰ ਇਲਾਕੇ ਦੇ ਨਾਮਵਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਦਹਿਲੀਜ ਲੰਘ ਕੇ ਵੇਖੀ।
ਆਪਣੀ ਜ਼ਿੰਦਗੀ ਵਾਸਤੇ ਸਾਹਿਤ ਤੇ ਖੇਤੀਬਾੜੀ ਦੋ ਖੇਤਰਾਂ ਨੂੰ ਉਸ ਨੇ ਆਪਣੀ ਕਰਮ ਭੂਮੀ ਬਣਾਇਆ, ਹਾਲਾਂਕਿ 1957 ਤੋਂ ਸਮਾਜ ਸੇਵਾ, ਪਿੰਡਾਂ ਵਿੱਚ ਵਿਦਿਆ ਦੇ ਪਸਾਰ ਤੇ ਵਾਤਾਵਰਨ ਸੁਰੱਖਿਆ ਲਈ ਕਦੇ ਨਾ ਮੁੱਕਣ ਵਾਲਾ ਅਭਿਆਨ ਵੀ ਚਲਾਇਆ।
1960 ਵਿੱਚ ਪੰਜਾਬ ਵਿੱਚ ਪਹਿਲੀ ਕਰਮਸ਼ੀਲ ਸੰਸਥਾ ‘ਲਿਖਾਰੀ ਸਭਾ ਜਗਤਪੁਰ ਰਜਿਸਟਰਡ’ ਦੀ ਸਥਾਪਨਾ ਕੀਤੀ ਅਤੇ ਇਲਾਕੇ ਵਿੱਚ ਹੋਰ ਸਾਹਿਤ ਸਭਾਵਾਂ ਦੀ ਬੁਨਿਆਦ ਰੱਖੀ ਤੇ ਵੱਖ ਵੱਖ ਪਿੰਡਾਂ ਵਿੱਚ ਲਾਇਬਰੇਰੀਆਂ ਸਥਾਪਿਤ ਕੀਤੀਆਂ।
ਸ. ਮਹਿੰਦਰ ਸਿੰਘ ਦੋਸਾਂਝ ਪੀ. ਏ. ਯੂ. ਖੇਤੀ ਖੋਜ ਕੌਂਸਲ, ਗਵਰਨਿੰਗ ਬੋਰਡ ਪੰਜਾਬ ਸਟੇਟ ਸੀਡ ਸਰਟੀਫਿਕਸ਼ਨ ਅਥਾਰਟੀ, ਪੰਜਾਬ ਸਟੇਟ ਸੀਡ ਸਬ ਕਮੇਟੀ, ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੀ ਪ੍ਰੋਗਰਾਮ ਸਲਾਹਕਾਰ ਕਮੇਟੀ ਅਤੇ ਜ਼ਿਲਾ ਖੇਤੀ ਪੈਦਾਵਾਰ ਕਮੇਟੀ ਜਲੰਧਰ ਤੇ ਨਵਾਂ ਸ਼ਹਿਰ ਅਤੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਜਲੰਧਰ ਦਾ ਮੈਂਬਰ ਵੀ ਰਿਹਾ ਹੈ।
ਉਹ ਤੇ ਸਰਦਾਰਨੀ ਮਹਿੰਦਰ ਕੌਰ ਦੋਸਾਂਝ ਦੋਵੇਂ ਜੀਅ ਪੀ ਏ ਯੂ ਕਿਸਾਨ ਮੇਲੇ ਤੇ ਸਾਰੇ ਇਨਾਮ ਹੂੰਝ ਕੇ ਲੈ ਜਾਂਦੇ ਸਨ।
ਦੋਆਬੇ ਦੀ ਸਾਹਿੱਤਕ ਆਬੋ ਹਵਾ ਵਿੱਚ ਸਰਗਰਮ ਸ. ਦੋਸਾਂਝ ਚਾਰ ਸਾਲ ਸਕੱਤਰ,ਕੇਂਦਰੀ ਪੰਜਾਬੀ ਲੇਖਕ ਸਭਾ ਦੀ ਹੈਸੀਅਤ ਵਿਚ ਵੀ ਕੰਮ ਕੀਤਾ।
ਸ. ਦੋਸਾਂਝ ਨੇ ਆਪਣੇ ਗਿਆਨ ਤੇ ਅਨੁਭਵ ਦੀ ਲੋੜ ਪੂਰੀ ਕਰਨ ਲਈ ਇੰਗਲੈਂਡ, ਕੈਨੇਡਾ, ਅਮ੍ਰੀਕਾ, ਹਾਲੈਂਡ, ਬਾਈਲੈਂਡ, ਕੈਲੇਫੋਰਨੀਆਂ ਤੇ ਪਾਕਿਸਤਾਨ ਦੀ ਯਾਤਰਾ ਦੇ ਨਾਲ ਨਾਲ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਦੀ ਯਾਤਰਾ ਵੀ ਕੀਤੀ। ਪਾਕਿਸਤਾਨ ਵਿੱਚ ਤਾਂ ਉਹ 2001 ਵਿੱਚ ਡਾ. ਸ ਨ ਸੇਵਕ ਦੇ ਨਾਲ ਗਏ ਸਨ, ਉਥੇ ਸਾਨੂੰ ਫਲੈਟੀਜ਼ ਹੋਟਲ ਲਾਹੌਰ ਵਿੱਚ ਮਿਲੇ ਵੀ, ਕਿਉਂਕਿ ਅਸੀਂ ਵੀ ਡਾ. ਵਰਿਆਮ ਸਿੰਘ ਸੰਧੂ, ਇੰਦਰਜੀਤ ਹਸਨਪੁਰੀ, ਸੁਤਿੰਦਰ ਸਿੰਘ ਨੂਰ,ਅਜਮੇਰ ਸਿੰਘ ਔਲਖ, ਸਰਵਣ ਸਿੰਘ ਢੁੱਡੀਕੇ, ਡਾ. ਸੁਖਦੇਵ ਸਿੰਘ ਸਿਰਸਾ, ਸੁਖਵਿੰਦਰ ਅੰਮ੍ਰਿਤ ਸਮੇਤ ਫ਼ਖ਼ਰ ਜ਼ਮਾਂ ਦੇ ਬੁਲਾਵੇ ਤੇ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਗਏ ਹੋਏ ਸਾਂ।
ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਲਗਪਗ ਦਸ ਪੁਸਤਕਾਂ ਪੰਜਾਬੀ ਸਾਹਿਤ ਦੇ ਖਜਾਨੇ ਵਿੱਚ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਚੋਂ ਪੰਜ ਸਿਰਜਣਾਤਮਕ ਸਾਹਿੱਤ ਨਾਲ ਸਬੰਧਿਤ ਹਨ।
ਅਨੇਕਾਂ ਵਿਸ਼ਿਆਂ ’ਤੇ ਉਨ੍ਹਾਂ 300 ਤੋਂ ਵੱਧ ਲੇਖ ਲਿਖੇ ਜੋ ਪ੍ਰੀਤਲੜੀ ਸਮੇਤ ਨਾਮਵਰ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ।
ਆਪ ਨੇ ਸੱਤ ਖੋਜ ਪੱਤਰ ਲਿਖੇ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਪੜੇ ਤੇ ਵਿਚਾਰੇ ਗਏ, ਅਨੇਕਾਂ ਯੂਨੀਵਰਸਿਟੀਆਂ ਅਤੇ ਕਾਲਿਜਾਂ ਵਿਚ ਵੱਖ-ਵੱਖ ਵਿਸ਼ਿਆਂ ’ਤੇ ਅਨੇਕਾਂ ਲੈਕਚਰ ਦਿੱਤੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਲਾਹਕਾਰ ਤੇ ਫਾਰਮਰ ਪ੍ਰੋਫੈਸਰ ਦੀ ਉਪਾਧੀ ਨਾਲ ਨਿਵਾਜਿਆ, ਹੁਣ ਇੱਕ ਹੋਰ ਵਿਸ਼ਾਲ ਸੰਸਥਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ਦੇ ਉਹ ਖੇਤੀਬਾੜੀ ਵਿਸ਼ੇ ਲਈ ਮੁੱਖ ਸਲਾਹਕਾਰ ਅਤੇ ਵਿਜਟਿੰਗ ਪ੍ਰੋਫੈਸਰ ਹਨ। ਖੇਤੀ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ਤੋਂ ਬਾਹਰ ਹੋਣ ਵਾਲੀਆਂ ਖੋਜਾਂ ਬਾਰੇ ਵਿਸ਼ਵ ਪੱਧਰ ਤੇ ਛਪਣ ਵਾਲੀ ਪੁਸਤਕ ‘‘ਫਾਰਮਰ ਰਿਸਰਚ ਇਨ ਪ੍ਰੈਕਟਿਸ’’ ਦੇ 1997 ਤੋਂ 2002 ਵਾਲੇ ਐਡੀਸ਼ਨ ਵਿੱਚ ਸਰਦਾਰ ਦੋਸਾਂਝ ਵੱਲੋਂ ਆਪਣੇ ਖੇਤਾਂ ਵਿੱਚ ਕੀਤੀਆਂ ਖੋਜਾਂ ਨੂੰ 9 ਪੰਨੇ ਮਿਲੇ ਹਨ।
ਇਨਾਮਾਂ ਸਨਮਾਨਾਂ ਲਈ ਯਤਨ ਕਰਨੇ ਤਾਂ ਦੂਰ ਦੀ ਗੱਲ 1990 ਵਿੱਚ ਖੇਤੀਬਾੜੀ ਬਾਰੇ ਨੈਸ਼ਨਲ ਪੁਰਸਕਾਰ ਲਈ ਜਿਲਾ ਪ੍ਰਸ਼ਾਸਨ ਜਲੰਧਰ ਵਲੋਂ ਤਿਆਰ ਕੀਤੀ ਆਪਣੀ ਫਾਈਲ ਆਪਣੇ ਹੱਥੀ ਡੀ. ਸੀ. ਤੱਕ ਲਿਜਾਣ ਲਈ ਦੋਸਾਂਝ ਹੋਰਾਂ ਨਾਂਹ ਕਰ ਦਿੱਤੀ ਸੀ, ਹਾਲਾਂਕਿ ਉਹਨਾਂ ਨੂੰ ਯੂ. ਐਨ. ਓ. ਵਲੋਂ ਕਣਕ ਦੇ ਵਿਸ਼ੇਸ਼ ਉਤਪਾਦਨ ਲਈ ਕੌਮਾਂਤਰੀ ਪੁਰਸਕਾਰ, ਪੀ. ਏ. ਯੂ. ਵਲੋਂ ਮੁੱਖ ਮੰਤਰੀ ਪੁਰਸਕਾਰ ਅਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਰਾਜ ਪੁਰਸਕਾਰ ਪ੍ਰਾਪਤ ਹੋਏ ਹਨ।
5ਨਵੰਬਰ 1995 ਨੂੰ ਜਦ ਨਵਾਂ ਸ਼ਹਿਰ ਜ਼ਿਲ੍ਹਾ ਬਣਿਆ ਤਾਂ ਪਹਿਲੇ ਡਿਪਟੀ ਕਮਿਸ਼ਨਰ ਜੰਗ ਬਹਾਦਰ ਗੋਇਲ ਬਣੇ। ਸ. ਦੋਸਾਂਝ ਤੇ ਦੀਦਾਰ ਸ਼ੇਤਰਾ ਨੇ ਅੱਗੇ ਲੱਗ ਕੇ ਗੋਇਲ ਸਾਹਿਬ ਦੀ ਅਗਵਾਈ ਹੇਠ ਕਈ ਮਹੱਤਵਪੂਰਨ ਪ੍ਰਕਾਸ਼ਨਾਵਾਂ ਛਾਪੀਆਂ। ਇਹ ਕਾਰਜ ਵੀ ਮਹਾਨ ਸੀ।
ਸ. ਦੋਸਾਂਝ ਦੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਮੌਲਿਕ ਕਾਵਿ ਸੰਗ੍ਰਹਿ, 1972) ਕਿਰਤ ਨਾਲ ਜੁੜੇ ਰਿਸ਼ਤੇ (ਮੌਲਿਕ ਕਹਾਣੀ ਸੰਗ੍ਰਹਿ, 1984), ਰੌਸ਼ਨੀ ਦੀ ਭਾਲ (ਮੌਲਿਕ ਕਾਵਿ ਸੰਗ੍ਰਹਿ, 1998) ਮੰਜ਼ਿਲ ਤੇ ਪਗਡੰਡੀਆਂ, ਪਸੀਨੇ ਚ ਧੋਤੀ ਜ਼ਿੰਦਗੀ ਤੇ ਯਾਦਾਂ ਪਾਕਿਸਤਾਨ ਦੀਆਂ ( ਸਫਰਨਾਮਾ) ਪ੍ਰਮੁੱਖ ਹਨ।
ਸਃ ਮਹਿੰਦਰ ਸਿੰਘ ਦੋਸਾਂਝ ਸਿਰਫ਼ ਲੇਖਕ ਤੇ ਕਿਸਾਨ ਹੀ ਨਹੀ ਹਨ ਸਗੋਂ 1975 ਤੋਂ ਹੁਣ ਤੱਕ ਇਲਾਕੇ ਦੇ ਲਗਪਗ 7 ਉੱਘੇ ਨਗਰਾਂ ਵਿਚ ਲੇਖਕਾਂ ਤੇ ਪਾਠਕਾਂ ਨੂੰ ਉਤਸਾਹਿਤ ਕਰਕੇ ਸਾਹਿੱਤ ਸਭਾਵਾਂ ਚਾਲੂ ਕਰਵਾਈਆਂ।ਪੰਜਾਬ ਵਿੱਚ ਅੱਤਵਾਦ ਦੇ ਦਿਨਾਂ ਵਿਚ ਸੰਨ 1985 ਤੋਂ 1995 ਤੱਕ ਇਲਾਕੇ ’ਚ ਅਮਨ ਏਕਤਾ ਕਮੇਟੀਆਂ ਕਾਇਮ ਕਰਕੇ ਅਮਨ ਤੇ ਏਕਤਾ ਦੀ ਲੋੜ ਲਈ ਅੱਗੇ ਹੋ ਕੇ ਕੰਮ ਕੀਤਾ। ਸਃ ਦੋਸਾਂਝ ਨੇ ਇਲਾਕੇ ’ਚ ਬਿਰਛ ਬੂਟੇ ਲਵਾਉਣ ਲਈ ਵੀ ਸਫ਼ਲ ਮੁਹਿੰਮ ਚਲਾਈ।ਲਗਪਗ 10 ਵਿਧਵਾਂ ਇਸਤਰੀਆਂ ਨੂੰ ਬੈਂਕਾਂ ਤੋਂ ਕਰਜ਼ੇ ਦਵਾ ਕੇ ਰੁਜ਼ਗਾਰ ਪੱਖੋਂ ਪੱਕੇ ਪੈਰਾਂ ’ਤੇ ਖੜ੍ਹੇ ਕੀਤਾ।
ਮਹਿੰਦਰ ਸਿੰਘ ਦੋਸਾਂਝ ਜੀ ਨੇ ਪਿੰਡ ’ਚ 30 ਸਾਲ ਪਹਿਲਾਂ ਆਪਣੇ ਪਿੰਡ ਜਗਤਪੁਰ ਵਿੱਚ ਬਾਲਗ ਸਿੱਖਿਆ ਕੇਂਦਰ ਚਲਾ ਕੇ ਬਿਰਧ ਬੀਬੀਆਂ ਨੂੰ ਵੀ ਸਿੱਖਿਆ ਪ੍ਰਦਾਨ ਕੀਤੀ। ਅਨੇਕਾ ਆਸਰਾਹੀਣ ਬਜ਼ੁਰਗਾਂ ਦੀ ਸਹਾਇਤਾ ਕੀਤੀ ਤੇ ਕਈ ਉਹਨਾਂ ਗਰੀਬ ਬੱਚਿਆਂ ਨੂੰ ਜੋ ਕਿਸੇ ਕਾਰਨ ਸਕੂਲਾਂ ਵਿਚ ਨਹੀਂ ਜਾਂਦੇ ਹਨ, ਨੂੰ ਲੋੜੀਂਦੀ ਮਦਦ ਤੇ ਉਤਸ਼ਾਹ ਦੇ ਕੇ ਸਕੂਲਾਂ ਵਿੱਚ ਦਾਖ਼ਲ ਕਰਵਾਇਆ। ਦੋ ਗਰੀਬ ਤੇ ਬੇਸਹਾਰਾ ਪਰਿਵਾਰਾਂ ਨੂੰ ਜੋ ਬਾਹੂਬਲੀਆਂ ਦੇ ਧੱਕੇ ਦਾ ਸ਼ਿਕਾਰ ਹੋ ਗਏ ਸਨ ਨੂੰ ਉਠਾਲ ਕੇ ਖੜ੍ਹੇ ਕੀਤਾ ਤੇ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਉਹਨਾਂ ਨੁੰ ਮੁੜ ਖ਼ੁਬਸੂਰਤ ਜੀਵਨ ਨਾਲ ਜੋੜਿਆ ਤੇ ਸਮਾਜ ਵਿਚ ਉਹਨਾਂ ਦੇ ਸਵੈ ਸਨਮਾਨ ਨੂੰ ਬਹਾਲ ਕੀਤਾ।
ਇਸ ਮਹਾਨ ਸ਼ਖ਼ਸੀਅਤ ਨੂੰ ਬੀ ਸੀ ਪੰਜਾਬੀ ਕਲਚਰਲ ਫਾਉਂਡੇਸ਼ਨ (ਰਜਿਃ) ਸਰੀ(ਕੈਨੇਡਾ) ਦੇ ਪ੍ਰਧਾਨ ਤੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ(ਬੀੜ ਬੰਸੀਆਂ)ਵੱਲੋਂ ਆਪਣੇ ਪਿਤਾ ਜੀ ਸਃ ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਨਾਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵਿਖੇ ਅੱਜ 19 ਮਾਰਚ ਨੂੰ ਸਨਮਾਨਿਤ ਕੀਤਾ ਜਾਵੇਗਾ।
ਗੁਰਭਜਨ ਗਿੱਲ
Leave a Comment
Your email address will not be published. Required fields are marked with *