ਡੁੱਬਦੇ ਸੂਰਜ ਦੇ ਵਿੱਚ ਘੁਲ਼ਿਆ, ਕਿੱਧਰ ਸਾਡਾ ਯਾਰ ਤੁਰ ਗਿਆ।
ਦਿਲ ਦਾ ਹਾਣ ਜ਼ਬਾਨ ਦਾ ਪੱਕਾ,ਤੋੜ ਕੇ ਕੌਲ ਕਰਾਰ ਤੁਰ ਗਿਆ।
ਬੜੇ ਵਾਸਤੇ ਪਾਏ! ਹਾਏ! ਇੱਕ ਨਾ ਮੰਨੀ ਜਾਣ ਦੇ ਵੇਲ਼ੇ,
ਸਾਡੇ ਮਨ ਤੇ ਅਣਮਿਣਵਾਂ ਉਹ ਪਾ ਕੇ ਕੈਸਾ ਭਾਰ ਤੁਰ ਗਿਆ।
ਬਾਤ- ਹੁੰਗਾਰਾ ਭਰਦਾ ਭਰਦਾ, ਅਚਨਚੇਤ ਕਿਸ ਖੂਹ ਵਿੱਚ ਲੱਥਿਆ,
ਰੂਹ ਤੇ ਪੈੜਾਂ ਪਾਉਂਦਾ ਪਾਉਂਦਾ ਚੁੱਪ ਦੀ ਬੁੱਕਲ ਮਾਰ ਤੁਰ ਗਿਆ।
ਅਜੇ ਅਲਾਪ ਲਿਆ ਸੀ ਉਸ ਨੇ, ਗਾਉਣਾ ਸੀ ਜਿਸ ਹੇਕਾਂ ਲਾ ਕੇ,
ਸਾਜ਼ ਵਿਲਕਦੇ ਹਾਲੇ ਤੱਕ ਵੀ
ਤੋੜ ਸਬੂਤੀ ਤਾਰ ਤੁਰ ਗਿਆ।
ਕਿੰਨੇ ਸੁਪਨੇ, ਕਿੰਨੀਆਂ ਰੀਝਾਂ, ਕੋਰੇ ਵਰਕੇ ਵਾਹੀਆਂ ਲੀਕਾਂ,
ਤੜਪ ਰਹੇ ਰੰਗ ਡੱਬੀਆਂ ਅੰਦਰ,ਸਭ ਨੂੰ ਜਿਉਂਦੇ ਮਾਰ ਤੁਰ ਗਿਆ।
ਬਾਂਸ ਦੀ ਪੋਰੀ ਛੇਕਾਂ ਵਿੰਨ੍ਹੀ, ਹੁਣ ਹੋਠਾਂ ਨੂੰ ਸਹਿਕ ਰਹੀ ਹੈ,
ਸੁਰ ਦੇ ਨਾਲ ਕਲੋਲਾਂ ਕਰਦਾ,ਕਿੱਧਰ ਕ੍ਰਿਸ਼ਨ ਮੁਰਾਰ ਤੁਰ ਗਿਆ।
ਅੱਥਰੇ ਘੋੜੇ ਮਾਰ ਪਲਾਕੀ, ਚੜ੍ਹ ਜਾਂਦਾ ਸੀ ਵਾਗਾਂ ਫੜ ਕੇ,
ਸਾਨੂੰ ਛੱਡ ਕੇ ਕਿਹੜੇ ਰਾਹੀਂ, ਸਾਡਾ ਪੌਣ ਸਵਾਰ ਤੁਰ ਗਿਆ।

▪️ਗੁਰਭਜਨ ਗਿੱਲ