ਮਲਟੀਪਰਪਜ਼ ਹੈਲਥ ਵਰਕਰ ਦੀ ਪ੍ਰੀਖਿਆ ’ਚ ਬੈਠੇ 7 ਹਜਾਰ ਬੇਰੁਜ਼ਗਾਰ ਨੌਜਵਾਨ ਹੋ ਰਹੇ ਹਨ ਖੱਜਲ ਖੁਆਰ
ਯੂਨੀਵਰਸਿਟੀ ਦਾ ਕੰਮ ਬਿਲਕੁਲ ਪਾਰਦਰਸ਼ੀ ਫਿਰ ਵੀ ਕਰਾਂਗੇ ਹੱਲ : ਵਾਈਸ ਚਾਂਸਲਰ
ਫਰੀਦਕੋਟ, 9 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਫਰੀਦਕੋਟ ਵਿਖੇ ਆਏ ਕਰੀਬ 7 ਹਜਾਰ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਯੂਨੀਵਰਸਿਟੀ ਦੀ ਗਲਤੀ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਉਕਤ ਨੌਜਵਾਨ ਬਿਨਾ ਕਸੂਰੋਂ ਖੱਜਲ ਖੁਆਰ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਫਰੀਦ ਯੂਨੀਵਰਸਿਟੀ ਐਂਡ ਹੈਲਥ ਸਾਇੰਸਜ ਫਰੀਦਕੋਟ ਵਲੋਂ ਬੀਤੇ ਕੱਲ ਅਰਥਾਤ ਐਤਵਾਰ ਵਾਲੇ ਦਿਨ ਮਲਟੀਪਰਪਜ ਹੈਲਥ ਵਰਕਸ ਦੀਆਂ ਆਸਾਮੀਆਂ ਲਈ ਪੇਪਰ ਲਿਆ, ਜਿਸ ਲਈ ਯੂਨੀਵਰਸਿਟੀ ਵਲੋਂ ਸਿਲੇਬਸ ਦੀ ਕਿਤਾਬ ਜਾਰੀ ਕੀਤੀ ਗਈ, ਪ੍ਰੀਖਿਆਰਥੀਆਂ ਨੇ ਉਕਤ ਸਿਲੇਬਸ ਦੀ ਤਿਆਰੀ ਮੁਤਾਬਿਕ ਪ੍ਰਸ਼ਨ ਪੱਤਰਾਂ ਦੇ ਸਹੀ ਜਵਾਬ ਦੇ ਦਿੱਤੇ ਪਰ ਯੂਨੀਵਰਸਿਟੀ ਨੇ ਉਕਤ ਜਵਾਬਾਂ ਨੂੰ ਗਲਤ ਠਹਿਰਾਇਆ। ਕੁਝ ਪ੍ਰੀਖਿਆਰਥੀਆਂ ਵਲੋਂ ਇਤਰਾਜ ਕਰਨ ’ਤੇ ਯੂਨੀਵਰਸਿਟੀ ਨੇ ਆਖਿਆ ਕਿ 500 ਰੁਪਿਆ ਜਮਾ ਕਰਵਾ ਕੇ ਕੋਈ ਵੀ ਉਮੀਦਵਾਰ ਆਪਣੇ ਪੇਪਰਾਂ ਦੀ ਰੀਚੈਕਿੰਗ ਕਰਵਾ ਸਕਦਾ ਹੈ। ਉਸ ਵਾਸਤੇ 8 ਜਨਵਰੀ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ। ਹੱਡ ਚੀਰਵੀਂ ਸਰਦੀ ਅਤੇ ਧੁੰਦ ਦੇ ਮੌਸਮ ਵਿੱਚ ਬੇਰੁਜਗਾਰ ਲੜਕੇ-ਲੜਕੀਆਂ ਪੰਜਾਬ ਦੇ ਕੋਨੇ ਕੋਨੇ ਤੋਂ ਫਰੀਦਕੋਟ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਤੇ 5 ਵਜੇ ਤੱਕ ਅਜੇ ਬਹੁਤ ਸਾਰੇ ਉਮੀਦਵਾਰ ਅਜਿਹੇ ਸਨ, ਜੋ ਫਰੀਦਕੋਟ ਤਾਂ ਨਹੀਂ ਪਹੁੰਚ ਸਕੇ ਪਰ ਰਸਤੇ ਵਿੱਚ ਬੱਸਾਂ, ਰੇਲਾਂ ਜਾਂ ਹੋਰ ਵਾਹਨਾ ਰਾਹੀਂ ਅਜੇ ਸਫਰ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਝ ਲੜਕੇ-ਲੜਕੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਸਿਲੇਬਸ ਦੀ ਕਿਤਾਬ ਮੁਤਾਬਿਕ ਉਹਨਾਂ ਵਲੋਂ ਪੰਜ ਪ੍ਰਸ਼ਨਾ ਦੇ ਦਿੱਤੇ ਗਏ ਉੱਤਰ ਬਿਲਕੁਲ ਸਹੀ ਸਨ ਪਰ ਯੂਨੀਵਰਸਿਟੀ ਨੇ ਆਪਣੀ ਕਿਤਾਬ ਵਿੱਚ ਹੋਈ ਗਲਤੀ ਮੰਨਣ ਦੀ ਬਜਾਇ ਉਲਟਾ ਪ੍ਰੀਖਿਆਰਥੀਆਂ ਦੇ ਜਵਾਬਾਂ ਨੂੰ ਹੀ ਗਲਤ ਠਹਿਰਾਅ ਦਿੱਤਾ। ਉਹਨਾਂ ਆਖਿਆ ਕਿ ਉਹ ਬੀਤੇ ਕੱਲ ਪੇਪਰ ਦੇਣ ਮੌਕੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਫਰੀਦਕੋਟ ਵਿਖੇ ਆਏ, ਕੋਈ ਜਾਣ ਪਛਾਣ ਨਾ ਹੋਣ ਕਾਰਨ ਉਹਨਾਂ ਨੂੰ 4 ਤੋਂ 5 ਹਜਾਰ ਰੁਪਏ ਤੱਕ ਖਰਚਾ ਕਰਕੇ ਹੋਟਲਾਂ ਵਿੱਚ ਇਕ ਜਾਂ ਦੋ ਰਾਤਾਂ ਬਤੀਤ ਕਰਨੀਆਂ ਪਈਆਂ, ਅੱਜ ਸਵੇਰੇ ਘਰਾਂ ਨੂੰ ਵਾਪਸ ਪਰਤੇ ਤਾਂ ਯੂਨੀਵਰਸਿਟੀ ਦਾ ਨਵਾਂ ਆਦੇਸ਼ ਸੁਣਨ ਨੂੰ ਮਿਲਿਆ, ਜਿਸ ਨੇ ਸਾਡੇ ਪੈਰਾਂ ਹੇਠੋਂ ਜਮੀਨ ਹੀ ਖਿਸਕਾ ਦਿੱਤੀ। ਉਕਤ ਬੇਰੁਜਗਾਰ ਲੜਕੇ-ਲੜਕੀਆਂ ਨੇ ਹੈਰਾਨੀ ਪ੍ਰਗਟਾਈ ਕਿ ਪਹਿਲਾਂ ਇਸ ਤਰਾਂ ਦੇ ਪੇਪਰ ਜਿਲਾ ਪੱਧਰ ’ਤੇ ਹੁੰਦੇ ਸਨ ਪਰ ਇਸ ਵਾਰ ਉਹਨਾਂ ਨੂੰ ਫਰੀਦਕੋਟ ਵਿਖੇ ਸੱਦਿਆ ਗਿਆ, ਜਿੱਥੇ ਉਹ ਹੱਡ ਚੀਰਵੀਂ ਸਰਦੀ ਅਤੇ ਧੁੰਦ ਦੇ ਮੌਸਮ ਦੇ ਬਾਵਜੂਦ ਵੀ ਪੁੱਜੇ ਪਰ ਹੁਣ ਫਿਰ ਬਿਨਾ ਕਸੂਰੋਂ ਜਲੀਲ ਹੋਣ ਲਈ ਮਜਬੂਰ ਹਨ। ਸੰਪਰਕ ਕਰਨ ’ਤੇ ਡਾ ਰਾਜੀਵ ਸੂਦ ਵਾਈਸ ਚਾਂਸਲਰ ਨੇ ਆਖਿਆ ਕਿ ਉਕਤ ਸਮੱਸਿਆ ਹੱਲ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਉਂਝ ਉਹਨਾਂ ਆਖਿਆ ਕਿ ਯੂਨੀਵਰਸਿਟੀ ਦਾ ਕੰਮ ਬਿਲਕੁਲ ਪਾਰਦਰਸ਼ੀ ਹੈ।
Leave a Comment
Your email address will not be published. Required fields are marked with *