ਹਾਈ ਕੋਰਟ ਦੇ ਜੱਜ ਐਨ.ਐਸ. ਸ਼ੇਖਾਵਤ ਦੇ ਬਾਲ ਘਰ ਦੇ ਦੌਰੇ ਦੌਰਾਨ, ਬੱਚਿਆਂ ਨੇ ਉਨ੍ਹਾਂ ਨੂੰ ਰਿਹਾਈ ਦੀ ਕੀਤੀ ਸੀ ਅਪੀਲ
ਫ਼ਰੀਦਕੋਟ, 29 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਨੇ ਦੱਸਿਆ ਕਿ ਕਰੀਬ 20 ਮਹੀਨੇ ਪਹਿਲਾਂ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਆਏ ਦੋ ਪਾਕਿਸਤਾਨੀ ਨਾਬਾਲਗ ਬੱਚਿਆਂ ਨੂੰ ਆਖਰਕਾਰ ਉਨ੍ਹਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ, ਹਾਲਾਂਕਿ ਉਨ੍ਹਾਂ ਨੂੰ ਰਿਹਾਈ ਦੇ ਹੁਕਮ ਪਿਛਲੇ ਮਹੀਨੇ 28 ਮਾਰਚ ਨੂੰ ਆਏ ਸਨ ਅਤੇ ਬੱਚਿਆਂ ਨੂੰ ਪਾਕਿਸਤਾਨ ਨੂੰ ਸੌਪਣ ਲਈ ਅਟਾਰੀ ਸਰਹੱਦ ਪਹੁੰਚਾ ਦਿੱਤਾ ਗਿਆ ਸੀ, ਪਰ ਪਾਕਿਸਤਾਨ ਨੇ ਇਹ ਹੁਕਮ ਨਹੀਂ ਮੰਨਿਆ ਸੀ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 31 ਅਗਸਤ 2022 ਨੂੰ ਪਾਕਿਸਤਾਨ ਦੇ ਲਾਹੌਰ ਦੇ ਰਹਿਣ ਵਾਲੇ ਦੋ ਨਾਬਾਲਗ ਬੱਚੇ ਅਬਾਸ ਹਸਨ ਅਤੇ ਜਾਹਿਦ ਅੱਬਾਸ ਗਲਤੀ ਨਾਲ ਸਰਹੱਦ ਪਾਰ ਕਰਕੇ ਪੰਜਾਬ ਵਿਚ ਦਾਖਲ ਹੋ ਗਏ ਸਨ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਬੱਚਿਆਂ ਨੂੰ ਅਪ੍ਰੈਲ 2023 ਵਿਚ ਅਦਾਲਤ ਨੇ ਬਰੀ ਕਰ ਦਿੱਤਾ ਸੀ, ਬਰੀ ਹੋਣ ਉਪਰੰਤ ਦੋਨੋ ਬੱਚੇ ਆਪਣੀ ਰਿਹਾਈ ਦੀ ਉਡੀਕ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁਝ ਮਹੀਨੇਂ ਪਹਿਲਾਂ ਜਦੋਂ ਓਨਰੇਬਲ ਮਿਸਟਰ ਜਸਟਿਸ ਐਨ.ਐਸ.ਸ਼ੇਖਾਵਤ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਫਰੀਦਕੋਟ ਦੇ ਬਾਲ ਘਰ ਦਾ ਦੌਰਾ ਕੀਤਾ ਤਾਂ ਸਰਹੱਦ ਪਾਰ ਕਰਕੇ ਆਏ ਦੋਨਾਂ ਬੱਚਿਆਂ ਨੇ ਉਨ੍ਹਾਂ ਨੂੰ ਆਪਣੀ ਰਿਹਾਈ ਦੀ ਅਪੀਲ ਕੀਤੀ। ਉਨ੍ਹਾਂ ਦੀ ਰਿਹਾਈ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਬੱਚਿਆਂ ਨੂੰ 28 ਮਾਰਚ ਨੂੰ ਅਟਾਰੀ ਸਰਹੱਦ ਤੇ ਪਾਕਿਸਤਾਨ ਡਿਪੋਰਟ ਕਰਨ ਲਈ ਭੇਜਿਆ ਗਿਆ ਸੀ, ਪਰ ਪਾਕਿਸਤਾਨ ਤੋਂ ਸਬੰਧਤ ਦਸਤਾਵੇਜਾਂ ਦੇ ਨਾ ਮਿਲਣ ਕਰਕੇ ਉਨ੍ਹਾਂ ਦੀ ਰਿਹਾਈ ਤੇ ਰੋਕ ਲਗਾ ਦਿੱਤੀ ਗਈ ਸੀ।
ਜਿਲ੍ਹਾ ਸੈਸ਼ਨ ਜੱਜ ਨੇ ਦੱਸਿਆ ਕਿ ਹੁਣ ਬੱਚਿਆਂ ਨਾਲ ਸਬੰਧਤ ਸਾਰੇ ਦਸਤਾਂਵੇਜਾਂ ਦੀ ਜਾਂਚ ਤੋਂ ਬਾਅਦ ਨਾਬਾਲਗ ਬੱਚਿਆਂ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਅਧਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਮੌਕੇ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੁਲਸ ਪ੍ਰਸ਼ਾਸਨ ਹਾਜਰ ਸਨ।
Leave a Comment
Your email address will not be published. Required fields are marked with *