ਸਰੀ, 31 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਦੇ ਪੰਜਾਬੀ ਸਾਹਿਤਿਕ ਖੇਤਰ ਵਿੱਚ ਸਰਗਰਮ ਸੰਸਥਾ ‘ਗਜ਼ਲ ਮੰਚ ਸਰੀ’ ਵੱਲੋਂ ਆਪਣੀ ਸਰਗਰਮੀਆਂ ਨੂੰ ਹੋਰ ਵਿਸ਼ਾਲ ਕਰਦਿਆਂ ਮੰਚ ਦੀ ਆਪਣੀ ਇੱਕ ਵੈਬਸਾਈਟ ਬਣਾਈ ਗਈ ਹੈ ਅਤੇ ਇਸ ਵੈਬਸਾਈਟ ਨੂੰ ਲਾਂਚ ਕਰਨ ਲਈ ਬੀਤੇ ਦਿਨ ਸਿਟੀ ਸੈਂਟਰ ਲਾਇਬਰੇਰੀ ਸਰੀ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਖੇਤਰ ਦੀਆਂ ਬਹੁਤ ਸਾਰੀਆਂ ਸਾਹਿਤਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਗਜ਼ਲ ਮੰਚ ਦੇ ਇਸ ਅਗਲੇਰੀ ਪੁਲਾਂਘ ਅਜੋਕੇ ਸਮੇਂ ਦੇ ਹਾਣ ਦੀ ਦਸਿਪਆਂ ਹਾਜਰ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਗਜ਼ਲ ਮੰਚ ਦੇ ਸਮੂਹ ਟੀਮ ਮੈਂਬਰਾਂ ਨੂੰ ਆਪਣੀ ਹਾਰਦਿਕ ਮੁਬਾਰਕਬਾਦ ਪੇਸ਼ ਕੀਤੀ।ਪ੍ਰੋਗਰਾਮ ਦਾ ਆਗਾਜ਼ ਗਜ਼ਲ ਮੰਚ ਦੇ ਸਕੱਤਰ ਦਵਿੰਦਰ ਗੌਤਮ ਦੇ ਸਵਾਗਤ ਦੀ ਸ਼ਬਦਾਂ ਨਾਲ ਹੋਇਆ। ਦਵਿੰਦਰ ਗੌਤਮ ਨੇ ਗਜ਼ਲ ਮੰਚ ਦੀ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਗਜ਼ਲ ਮੰਚ ਵੱਲੋਂ ਪਿਛਲੇ ਇਸ ਸਮੇਂ ਦੌਰਾਨ ਚਾਰ ਮੁੱਖ ਪ੍ਰੋਗਰਾਮ ਕਰਵਾਏ ਗਏ ਹਨ ਅਤੇ ਮੰਚ ਨੂੰ ਇਹ ਮਾਣ ਤੇ ਖੁਸ਼ੀ ਵੀ ਹੈ ਕਿ ਮੰਚ ਸਾਹਿਤਕਾਰਾਂ ਦੇ ਨਾਲ ਨਾਲ ਆਮ ਪਾਠਕਾਂ ਨੂੰ ਵੀ ਸਾਹਿਤ ਨਾਲ ਜੋੜਨ ਵਿੱਚ ਸਫਲ ਹੋਇਆ ਹੈ। ਉਸ ਇਹ ਵੀ ਦੱਸਿਆ ਕਿ ਗਜ਼ਲ ਮੰਚ ਵੱਲੋਂ ਆਪਣੀ ਪ੍ਰਕਾਸ਼ਨਾ ਵੀ ਸ਼ੁਰੂ ਕੀਤੀ ਗਈ ਹੈ ਤੇ ਹੁਣ ਤੱਕ ਪੰਜ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਇਹ ਵੈਬਸਾਈਟ ਵੀ ਗਜ਼ਲ ਮੰਚ ਦੇ ਪ੍ਰੋਗਰਾਮਾਂ ਦਾ ਹੀ ਹਿੱਸਾ ਹੈ ਅਤੇ ਪੰਜਾਬੀ ਸਾਹਿਤ, ਪੰਜਾਬੀ ਗਜ਼ਲ, ਕਵਿਤਾ ਨੂੰ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾਉਣ ਦਾ ਇੱਕ ਯਤਨ ਹੈ। ਇਸ ਵੈਬਸਾਈਟ ਦੇ ਰਾਹੀਂ ਅਸੀਂ ਆਉਣ ਵਾਲੇ ਸਮੇਂ ਵਿੱਚ ਨਾਮਵਰ ਚਿੰਤਕਾਂ, ਸਾਹਿਤਕਾਰਾਂ, ਵਿਦਵਾਨਾਂ ਦੇ ਜੀਵਨ, ਰਚਨਾਤਮਕ ਕਾਰਜ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਸਬੰਧੀ ਗੱਲਬਾਤ ਰਿਕਾਰਡ ਕਰਕੇ ਪੰਜਾਬੀ ਪਾਠਕਾਂ ਤੀਕ ਪੁਚਾਈ ਜਾਵੇਗੀ। ਗਜ਼ਲ ਮੰਚ ਦੀ ਇਹ ਵੀ ਤਜਵੀਜ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੋ ਲੇਖਕ ਆਪਣੀਆਂ ਕਿਤਾਬਾਂ ਦੀ ਪੀਡੀਐਫ ਇਸ ਮੰਚ ਰਾਹੀਂ ਆਨਲਾਈਨ ਕਰਨਾ ਚਾਹੁਣਗੇ। ਗ਼ਜ਼ਲ ਮੰਚ ਉਹਨਾਂ ਦਾ ਵੀ ਸਵਾਗਤ ਕਰੇਗਾ।ਗਜ਼ਲ ਮੰਚ ਦੀ ਵੈਬਸਾਈਟ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਗਜ਼ਲ ਮੰਚ ਦੀ ਸ਼ਾਇਰਾ ਸੁਖਜੀਤ ਨੇ ਕਿਹਾ ਕਿ ਪੰਜਾਬੀ ਸਾਹਿਤ ਨੂੰ ਸਮਰਪਿਤ ਵੈੱਬਸਾਈਟ ਸ਼ੁਰੂ ਕਰਨਾ ਸਿਰਫ਼ ਇੱਕ ਡਿਜੀਟਲ ਕੋਸ਼ਿਸ਼ ਨਹੀਂ ਹੈ; ਇਹ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ। ਇੱਕ ਜੀਵੰਤ ਔਨਲਾਈਨ ਸਪੇਸ ਬਣਾ ਕੇ, ਅਸੀਂ ਨਾ ਸਿਰਫ਼ ਪੰਜਾਬੀ ਸਾਹਿਤ ਦੀ ਵਿਰਾਸਤ ਨੂੰ ਸੁਰੱਖਿਅਤ ਰੱਖ ਸਕਦੇ ਹਾਂ, ਸਗੋਂ ਇਸਨੂੰ ਵਿਸ਼ਵ-ਵਿਆਪੀ ਸਰੋਤਿਆਂ ਤੀਕ ਪੁਚਾ ਸਕਦੇ ਹਾਂ ਜਿਸ ਵਿੱਚ ਅਗਲੀ ਪੀੜ੍ਹੀ ਤੱਕ ਗਿਆਨ ਦਾ ਤਬਾਦਲਾ ਵੀ ਸ਼ਾਮਲ ਹੈ। ਇਸ ਵੈੱਬਸਾਈਟ ਪੰਜਾਬੀ ਗ਼ਜ਼ਲ, ਸ਼ਾਇਰੀ ਦੀ ਸਦੀਵੀ ਸੁੰਦਰਤਾ ਅਤੇ ਮਹੱਤਤਾ ਦਾ ਪ੍ਰਮਾਣ ਬਣ ਕੇ ਸਾਹਿਤ ਪ੍ਰੇਮੀਆਂ ਅਤੇ ਸੱਭਿਆਚਾਰਕ ਖੋਜੀਆਂ ਲਈ ਇੱਕ ਰੌਸ਼ਨੀ ਦਾ ਕੰਮ ਕਰੇਗੀ। ਸੁਖਜੀਤ ਨੇ ਇਸ ਵੈਬਸਾਈਟ ਨੂੰ ਬਹੁਤ ਵਧੀਆ ਡਿਜ਼ਾਇਨ ਕਰ ਕੇ ਰਾਜਵੰਤ ਰਾਜ ਅਤੇ ਗਜ਼ਲ ਮੰਚ ਦੀ ਸਮੁੱਚੀ ਟੀਮ ਨੇ ਗਜ਼ਲ ਮੰਚ ਨੂੰ ਸਾਊਥ ਏਸ਼ੀਅਨ ਕਮਿਊਨਿਟੀ ਦੇ ਨਕਸ਼ੇ ਉੱਪਰ ਲੈ ਆਂਦਾ ਹੈ।ਇਸ ਵੈੱਬਸਾਈਟ ਨੂੰ ਬਹੁਤ ਹੀ ਖੂਬਸੂਰਤ ਡਿਜ਼ਾਇਨ ਕਰਨ ਵਾਲੇ ਗਜ਼ਲ ਮੰਚ ਦੇ ਨੌਜਵਾਨ ਸ਼ਾਇਰ ਰਾਜਵੰਤ ਰਾਜ ਨੇ ਇਸ ਵੱਡਮੁੱਲੇ ਕਾਰਜ ਦੀ ਜਾਣਕਾਰੀ ਸਾਂਝੀ ਕਰਦਿਆਂ ਇਸ ਵੈੱਬਬਸਾਈਟ ਨੂੰ ਓਪਨ ਕਰਨ ਤੋਂ ਲੈ ਕੇ ਇਸ ਦੇ ਹਰ ਇਕ ਪੁਆਇੰਟ ਨੂੰ ਬਹੁਤ ਹੀ ਵਿਸਥਾ ਸਹਿਤ ਵੱਡੇ ਪਰਦੇ ਉੱਪਰ ਪੇਸ਼ ਕੀਤਾ। ਰਾਜ ਨੇ ਦੱਸਿਆ ਕਿ ਇਸ ਵੈੱਬਸਾਈਟ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਦੇਖਿਆ, ਪੜ੍ਹਿਆ ਜਾ ਸਕਦਾ ਹੈ। ਗ਼ਜ਼ਲ ਮੰਚ ਦੇ ਸਾਰੇ ਪ੍ਰੋਗਰਾਮਾਂ,ਸਰਗਰਮੀਆਂ, ਮੰਚ ਦੇ ਮੈਂਬਰਾਂ ਦੀਆਂ ਕਿਤਾਬਾਂ ਅਤੇ ਸ਼ਾਇਰਾਂ ਬਾਰੇ ਤਸਵੀਰਾਂ, ਵੀਡੀਓਜ਼ ਸਹਿਤ ਜਾਣਕਾਰੀ ਇੱਥੋਂ ਹਾਸਲ ਕੀਤੀ ਜਾ ਸਕਦੀ ਹੈ।ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਵੈਨਕੂਵਰ ਖੇਤਰ ਨੂੰ ਪਹਿਲਾਂ ਵੀ ਇਹ ਮਾਣ ਰਿਹਾ ਹੈ ਕਿ ਉੱਤਰੀ ਅਮਰੀਕਾ ਵਿੱਚ ਸਭ ਤੋਂ ਪਹਿਲੀ ਸਾਹਿਤਕ ਸੰਸਥਾ ‘ਵੈਨਕੂਵਰ ਲੇਖਕ ਮੰਚ’ ਵੀ ਇੱਥੇ ਹੀ ਸਥਾਪਿਤ ਹੋਈ ਸੀ ਅਤੇ ਹੁਣ ਗਜ਼ਲ ਮੰਚ ਸਰੀ ਡਿਜੀਟਲ ਦੁਨੀਆਂ ਵਿੱਚ ਝੰਡਾ ਗੱਡਣ ਵਾਲੀ ਇਸ ਖਿੱਤੇ ਦੀ ਪਹਿਲੀ ਸੰਸਥਾ ਬਣ ਗਈ ਹੈ। ਇਸ ਮੌਕੇ ਗਜ਼ਲ ਮੰਚ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਸ਼ਾਇਰ ਮੋਹਨ ਗਿੱਲ, ਪਰਮਿੰਦਰ ਸਵੈਚ, ਡਾ: ਸੁਖਵਿੰਦਰ ਵਿਰਕ, ਨਵਰੂਪ ਸਿੰਘ, ਪ੍ਰੀਤਪਾਲ ਪੂਨੀ ਅਟਵਾਲ, ਸੁਖਵਿੰਦਰ ਚੋਹਲਾ, ਹਰੀ ਸਿੰਘ ਤਾਤਲਾ, ਅੰਗਰੇਜ ਬਰਾੜ, ਜਰਨੈਲ ਸਿੰਘ ਆਰਟਿਸਟ, ਬਿੰਦੂ ਮਠਾੜੂ, ਜਸਬੀਰ ਮਾਨ, ਅੰਮ੍ਰਿਤ ਢੋਟ, ਮਹਿੰਦਰਪਾਲ ਪਾਲ ਅਤੇ ਹੋਰ ਮਹਿਮਾਨਾਂ ਨੇ ਗ਼ਜ਼ਲ ਮੰਚ ਦੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਗ਼ਜ਼ਲ ਮੰਚ ਸਰੀ ਭਾਰਤ ਤੋਂ ਬਾਹਰ ਪੰਜਾਬੀਆਂ ਦੀ ਇੱਕੋ-ਇੱਕ ਸੰਸਥਾ ਹੈ, ਜਿਸ ਨੇ ਇਸ ਸ਼ਕਤੀਸ਼ਾਲੀ ਤਕਨੀਕੀ ਸਰੋਤ ਦੀ ਸਿਰਜਣਾ ਕਰਕੇ ਪੰਜਾਬੀ ਸਾਹਿਤ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ।
ਪ੍ਰੋਗਰਾਮ ਦੌਰਾਨ ਡਾ. ਰਣਦੀਪ ਮਲਹੋਤਰਾ, ਡਾ. ਸੁਖਵਿੰਦਰ ਵਿਰਕ ਅਤੇ ਸ਼ਾਇਰ ਸੁਖਵਿੰਦਰ ਚੋਹਲਾ ਨੇ ਆਪਣੇ ਸੁਰੀਲੇ ਸੁਰਾਂ ਰਾਹੀਂ ਗਜ਼ਲਾਂ ਤੇ ਕਵਿਤਾਵਾਂ ਪੇਸ਼ ਕੀਤੀਆਂ। ਮੰਚ ਦੇ ਸ਼ਾਇਰ ਹਰਦਮ ਮਾਨ, ਉਸਤਾਦ ਕ੍ਰਿਸ਼ਨ ਭਨੋਟ, ਬਲਦੇਵ ਸੀਹਰਾ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼ ਨੇ ਵੀ ਇਸ ਮੁਬਾਰਕ ਮੌਕੇ ਤੇ ਸ਼ਾਬਾਸ਼ ਦੇਣ ਲਈ ਪੁੱਜੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *