ਜੈਤੋ/ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਸੈਂਕੜੇ ਮਜ਼ਦੂਰਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ’ਚ ਮਜ਼ਦੂਰ ਔਰਤਾਂ ਅਤੇ ਮਰਦਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਜ਼ਦੂਰ ਵਿਰੋਧੀ ਹੋ ਨਿੱਬੜੀ ਹੈ। ਇਸ ਮੌਕੇ ਅਮਨਦੀਪ ਕੌਰ ਸੇਵੇਵਾਲਾ ਨੇ ਕਿਹਾ ਕਿ ਜਿੱਥੇ ਮਜ਼ਦੂਰ ਬੇਰੁਜ਼ਗਾਰ ਹਨ ਅਤੇ ਪੂਰਾ ਸਾਲ ਸਰਕਾਰ ਕੰਮ ਦੇਣ ਦੀ ਬਜਾਇ 100 ਦਿਨ ਵੀ ਮਜ਼ਦੂਰਾਂ ਨੂੰ ਪੂਰਾ ਕੰਮ ਨਹੀਂ ਦੇ ਰਹੀ। ਮਜ਼ਦੂਰ ਆਗੂ ਕੁਲਵਿੰਦਰ ਸਿੰਘ ਚੈਨਾ ਨੇ ਕਿਹਾ ਕਿ 2023 ਦੇ ਸਾਲ ਦੌਰਾਨ ਦਸੰਬਰ ਮਹੀਨੇ ਤੱਕ ਮਜ਼ਦੂਰਾਂ ਨੂੰ ਹਾਲੇ ਤੱਕ ਪਿੰਡਾਂ ਅੰਦਰ 50 ਦਿਨ ਵੀ ਕੰਮ ਨਹੀਂ ਦਿੱਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਵਾੜਾਭਾਈਕਾ ਅਤੇ ਮੰਦਰ ਸਿੰਘ ਖੱਚੜਾਂ ਆਦਿ ਨੇ ਮੰਗ ਕੀਤੀ ਕਿ ਪਿੰਡਾਂ ਅੰਦਰ ਛੇ ਦਿਨ ਤੋਂ ਵੱਧ ਕੰਮ ਨਹੀਂ ਦਿੱਤਾ ਜਾ ਰਿਹਾ। ਬੀ.ਡੀ.ਪੀ.ਓ. ਜੈਤੋ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਘੱਟੋ-ਘੱਟ 3 ਹਫਤੇ ਦਾ ਮਸਟਰੋਲ ਜਾਰੀ ਕਰਕੇ ਪਿੰਡਾਂ ਅੰਦਰ ਕੰਮ ਚਲਾਇਆ ਜਾਵੇ ਤਾਂ ਕਿ 31 ਮਾਰਚ ਤੱਕ ਮਜ਼ਦੂਰਾਂ ਦਾ ਮਨਰੇਗਾ ਪ੍ਰਤੀ 100 ਦਿਨ ਪੂਰਾ ਹੋ ਸਕੇ। ਇਸ ਮੌਕੇ ਚਮਕੌਰ ਸਿੰਘ ਪੱਪੂ ਚਮੇਲੀ ਨੇ ਮੰਗ ਕੀਤੀ ਕਿ ਬੇਘਰੇ ਅਤੇ ਲੋੜਵੰਦਾਂ ਨੂੰ ਪਲਾਟ ਦੇਣ, ਮਨਰੇਗਾ ਅਧੀਨ ਖੜੇ ਬਕਾਏ ਜਾਰੀ ਕਰਨ ਅਤੇ ਮਨਰੇਗਾ ’ਚ ਹੁੰਦੀ ਸਿਆਸੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਵੀਰਪਾਲ ਕੌਰ, ਬਲਜੀਤ ਕੌਰ ਪਿੰਡ ਖੱਚੜਾ, ਸੀਬੋ ਰਾਣੀ ਸੇਵੇ ਵਾਲਾ, ਪਰਮਜੀਤ ਕੌਰ ਸੇਵੇਵਾਲਾ, ਮਨਜੀਤ ਕੌਰ ਸੇਵੇਵਾਲਾ ਆਦਿ ਨੇ ਵੀ ਸੰਬੋਧਨ ਕੀਤਾ।