ਗੱਲ ਜੁਲਾਈ ਮਹੀਨੇ ਦੀ ਹੈ। ਮੈਂ ਇੱਕ ਰਿਸ਼ਤੇਦਾਰ ਦੇ ਭੋਗ ਤੇ ਦਿੱਲੀ ਗਿਆ ਸੀ।ਉਸ ਦਿਨ ਪੂਰੀ ਦਿੱਲੀ ਵਿੱਚ ਹੀ ਮੀਂਹ ਬਹੁਤ ਪੈ ਰਿਹਾ ਸੀ। ਮੇਰੀ ਵਾਪਸੀ ਵੀ ਉਸੇ ਦਿਨ ਰਾਤ ਦੀ ਹੀ ਗੱਡੀ ਤੇ ਹੋਣ ਕਰਕੇ ਮੈਂ ਜਲਦੀ ਨਾਲ ਉੱਥੋਂ ਵਿਹਲਾ ਹੋ ਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਲਈ ਆਟੋ ਲੈ ਲਿਆ। ਮੈਂ ਅਜੇ ਥੋੜ੍ਹੀ ਹੀ ਦੂਰ ਗਿਆ ਸੀ ਕਿ ਮੀਂਹ ਹੋਰ ਤੇਜ਼ ਹੋ ਗਿਆ। ਸੜਕਾਂ ਉੱਤੇ ਹਰ ਪਾਸੇ ਹੀ ਪਾਣੀ ਹੀ ਪਾਣੀ ਸੀ।ਚੱਲਦੇ -ਚੱਲਦੇ ਕਈ ਵਾਰ ਪਾਣੀ ਦੀਆਂ ਛੱਲਾਂ ਆਟੋ ਦੇ ਅੰਦਰ ਤੱਕ ਵੀ ਆ ਰਹੀਆਂ ਸਨ ਪਰ ਬਾਹਰਲੇ ਪਾਸੇ ਲੱਗੀਆਂ ਰੋਕਾਂ ਕਰਕੇ ਮੇਰੇ ਕੱਪੜੇ ਭਿੱਜਣੋ ਤਾਂ ਬਚ ਗਏ ਸਨ ਪਰ ਪਾਣੀ ਨਾਲ ਮੇਰੇ ਬੂਟ ਭਿੱਜ ਗਏ ਸਨ। ਅੰਤ ਇੱਕ ਘੰਟੇ ਦੇ ਬਾਅਦ ਅਸੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੇ ਸੀ।ਮੈਂ ਪੰਜਾਬ ਮੇਲ ਗੱਡੀ ਲਈ ਨਿਸ਼ਚਿਤ ਪਲੇਟਫਾਰਮ ਨੰਬਰ ਪੰਜ ਤੇ ਪਹੁੰਚ ਗਿਆ। ਭਾਵੇਂ ਗੱਡੀ ਦਾ ਸਮਾ ਰਾਤ ਨੂੰ ਅੱਠ ਵੱਜ ਕੇ ਪੰਜਾਹ ਮਿੰਟ ਤੇ ਸੀ ਪਰ ਮੈਂ ਪਲੇਟ ਫਾਰਮ ਤੇ ਸਾਡੇ ਛੇ ਵਜੇ ਹੀ ਪਹੁੰਚ ਗਿਆ ਸੀ।
ਮੀਂਹ ਦੇ ਕਾਰਨ ਸਾਰੀਆਂ ਹੀ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹੋਣ ਕਰਕੇ ਸਟੇਸ਼ਨ ਤੇ ਬਹੁਤ ਜਿਆਦਾ ਭੀੜ ਸੀ। ਬਹੁਤ ਸਾਰੀਆਂ ਸਵਾਰੀਆਂ ਤਾਂ ਜਮੀਨ ਉੱਤੇ ਹੀ ਚਾਦਰਾਂ ਵਿਛਾਅ ਕੇ ਬੈਠੀਆਂ ਹੋਈਆਂ ਸਨ। ਥੋੜ੍ਹੀ ਹੀ ਦੇਰ ਬਾਅਦ ਗੱਡੀਆਂ ਦੇ ਦੇਰੀ ਨਾਲ ਆਉਣ ਦੇ ਬਾਰੇ ਵਿੱਚ ਸੂਚਨਾ ਸਪੀਕਰ ਵਿੱਚ ਅਨਾਊਸਮੈਂਟ ਹੋ ਰਹੀ ਸੀ। ਮੇਰੀ ਗੱਡੀ ਵੀ ਲਗਭਗ ਦੋ ਘੰਟੇ ਦੇਰੀ ਨਾਲ ਆ ਰਹੀ ਸੀ।ਬਾਕੀ ਯਾਤਰੀਆਂ ਵਾਂਗ ਮੇਰੇ ਕੋਲ ਵੀ ਕਰਨ ਨੂੰ ਕੋਈ ਕੰਮ ਨਹੀਂ ਸੀ। ਮੋਬਾਇਲ ਫੋਨ ਦੀ ਬੈਟਰੀ ਦੇ ਖਤਮ ਹੋਣ ਦੇ ਡਰ ਦੇ ਕਾਰਨ ਮੈਂ ਆਪਣਾ ਮੋਬਾਇਲ ਵੀ ਨਹੀਂ ਚਲਾ ਸਕਦਾ ਸੀ। ਅਚਾਨਕ ਮੇਰੀ ਨਜ਼ਰ ਇੱਕ ਅੱਧਖੜ ਉਮਰ ਦੀ ਪਰਵਾਸੀ ਔਰਤ ਉੱਤੇ ਪਈ। ਜਿਸਨੇ ਸਾੜੀ ਪਹਿਨੀਂ ਹੋਈ ਸੀ। ਉਸਨੇ ਪੂਰਾ ਮੇਕਅੱਪ ਕੀਤਾ ਹੋਇਆ ਸੀ। ਉਸਦੇ ਮਗਰ ਉਸਦਾ ਤਿੰਨ -ਚਾਰ ਸਾਲ ਦਾ ਬੱਚਾ ਤੁਰਿਆ ਜਾ ਰਿਹਾ ਸੀ। ਜਿਵੇਂ ਹੀ ਕੋਈ ਗੱਡੀ ਪਲੇਟ ਫਾਰਮ ਤੇ ਆ ਕੇ ਰੁਕਦੀ, ਉਹ ਤੇਜ਼ ਕਦਮਾਂ ਨਾਲ ਚੱਲਦੀ ਹਈ ਗੱਡੀ ਦੇ ਇੰਜਣ ਵੱਲ ਜਾਂਦੀ ਤੇ ਲਗਭਗ ਪੰਦਰ੍ਹਾਂ ਵੀਹਾਂ ਮਿੰਟਾਂ ਬਾਅਦ ਮੁਸਕਰਾਉਂਦੀ ਹੋਈ ਆਪਣੀ ਸਾੜੀ ਠੀਕ ਕਰਦੀ ਹੋਈ ਬਾਹਰ ਆ ਜਾਂਦੀ। ਉਸਦੇ ਮਗਰੇ ਹੀ ਮੁਸਕਰਾਉਂਦਾ ਹੋਇਆਂ ਗੱਡੀ ਦਾ ਡਰਾਇਵਰ ਵੀ ਬਾਹਰ ਆ ਜਾਂਦਾ।
ਮੇਰੇ ਨਾਲ ਬੈਠੈ ਹੋਏ ਇੱਕ ਮੁੰਡੇ ਨੇ ਉਸਨੂੰ ਵੇਖ ਕੇ ਮੈਨੂੰ ਕੂਹਨੀ ਮਾਰੀ ਤੇ ਬੋਲਿਆਂ,”ਵੇਖ ਲਵੋ ਜੀ ਕੀ ਸ਼ਰਮ ਲਾਈ ਹੈ ਇਸ ਔਰਤ ਨੇ….. ਸ਼ਰੇਆਮ ਹੀ ਲੱਗੀ ਪਈ ਹੈ। ਇਹੋਂ ਜਿਹੇ ਕੰਜ਼ਰ ਆ ਡਰਾਇਵਰ ਹਨ।” ਪਰ ਮੈਂ ਅੱਗੋਂ ਕੋਈ ਵੀ ਜਵਾਬ ਨਾ ਦਿੱਤਾ।
“ਨਾ ਭਾਈ ਸਾਹਿਬ ਆਹ ਕੰਮ ਕਿੰਨਾ ਕੁ ਵਧੀਆਂ ਹੈ। ਕਿਵੇਂ ਗੰਦ ਪਾਇਆਂ ਹੈ ਇੰਨਾ ਲੋਕਾਂ ਨੇ। ” ਉਹ ਦੁਬਾਰਾ ਬੋਲਿਆਂ।
“ਭਾਈ ਸਾਹਿਬ ਆਪਾਂ ਕੀ ਲੈਣਾ ਹੈ ਕਿਸੇ ਤੋਂ।”
“ਆਪਣੇ ਵਰਗੇ ਲੋਕਾਂ ਕਰਕੇ ਹੀ ਤਾਂ ਇੰਨਾਂ ਦੇ ਹੌਸਲੇ ਵਧੇ ਹਨ। ਤੁਸੀਂ ਆਪ ਹੀ ਦੇਖ ਲਵੋ। “
ਪਰ ਮੈਂ ਹੋਰ ਕੁਝ ਵੀ ਨਹੀਂ ਬੋਲਿਆਂ। ਥੋੜ੍ਹੀ ਹੀ ਦੇਰ ‘ਚ ਖੜ੍ਹੀ ਗੱਡੀ ਚੱਲ ਪਈ ਤੇ ਉਸਦੀ ਥਾਂ ਤੇ ਇੱਕ ਹੋਰ ਗੱਡੀ ਆ ਕੇ ਖੜ੍ਹ ਗਈ।ਉਹ ਔਰਤ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਕਮਰ ਹਿਲਾਉਂਦੀ ਹੋਈ ਗੱਡੀ ਦੇ ਇੰਜਣ ਵੱਲ ਵਧੀ।ਮੇਰੇ ਨਾਲ ਬੈਠਾ ਬੰਦਾ ਫ਼ੇਰ ਬੋਲ ਪਿਆ।ਮੈਨੂੰ ਵੀ ਇਸ ਗੱਲ ਦਾ ਪੱਕਾ ਯਕੀਨ ਹੋ ਗਿਆ ਕਿ ਇਹ ਔਰਤ ਜਰੂਰ ਕੋਈ ਗਲਤ ਕੰਮ ਹੀ ਕਰਦੀ ਹੋਵੇਗੀ ਜੋ ਗੱਡੀ ਰੁਕਦੇ ਹੀ ਡਰਾਇਵਰ ਕੋਲ ਚਲੀ ਜਾਂਦੀ ਹੈ।ਇਸ ਵਾਰ ਮੈਂ ਆਪਣਾ ਮਨ ਬਣਾ ਲਿਆ ਕਿ ਦੇਖਦੇ ਹਾਂ ਕਿ ਆਖਿਰ ਇਹ ਕਰਦੀ ਕੀ ਹੈ। ਜਿਵੇਂ ਹੀ ਅਗਲੀ ਗੱਡੀ ਆਈ ਤੇ ਉਹ ਇੰਜਣ ਵੱਲ ਚੱਲੀ ਤਾਂ ਮੈਂ ਵੀ ਆਪਣਾ ਬੈੱਗ ਉੱਥੇ ਰੱਖ ਕੇ ਚੁੱਪਚਾਪ ਉਸਦੇ ਮਗਰ ਹੀ ਚੱਲ ਪਿਆ।ਬੱਦਲ ਹੋਣ ਕਰਕੇ ਦੂਰੋਂ ਕੁਝ ਵੀ ਸਾਫ਼ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇੰਜਣ ਦੇ ਡਰਾਇਵਰ ਨੇ ਇੰਜਣ ਦੀ ਬਾਰੀ ਖੋਲ੍ਹ ਕੇ ਉਸ ਔਰਤ ਨੂੰ ਹੱਸ ਕਿ ਇਸ਼ਾਰਾ ਕੀਤਾ ਤੇ ਉਹ ਵੀ ਹੱਸ ਕੇ ਇੰਜਣ ਦੀਆਂ ਪੌੜੀਆਂ ਚੜ੍ਹਕੇ ਅੰਦਰ ਚਲੀ ਗਈ।
ਮੈਂ ਬਹੁਤ ਹੈਰਾਨ ਸੀ ਕਿ ਉਹ ਦੋਨੋਂ ਹੀ ਅੰਦਰ ਸਨ ਤੇ ਦਰਵਾਜ਼ਾ ਖੁੱਲ੍ਹਾ ਸੀ। ਮੈਂ ਡਰਦੇ-ਡਰਦੇ ਅੰਦਰ ਝਾਤੀ ਮਾਰੀ ਤਾਂ ਮੇਰੇ ਪੈਰਾਂ ਥੱਲੋਂ ਜਮੀਨ ਨਿਕਲ ਗਈ। ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ।ਮੈਨੂੰ ਆਪਣੀ ਸੋਚ ਉੱਤੇ ਬਹੁਤ ਗੁੱਸਾ ਆ ਰਿਹਾ ਸੀ।ਜੋ ਮੈਂ ਉਸ ਬੰਦੇ ਦੇ ਮਗਰ ਲੱਗ ਕੇ ਬਦਲ ਲਈ ਸੀ।
ਉਹ ਔਰਤ ਇੰਜਣ ਵਿੱਚ ਕੋਈ ਗਲਤ ਕੰਮ ਕਰਨ ਲਈ ਨਹੀਂ ਬਲਕਿ ਇੰਜਣ ਦੀ ਸਾਫ਼ ਸਫ਼ਾਈ ਕਰਨ ਲਈ ਜਾਂਦੀ ਸੀ। ਉਸ ਤੋਂ ਜੋ ਪੈਸੇ ਉਸਨੂੰ ਮਿਲਦੇ ਸਨ ਸ਼ਾਇਦ ਉਹਨਾਂ ਨਾਲ ਉਸਦੇ ਘਰ ਦਾ ਚੁੱਲ੍ਹਾ ਚੱਲਦਾ ਹੋਵੇਗਾ। ਮੈਨੂੰ ਅੱਜ ਵੀ ਆਪਣੀ ਗਲਤਫਹਿਮੀ ਉੱਤੇ ਦੁੱਖ ਹੁੰਦਾ ਹੈ ਕਿ ਮੈਂ ਅਜਿਹਾ ਕਿਸੇ ਦੇ ਬਾਰੇ ਗਲਤ ਕਿਵੇਂ ਸੋਚ ਸਕਦਾ ਸੀ।

ਸੰਦੀਪ ਦਿਉੜਾ
8437556667