ਸੰਗਤ ਦੀ ਰੰਗਤ ਤਾਂ ਅਕਸਰ ਆ ਹੀ ਜਾਂਦੀ ਏ।
ਮਾੜੀ ਚੰਗੀ ਸੰਗਤ ਰੰਗ ਦਿਖਾ ਹੀ ਜਾਂਦੀ ਏ।
ਜੀਵਨ ਵਿਚ ਕੀ ਬਣਨਾ ਪਹਿਲਾਂ ਮਨ ਵਿਚ ਧਾਰ ਲਵੋ,
ਰਾਹ ਚੰਗੇ ‘ਤੇ ਸੋਚ ਬੰਦੇ ਨੂੰ ਪਾ ਹੀ ਜਾਂਦੀ ਏ।
ਦੁਨੀਆਂ ਵਿਚ ਜਦ ਭਾਂਤ ਭਾਂਤ ਦੇ ਲੋਕੀਂ ਮਿਲਦੇ ਨੇ,
ਬੁਰੇ ਭਲੇ ਦੀ ਸਮਝ ਅਸਾਨੂੰ ਆ ਹੀ ਜਾਂਦੀ ਏ।
ਧੋਖੇਬਾਜ਼ੀਆਂ ਕਰਕੇ ਜਨਤਾ ਪਾਸਾ ਵੱਟ ਜਾਂਦੀ,
ਭੋਲ਼ੇ ਬੰਦਿਆਂ ਪੱਲੇ ਉਲਝਨ ਪਾ ਹੀ ਜਾਂਦੀ ਏ।
ਚੰਗੀ ਪੁਸਤਕ ਪੜ੍ਹ ਕੇ ਜਦ ਕੋਈ ਸੇਧ ਹੈ ਲੈ ਲੈਂਦਾ,
ਉਸ ਬੰਦੇ ਨੂੰ ਜਾਂਚ ਜੀਣ ਦੀ ਆ ਹੀ ਜਾਂਦੀ ਏ।
ਸੱਚੇ ਮਾਰਗ ਤੁਰਨਾ ਬੇਸ਼ਕ ਬਿੱਖੜੀ ਘਾਟੀ ਹੈ,
ਚਲਦੇ ਚਲਦੇ ਜ਼ਿੰਦਗੀ ਮੰਜ਼ਿਲ ਪਾ ਹੀ ਜਾਂਦੀ ਏ।
ਜੀਵਨ ਹੈ ਅਣਮੋਲ ‘ਲਾਂਬੜਾ’ ਤੂੰ ਵੀ ਜਾਣ ਲਵੀਂ,
ਸਤਿਸੰਗਤ ਬੰਦੇ ਨੂੰ ਸੁਰਗ ਦਿਖਾ ਹੀ ਜਾਂਦੀ ਏ।

ਸੁਰਜੀਤ ਸਿੰਘ ‘ਲਾਂਬੜਾ’