ਜਪਾਨ 30 ਅਕਤੂਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਅਤੇ ਗਾਇਕ ਜੋੜੀ ਛਿੰਦਾ ਰਾਏਕੋਟੀ ਅਤੇ ਹਰਮਨ ਬਾਠ ਦਾ ਗਾਇਆ ਨਵਾਂ ਦੋਗਾਣਾ ਅੱਜ ਦਾ ਮਾਮਲਾ ਰੀਲੀਜ਼ ਕੀਤਾ ਗਿਆ। ਪ੍ਰਸਿੱਧ ਕੈਸਿਟ ਕੰਪਨੀ ਜੋਧਾਂ ਰਿਕਾਰਡਜ਼ ਵੱਲੋਂ ਰੀਲੀਜ਼ ਕੀਤੇ ਗਏ ਗਾਇਕ ਛਿੰਦਾ ਰਾਏਕੋਟੀ ਅਤੇ ਗਾਇਕਾਂ ਹਰਮਨ ਬਾਠ ਦੇ ਗਾਏ ਦੋਗਾਣੇ ਅੱਜ ਦਾ ਮਾਮਲਾ ਬਾਰੇ ਜਾਣਕਾਰੀ ਦਿੰਦਿਆਂ ਕੰਪਨੀ ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਨੇ ਦੱਸਿਆ ਕਿ ਮੇਰੇ ਵੱਲੋਂ ਲਿਖੇ ਗਏ ਦੋਗਾਣੇ ਨੂੰ ਛਿੰਦਾ ਰਾਏਕੋਟੀ ਅਤੇ ਹਰਮਨ ਬਾਠ ਦੀ ਗਾਇਕ ਜੋੜੀ ਨੇ ਬਾਖੂਬੀ ਗਾਇਆ ਅਤੇ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੋਗਾਣੇ ਵਿੱਚ ਸੰਗੀਤਕ ਰੰਗ ਭਰਨ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਅਵਤਾਰ ਧੀਮਾਨ ਨੇ ਬਾਖੂਬੀ ਨਿਭਾਈ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਦੋਗਾਣੇ ਅੱਜ ਦਾ ਮਾਮਲਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਗਾਇਕ ਛਿੰਦਾ ਰਾਏਕੋਟੀ ਨੇ ਦੱਸਿਆ ਕਿ ਇਸ ਗੀਤ ਵਿੱਚ ਸਮੇਂ ਦੇ ਅਖੌਤੀ ਸਿਆਸਤਦਾਨਾਂ ਦੀਆਂ ਕਰਤੂਤਾਂ ਦਾ ਬਾਖੂਬੀ ਵਿਖਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਦੇਸ਼ ਦੇ ਹਾਕਮ ਲੋਕਾਂ ਦੀਆਂ ਵੋਟਾਂ ਲੈਣ ਲਈ ਉਨ੍ਹਾਂ ਨੂੰ ਵੱਡੇ ਵੱਡੇ ਤੇ ਝੂਠੇ ਸਬਜ਼ਬਾਗ ਦਿਖਾ ਕੇ ਜਿੱਤ ਪ੍ਰਾਪਤ ਕਰਨ ਉਪਰੰਤ ਪੂਰੇ ਪੰਜ ਸਾਲ ਉਨ੍ਹਾਂ ਦੀ ਸਾਰ ਤੱਕ ਲੈਣੀ ਵੀ ਜ਼ਰੂਰੀ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਹਾਕਮ ਦਿਨੋਂ ਦਿਨ ਅਮੀਰ ਤੋਂ ਅਮੀਰ ਅਤੇ ਲੋਕ ਗਰੀਬ ਤੋਂ ਗਰੀਬ ਹੋਈ ਜਾ ਰਹੇ ਹਨ। ਇਸ ਲਈ ਦੇਸ਼ ਵਾਸੀਆਂ ਨੂੰ ਆਪਣੀ ਹਾਲਤ ਸੁਧਾਰਨ ਲਈ ਝੂਠੇ ਹਾਕਮਾਂ ਦਾ ਖਹਿੜਾ ਛੱਡ ਕੇ ਖੁਦ ਆਪ ਅੱਗੇ ਆਉਣਾ ਪਵੇਗਾ। ਇਸ ਦੇ ਨਾਲ ਹੀ ਗਾਇਕ ਛਿੰਦਾ ਰਾਏਕੋਟੀ ਨੇ ਕਿਹਾ ਕਿ ਸਾਡੇ ਪਹਿਲੇ ਗੀਤਾਂ ਵਾਂਗ ਸਰੋਤੇ ਇਸ ਗੀਤ ਨੂੰ ਵੀ ਖੂਬ ਪਸੰਦ ਕਰਨਗੇ।