ਫ਼ਰੀਦਕੋਟ, 13 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਫ਼ਰੀਦਕੋਟ ਵੱਲੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਲਈ ਜਿਲ੍ਹਾ ਫਰੀਦਕੋਟ ਵਿੱਚ ਇੱਕ ਹਫਤੇ ਦਾ ਟ੍ਰੇਨਿੰਗ ਕੋਰਸ ਮਿਤੀ 26 ਫਰਵਰੀ 2024 ਤੋ 01 ਮਾਰਚ 2024 ਤੱਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਭਾਰਤੀ ਖੇਤੀ ਦੀ ਰੀੜ੍ਹ ਦੀ ਹੱਡੀ ਹੈ, ਜਿੱਥੇ ਰੁਜ਼ਗਾਰ ਦੇ ਮਾਮਲੇ ਵਿੱਚ ਖੇਤੀਬਾੜੀ ਰਾਜ ਦੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਖੇਤਰ ਬਣਨਾ ਜਾਰੀ ਰੱਖਦਾ ਹੈ ਅਤੇ ਕੁੱਲ ਰਾਜ ਦੇ ਘਰੇਲੂ ਉਤਪਾਦ ਵਿੱਚ ਲਗਭਗ 17 ਪ੍ਰਤੀਸ਼ਤ ਯੋਗਦਾਨ ਪਾਉਦਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਨਵੇਕਲੀ ਕੋਸ਼ਿਸ਼ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਇਸ ਅਸਾਮੀ ਲਈ ਬਿਨਾਂ ਕਿਸੇ ਫੀਸ ਤੋ ਟ੍ਰੇਨਿੰਗ ਕਰਵਾਈ ਜਾਵੇਗੀ। ਇਹ ਕੋਰਸ ਸੁਚੱਜੇ ਨੋਟਿਸ ਦੇ ਰੂਪ ਵਿੱਚ ਇੱਕ ਪੂਰਨ ਮਾਰਗਦਰਸ਼ਨ ਹੈ ਜ਼ੋ ਖੇਤੀਬਾੜੀ ਵਿਕਾਸ ਅਫਸਰ ਦੀ ਪ੍ਰੀਖਿਆ ਨੂੰ ਸਫਲ ਕਰਨ ਵਿੱਚ ਮਦਦ ਕਰੇਗਾ।
ਖੇਤੀਬਾੜੀ ਵਿਭਾਗ ਦੇ ਵੱਖ ਵੱਖ ਮਾਹਿਰਾਂ ਵੱਲੋ ਇੱਕ ਹਫਤੇ ਵਿੱਚ ਪ੍ਰੀਖਿਆ ਲਈ ਅਧਿਕਾਰਤ ਸਿਲੇਬਸ ਪੜਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਲੇਬਸ ਵਿੱਚ ਦੱਸੇ ਹਰੇਕ ਵਿਸ਼ੇ ਨੂੰ ਚੰਗੀ ਤਰ੍ਹਾਂ ਪੜਨ ਅਤੇ ਆਪਣੇ ਗਰੇਜੂਏਸ਼ਨ ਕੋਰਸ ਵਿੱਚ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਵਧੀਆ ਮੌਕੇ ਨੂੰ ਹਾਸਲ ਕਰਨ ਲਈ ਚਾਹਵਾਨ ਸਿਖਿਆਰਥੀ ਆਪਣਾ ਨਾਮ ਅਤੇ ਮੋਬਾਇਲ ਨੰ: ਵਿਭਾਗ ਦੀ ਈਮੇਲ ਆਈ ਡੀ cao.faridkot@yahoo.com ਉਪਰ ਭੇਜ ਸਕਦੇ ਹਨ।