ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੇ ਪ੍ਰਦੂਸ਼ਣ ਦੇ ਨਾਲ-ਨਾਲ ਮਿੱਟੀ ਦੀ ਸਿਹਤ ਵੀ ਖਰਾਬ ਹੁੰਦੀ ਹੈ : ਮੁੱਖ ਖੇਤੀਬਾੜੀ ਅਫਸਰ
ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਤੀ ਵਿਰਾਸਤ ਮਿਸਨ ਜੈਤੋ ਵਲੋਂ ਕਿਸਾਨਾਂ ਅੰਦਰ ਵਿਰਾਸਤੀ ਦਰੱਖਤਾਂ ਦੀ ਸੰਭਾਲ ਅਤੇ ਦੂਸਤਿ ਹੋ ਰਹੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਲਾਕ ਕੋਟਕਪੂਰਾ ਦੇ ਪਿੰਡ ਕਰੀਰ ਵਾਲਾ ’ਚ ਵਿਸ਼ਵ ਜੈਵ ਵਿਭਿੰਨਤਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਕੀਤੀ। ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸਕ ਉਮੇਂਦਰ ਦੱਤ ਦੀ ਅਗਵਾਈ ਹੇਠ ਮਨਾਏ ਗਏ ਵਿਸਵ ਜੈਵ ਵਿਭਿੰਨਤਾ ਦਿਵਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਰਜਨੀਸ਼ ਕੁਮਾਰ ਵਾਤਾਵਰਨ ਪ੍ਰੇਮੀ, ਗੋਰਾ ਸਿੰਘ, ਚਰਨਜੀਤ ਕੌਰ, ਮਨਜੀਤ ਕੌਰ, ਅਮਰ ਸਿੰਘ ਸਰਾਵਾਂ ਸਮੇਤ ਵੱਡੀ ਗਿਣਤੀ ਕਿਸਾਨ ਹਾਜਰ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ’ਚ ਬਹੁਤ ਸਾਰੇ ਵਿਰਾਸਤੀ ਦਰਖਤ ਜਿਵੇਂ ਕਰੀਰ, ਜੰਡ, ਬੋਹੜ, ਕਿੱਕਰ, ਢੱਕ ਆਦਿ ਹੋਂਦ ਗਵਾ ਰਹੇ ਹਨ, ਜਿਨਾਂ ਨੂੰ ਸੰਭਾਲਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਬਹੁਤ ਸਾਰੇ ਸੜਕਾਂ ਅਤੇ ਖੇਤਾਂ ਵਿਚ ਲੱਗੇ ਛਾਂਦਾਰ ਦਰੱਖਤ ਸੜ ਗਏ ਹਨ। ਉਹਨਾਂ ਕਿਹਾ ਕਿ ਦਰਖਤ ਮਨੁੱਖ ਦੀ ਕਈ ਤਰਾਂ ਨਾਲ ਮਦਦ ਕਰਦੇ ਹਨ ਇਸ ਲਈ ਇਨਾਂ ਦੀ ਖਾਸ ਕਰਕੇ ਵਿਰਾਸਤੀ ਦਰੱਖਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਭ ਧਿਰਾਂ ਦੇ ਸਹਿਯੋਗ ਦੀ ਜਰੂਰਤ ਹੈ ਤਾਂ ਜੋਂ ਜਿਲਾ ਪ੍ਰਸਾਸਨ ਵੱਲੋਂ ਮਿਥੇ ਟੀਚਿਆਂ ਦੀ ਪੂਰਤੀ ਕੀਤੀ ਜਾ ਸਕੇ। ਉਹਨਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਝੋਨੇ ਅਤੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਨ ਨਾਲ ਜਿੱਥੇ ਵਾਤਾਵਰਣ ਪ੍ਰਦੂਸਣ ਹੁੰਦਾ ਹੈ, ਉੱਥੇ ਮਿੱਟੀ ਦੀ ਭੌਤਿਕੀ, ਰਸਾਇਣਕ ਅਤੇ ਜੈਵਿਕ ਬਣਤਰ ਵੀ ਪ੍ਰਭਾਵਤ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਵਾਰ ਜਿਲਾ ਫਰੀਦਕੋਟ ’ਚ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਜਿਸ ਨਾਲ ਕਿਸਾਨਾਂ ਨੂੰ ਵਧੇਰੇ ਵਿੱਤੀ ਲਾਭ ਹੋਇਆ ਹੈ ਅਤੇ ਇਸ ਦਾ ਕਾਰਨ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਪਰਾਲੀ ਸਮੇਤ ਕਣਕ ਦੀ ਬਿਜਾਈ ਕਰਨਾ ਹੈ। ਡਾ. ਰਜਨੀਸ ਕੁਮਾਰ ਨੇ ਵਿਸਥਾਰ ਸਹਿਤ ਵਿਰਾਸਤੀ ਦਰੱਖਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ’ਚ ਬਹੁਤ ਸਾਰੇ ਗੁਰੂ ਘਰ ਵਿਰਾਸਤੀ ਦਰੱਖਤਾਂ ਦੇ ਨਾਮ ਤੇ ਹਨ, ਜਿਨਾਂ ਦੀ ਮਹੱਤਤਾ ਸਮਝਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਖੇਤੀ ਵਿਰਾਸਤ ਮਿਸਨ ਦੇ ਸਹਿਯੋਗ ਨਾਲ ਜੂਨ ਮਹੀਨੇ ਦੌਰਾਨ ਪਿੰਡਾਂ ’ਚ ਵਿਰਾਸਤੀ ਬੂਟੇ ਲਾਏ ਜਾਣਗੇ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਲਾਏ ਜਾਣ ਵਾਲੇ ਵਿਰਾਸਤੀ ਦਰੱਖਤਾਂ ਦੀ ਸੰਭਾਲ ਕਰਨ। ਉਮੇਂਦਰ ਦੱਤ ਨੇ ਮਿਸ਼ਨ ਦੁਆਰਾ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟੇ ਅਨਾਜ ਦੀ ਮੰਗ ਦਿਨੋਂ ਦਿਨ ਵਧਦੀ ਜਾ ਰਹੀ ਹੈ, ਜਿਸ ਨੂੰ ਮੁੱਖ ਰੱਖਦਿਆਂ ਹਰੇਕ ਕਿਸਾਨ ਨੂੰ ਕੁਝ ਰਕਬੇ ਵਿਚ ਮੋਟੇ ਅਨਾਜ ਵਾਲੀਆਂ ਫਸਲਾਂ ਦੀ ਕਾਸਤ ਕਰਨੀ ਚਾਹੀਦੀ ਹੈ। ਇਸ ਮੌਕੇ ਹਾਜਰ ਹੋਏ ਕਿਸਾਨਾਂ ਨੂੰ ਪੰਜਾਬ ਦਾ ਵਿਰਾਸਤੀ ਦਰਖਤ ਜਾਮਨ ਦੇ ਬੂਟੇ ਵੀ ਵੰਡੇ ਗਏ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਨਾ ਸਾੜਨ ਲਈ ਸਹੁੰ ਚੁਕਾਈ ਗਈ। ਹਾਜਰ ਕਿਸਾਨਾਂ ਨੇ ਵੀ ਵਿਸ਼ਵਾਸ਼ ਦਿਵਾਇਆ ਕਿ ਜਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਲਿਾ ਪ੍ਰਸਾਸਨ ਵੱਲੋਂ ਜੋਂ ਮੁਹਿੰਮ ਸੁਰੂ ਕੀਤੀ ਗਈ ਹੈ, ਵਿਚ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।
Leave a Comment
Your email address will not be published. Required fields are marked with *