ਪਾਰ ਕਿਨਾਰੇ ਜਾ ਕੇ ਰਿਸ਼ਤੇ ਛੁੱਟੇ ਨੇ।
ਅੰਬਰ ਦੇ ਵਿਚ ਚੜ੍ਹਕੇ ਤਾਰੇ ਟੁੱਟੇ ਨੇ।
ਲੈ ਲਉ ਸਾਥੋਂ ਸ਼ੁੱਭਇੱਛਾਵਾਂ ਦੇ ਗੁਲਸ਼ਨ,
ਫੁੱਲ ਗੁਲਾਬੀ, ਮੌਲਸਿਰੀ ਤੇ ਗੁੱਟੇ ਨੇ।
ਯਾਦ ਤਿਰੀ ਦੀਆਂ ਕਿਰਚਾਂ ਕਿੱਥੋ ਆ ਗਈਆਂ,
ਜ਼ਖ਼ਮ ਦੁਬਾਰਾ ਪੈਰਾਂ ਵਿੱਚੋਂ ਫੁੱਟੇ ਨੇ।
ਹੋਰਾਂ ਤੇ ਕਿਉਂ ਐਵੇਂ ਦੋਸ਼ ਲਗਾਉਂਦੇ ਹੋ,
ਰਹਿਬਰ ਨੇ ਖੁਦ ਅਪਣੇ ਰਾਹੀਂ ਲੁੱਟੇ ਨੇ।
ਹਾਕਮ ਦੀ ਕਾਰਗੁਜ਼ਾਰੀ ਦਾ ਵਰਤਾਰਾ,
ਆਪਣੇ ਹੀ ਸਾਹ ਆਪੇ ਲੋਕਾਂ ਘੁੱਟੇ ਨੇ।
ਦਾਦੀ ਮਾਂ ਦੀ ਯਾਦ ਬੜੀ ਫਿਰ ਆਈ ਹੈ,
ਉਖਲੀ ਦੇ ਵਿਚ ਜਦ ਵੀ ਦਾਣੇ ਕੁੱਟੇ ਨੇ।
ਕੌਣ ਗਿਆ ਹੈ ਚਾਰਚੁਫੇਰੇ ਖ਼ੁਸ਼ਬੂ ਹੈ,
ਟਹਿਣੀ ਦੇ ਨਾਲ ਫਿਰ ਤੋਂ ਅੰਕੁਰ ਫੁੱਟੇ ਨੇ।
ਯੁਗ ਪਰਿਵਰਤਨ ਦਾ ਇਹ ਇਕ ਸੰਦੇਸ਼ਾਂ ਹੈ,
ਬਾਰਿਸ਼ ਦੀ ਥਾਂ ਬੱਦਲਾਂ ਪੱਥਰ ਸੁੱਟੇ ਨੇ।
ਜੰਗਲ ਦੇ ਵਿਚ ਖਾਮੋਸ਼ੀ ਤੇ ਮਾਤਮ ਹੈ,
ਤੇਜ਼ਹਵਾਵਾਂ ਜੜ੍ਹ ਨਾਲੋਂ ਰੁੱਖ ਪੁੱਟੇ ਨੇ।
ਬਾਲਮ ਉਹਨਾਂ ਰੁੱਤ ਸੁਨਹਿਰੀ ਲੈ ਆਉਣੀਂ,
ਉਦੱਮ ਦੀ ਮਰਿਆਦਾ ਵਿਚ ਜੋ ਜੁੱਟੇ ਨੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਕਾਂਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 9815625409