ਵੱਸਦੇ ਪਿੰਡ ਉਜਾੜ ਕੇ, ਪੱਥਰ ਸ਼ਹਿਰ ਉਸਾਰਿਆ।
ਚੰਡੀਗੜ੍ਹ ਹੁਣ ਆਖਦੇ ਤੈਨੂੰ ਲਮਕੇ ਲਾਰਿਆ।
ਮੰਗਿਆ ਤਾਂ ਸੀ ਮੇਘਲਾ, ਮਾਂ ਬੋਲੀ ਦੇ ਵਾਸਤੇ,
ਤੂੰ ਤੇ ਔੜਾਂ ਬਖ਼ਸ਼ੀਆਂ, ਹਾਕਮ ਬੇਇਤਬਾਰਿਆ।
ਸੂਹਾ ਫੁੱਲ ਗੁਲਾਬ ਦਾ, ਕਹਿ ਮਾਂ ‘ਵਾਜ਼ਾਂ ਮਾਰਦੀ,
ਮੇਰੀ ਬੋਲੀ ਭੁੱਲਿਆ, ਕਿਉਂ ਤੂੰ ਅੱਖ ਦੇ ਤਾਰਿਆ।
ਪਿੱਠਾਂ ਕਰ ਕਿਉਂ ਬੈਠਦੇ, ਤੇਰੇ ਸ਼ਹਿਰ ਮਕਾਨ ਵੀ,
ਕਿਉਂ ਨਿਰਮੋਹਾ ਹੋ ਗਿਆ, ਤੂੰ ਸਾਰੇ ਦੇ ਸਾਰਿਆ।
ਦੋ ਗੱਦੀਆਂ ਦੀ ਮਾਲਕੀ, ਭਰਮ ਭੁਲੇਖੇ ਸ਼ਾਨ ਦੇ,
ਤੇਰੇ ਮਾਲਿਕ ਹੋਰ ਨੇ, ਓ ਕਰਮਾਂ ਦੇ ਮਾਰਿਆ।
ਬਿੱਲੀਆਂ ਲੜ ਕੀ ਖੱਟਿਆ, ਬਾਂਦਰ ਮੌਜਾਂ ਮਾਣਦਾ,
ਵੰਡਦਾ ਰੋਟੀ ਲੈ ਗਿਆ, ਫੁੱਟ ਕੀ ਸਾਨੂੰ ਤਾਰਿਆ?
ਕਿਸਦੀ ਹੋਰ ਮਜ਼ਾਲ ਸੀ, ਸਾਨੂੰ ਏਦਾਂ ਚੀਰਦੇ,
ਬੰਦਾ ਜਦ ਵੀ ਹਾਰਿਆ, ਅਕਲਾਂ ਬਾਝੋਂ ਹਾਰਿਆ।
🟥
🔹ਗੁਰਭਜਨ ਗਿੱਲ