“ਆਹ ਸਰ, ਸਾਡੇ ਬੱਚੇ ਦੇ ਇੰਨੇ ਘੱਟ ਅੰਕ ਕਿਵੇਂ ਆਏ? ਉਹ ਹਰ ਰੋਜ਼ ਸਕੂਲ ਆਉਂਦਾ ਹੈ ਅਤੇ ਟਿਊਸ਼ਨ ਲਈ ਵੀ ਜਾਂਦਾ ਹੈ।” ਰੋਹਨ ਦੀ ਮਾਂ ਪਰੇਸ਼ਾਨੀ ਵਿੱਚ ਆਪਣੇ ਬੇਟੇ ਰੋਹਨ ਦੇ ਕਲਾਸ ਇੰਚਾਰਜ ਨੂੰ ਸਵਾਲ ਪੁੱਛਣ ਲੱਗੀ। ਰੋਹਨ ਦੇ ਕਲਾਸ ਇੰਚਾਰਜ ਨੇ ਰਿਪੋਰਟ ਕਾਰਡ ਦਾ ਮੁਲਾਂਕਣ ਕਰਦੇ ਹੋਏ ਰੋਹਨ ਦੀ ਮਾਂ ਨੂੰ ਕਿਹਾ, “ਵੇਖੋ ਮੈਡਮ, ਰੋਹਨ ਸਕੂਲ ਤਾਂ ਆਉਂਦਾ ਹੈ ਪਰ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕਰਦਾ। ਅਸੀਂ ਆਪਣੇ ਪੱਧਰ ‘ਤੇ ਤਾਂ ਸਕੂਲ ਵਿਚ ਪੜ੍ਹਾ ਸਕਦੇ ਹਾਂ, ਪਰ ਇਹ ਯਕੀਨੀ ਬਣਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ, ਸਕੂਲ ਦੀ ਨਹੀਂ ਕਿ ਬੱਚਾ ਘਰ ਵਿਚ ਪੜ੍ਹੇ ਅਤੇ ਟਿਊਸ਼ਨ ਤੇ ਜਾਵੇ।”
ਰੋਹਨ ਦੀ ਮਾਂ ਨੇ ਆਪਣੀ ਗਲਤੀ ਮੰਨਣ ਦੇ ਭਾਵ ਨਾਲ ਕਿਹਾ ਕਿ ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਰੋਹਨ ਕੁਝ ਖੇਡਣ ਤੋਂ ਬਾਅਦ ਟਿਊਸ਼ਨ ਪੜ੍ਹਨ ਜਾਂਦਾ ਹੈ ਅਤੇ ਫਿਰ ਉਥੋਂ ਵਾਪਸ ਆ ਕੇ ਟੀਵੀ ਵੇਖਦਿਆਂ, ਮੋਬਾਈਲ ਗੇਮਾਂ ਖੇਡਦਿਆਂ, ਖਾਣਾ ਖਾ ਕੇ ਸੌਂ ਜਾਂਦਾ ਹੈ। ਮੈਂ ਵੀ ਸੋਚਦੀ ਹਾਂ ਕਿ ਬੱਚਾ ਸਕੂਲ ਅਤੇ ਟਿਊਸ਼ਨ ਤੋਂ ਥੱਕ ਜਾਂਦਾ ਹੈ, ਇਸੇ ਲਈ ਮੈਂ ਰੋਹਨ ਨੂੰ ਸਵੇਰੇ ਜਲਦੀ ਉੱਠ ਕੇ ਪੜ੍ਹਨ ਲਈ ਨਹੀਂ ਕਹਿੰਦੀ। ਕਲਾਸ ਇੰਚਾਰਜ ਨੇ ਰੋਹਨ ਦੀ ਮਾਂ ਨੂੰ ਹੈਰਾਨੀ ਦੇ ਭਾਵ ਨਾਲ ਕਿਹਾ ਕਿ ਜੇਕਰ ਸਚਿਨ ਤੇਂਦੁਲਕਰ, ਸਾਇਨਾ ਨੇਹਵਾਲ ਅਤੇ ਏ.ਪੀ.ਜੇ. ਅਬਦੁਲ ਕਲਾਮ ਦੇ ਪੇਰੈਂਟਸ ਤੁਹਾਡੇ ਵਾਂਗ ਉਨ੍ਹਾਂ ਨੂੰ ਸਵੇਰੇ ਜਲਦੀ ਉੱਠ ਕੇ ਮਿਹਨਤ ਕਰਨ ਲਈ ਨਾ ਕਹਿੰਦੇ, ਤਾਂ ਇਹ ਸ਼ਖ਼ਸ ਅੱਜ ਮਹਾਨ ਨਾ ਬਣਦੇ। ਇੰਨਾਂ ਕਹਿ ਕੇ ਕਲਾਸ ਇੰਚਾਰਜ ਨੇ ਹੋਰ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੋਹਨ ਦੀ ਮੰਮੀ ਨੂੰ ਸਕੂਲ ਦੀ ਕੰਧ ‘ਤੇ ਟੰਗੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਵੇਖ ਕੇ ਉਨ੍ਹਾਂ ਦੇ ਸੰਘਰਸ਼ ਦੇ ਦਿਨ ਯਾਦ ਆਉਣ ਲੱਗੇ |

# ਮੂਲ : ਦਿਨੇਸ਼ ਦਿਨਕਰ, ਸੋਨੀਪਤ (ਹਰਿਆਣਾ)
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.