ਧਰਤ ‘ਤੇ ਆਇਆ ਜਦੋਂ ਵੀ, ਹੈ ਕਿਤੇ ਵੀ ਜ਼ਲਜ਼ਲਾ।
ਮੇਰਾ ਘਰ, ਬੂਹਾ, ਬਨੇਰਾ, ਸਹਿਮਿਆ, ਫਿਰ ਕੰਬਿਆ।
ਟਾਹਣੀਆਂ ਦੇ ਦਿਲ ‘ਚ ਹਾਲੇ, ਕੰਬਣੀ ਓਸੇ ਤਰ੍ਹਾਂ,
ਮੁੱਦਤਾਂ ਪਹਿਲਾਂ ਸੀ ਏਥੋਂ, ਵਾ-ਵਰੋਲਾ ਗੁਜ਼ਰਿਆ।
ਉਹ ਜੋ ਬੈਠੀ ਹੈ ਸਵੈਟਰ ਬੁਣਨ ਤੜਕੇ ਜਾਗ ਕੇ,
ਉੱਨ ਦਾ ਗੋਲਾ ਵਿਚਾਰੀ ਦਾ ਅਜੇ ਤਕ ਉਲਝਿਆ।
ਨੀਰ ਨਦੀਆਂ ਦਾ ਵਹੇ ਨਿਰਮਲ ਨਿਰੰਤਰ ਰਾਤ ਦਿਨ,
ਤੇਰੇ ਘਰ ਖਾਰਾ ਬਣੇ ਕਿਉਂ, ਮੈਂ ਸਮੁੰਦਰ ਨੂੰ ਕਿਹਾ।
ਬਾਲਕਾ ਜੰਗਲ ‘ਚ ਜੀਕੂੰ ਚਾਰੇ ਪਾਸੇ ਰਾਤ ਸੀ,
ਸਹਿਮ ਜਾਵਾਂ ਸੋਚ ਕੇ, ਮੈਂ ਡਰ ਕੇ ਕਿਉਂ ਨਾ ਚੀਕਿਆ?
ਜਾਲ ਹੈ ਵਿਛਿਆ ਚੁਫ਼ੇਰੇ, ਚੋਗ ਦਾ ਲਾਲਚ ਨਾ ਕਰ,
ਤੈਨੂੰ ਘੇਰਨ ਵਾਸਤੇ ਬੈਠੇ ਸ਼ਿਕਾਰੀ ਭੋਲਿਆ।
ਪੰਜ ਸਾਲਾਂ ਬਾਅਦ, ਭੇਡਾਂ ਸਮਝ ਕੇ ਪੁਚਕਾਰਦੈ,
ਮੁੰਨ ਕੇ ਫਿਰ ਪਰਤ ਜਾਵੇ, ਕੈਂਚੀਆਂ ਦਾ ਕਾਫ਼ਲਾ।
▪️ਗੁਰਭਜਨ ਗਿੱਲ
Leave a Comment
Your email address will not be published. Required fields are marked with *