ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ’ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ਵਿੱਚ ਛਪੇਗੀ – ਡਾ. ਰਵੇਲ ਸਿੰਘ

ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ’ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ਵਿੱਚ ਛਪੇਗੀ – ਡਾ. ਰਵੇਲ ਸਿੰਘ

ਸਰੀ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)

ਗਿਆਨੀ ਗੁਰਦਿੱਤ ਸਿੰਘ ਦੀ ’ਮੇਰਾ ਪਿੰਡ’ ਪੁਸਤਕ ਦਾ ਅਨੁਵਾਦ 24 ਭਾਰਤੀ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ। ਇਹ ਐਲਾਨ ਚੰਡੀਗੜ੍ਹ ਸਾਹਿਤਕ ਅਕਾਦਮੀ ਵੱਲੋਂ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਖੇ ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸਿ਼ਕ ਅਤੇ ਅਕਾਦਮੀ ਵੱਲੋਂ ਪੰਜਾਬੀ ਬੋਲੀ ਦੀ ਕਮੇਟੀ ਦੇ ਨੈਸ਼ਨਲ ਕਨਵੀਨਰ ਡਾ. ਰਵੇਲ ਸਿੰਘ ਨੇ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ਼੍ਰੀ ਸੁਰਜੀਤ ਸਿੰਘ ਪਾਤਰ ਨੇ ਕੀਤੀ ਅਤੇ ਮੁੱਖ ਮਹਿਮਾਨ ਡਾ. ਰਵੇਲ ਸਿੰਘ ਸਨ। ਪਟਿਆਲੇ ਤੋਂ ਵਿਸ਼ੇਸ਼ ਸੱਦੇ ਉਤੇ ਪਹੁੰਚੇ ਡਾ. ਜਸਵਿੰਦਰ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਨ ਦੌਰਾਨ ’ਮੇਰਾ ਪਿੰਡ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਵਾਰ-ਵਾਰ ਪੜ੍ਹਨ ਨਾਲ ਇਸ ਵਿੱਚੋਂ ਹਰ ਵਾਰ ਕੁਝ ਨਾ ਕੁਝ ਨਵਾਂ ਸਿੱਖਣ ਲਈ ਮਿਲਦਾ ਹੈ। ਇਸ ਪੁਸਤਕ ਵਿੱਚ ਪੰਜਾਬੀ ਜੀਵਨ ਦਾ ਖੇੜਾ, ਖੁਸ਼ੀ-ਗ਼ਮੀ, ਜਨਮ-ਮਰਨ ਤੋਂ ਲੈ ਕੇ ਹਰ ਗੱਲ ਦਾ ਜ਼ਿਕਰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਗਿਆਨੀ ਜੀ ਆਪ ਇਸ ਵਿੱਚ ਕਿਸੇ ਸਿੱਧੇ ਰੂਪ ਵਿੱਚ ਨਜ਼ਰ ਨਹੀਂ ਆਉਂਦੇ। ਲੇਖਕ ਨੇ ਵਿਲੱਖਣ ਢੰਗ ਨਾਲ ਸਭ‌ਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵੰਨਗੀਆਂ ਪੇਸ਼ ਕੀਤੀਆਂ ਹਨ।

ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਗਿਆਨੀ ਗੁਰਦਿੱਤ ਸਿੰਘ ਦੀਆਂ ਧਾਰਮਿਕ ਕਿਤਾਬਾਂ, ’ਇਤਿਹਸ ਸ੍ਰੀ ਗੁਰੂ ਗ੍ਰੰਥ ਸਾਹਿਬ’, ’ਭਗਤ ਬਾਣੀ’, ’ਇਤਿਹਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ’ ਅਤੇ ਉਨ੍ਹਾਂ ਦੀ ਪੁਰਾਣੀ ਕਿਤਾਬ ’ਭੱਟ’ ਤੇ ਉਨ੍ਹਾਂ ਦੀ ਰਚਨਾ ਬਾਰੇ ਚਾਨਣਾ ਪਾਇਆ। ਗਿਆਨੀ ਗੁਰਦਿੱਤ ਸਿੰਘ ਦੇ ਸਪੁੱਤਰ ਰੂਪਿੰਦਰ ਸਿੰਘ (ਸਾਬਕਾ ਐਸੋਸੀਏਟ ਐਡੀਟਰ ਦੀ ਟ੍ਰਿਬਿਊਨ) ਨੇ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਭਾਵੇਂ ਗਿਆਨੀ ਜੀ ਆਮ ਤੌਰ ਉਤੇ ਖੱਬੇ ਹੱਥ ਨਾਲ ਲਿਖਦੇ ਸਨ ਪਰ ਜਦੋਂ ਉਹ 30-32 ਸਫੇ ਲਿਖ ਲੈਂਦੇ ਸਨ ਤਾਂ ਫੇਰ ਬਾਕੀ ਲਿਖਤ ਸੱਜੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਸਨ। ਇਸ ਤਰ੍ਹਾਂ ਉਹ ਦੋਵੇਂ ਹੱਥੀਂ ਲਿਖਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਗਿਆਨੀ ਜੀ ਦੀ ਲਿਖਾਈ ਸਾਥੋਂ ਨਹੀਂ ਪੜ੍ਹੀ ਜਾਂਦੀ ਸੀ, ਉਨ੍ਹਾਂ ਦੀ ਲਿਖਾਈ ਸਿਰਫ਼ ਉਨ੍ਹਾਂ ਦਾ ਵਿਸ਼ੇਸ਼ ਟਾਈਪਿਸਟ ਹੀ ਪੜ੍ਹਦਾ ਹੁੰਦਾ ਸੀ ਅਤੇ ਪਾਪਾ ਜੋ ਵੀ ਲਿਖਦੇ ਸਨ ਪਹਿਲਾਂ ਮਾਤਾ ਜੀ ਨੂੰ ਜ਼ਰੂਰ ਪੜ੍ਹਾਉਂਦੇ ਸਨ। ਮੇਰਾ ਪਿੰਡ ਦੇ ਪਹਿਲੇ ਪਰੂਫ ਵੀ ਮਾਤਾ ਜੀ ਨੇ ਹੀ ਪੜ੍ਹੇ ਸਨ। ਪ੍ਰਸਿੱਧ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਦੱਸਿਆ ਕਿ ਗਿਆਨੀ ਜੀ ਨੇ ਜਿੱਥੇ ਸ਼ਾਹਕਾਰ ਕਿਤਾਬ ’ਮੇਰਾ ਪਿੰਡ’ ਲਿਖੀ, ਉਥੇ ਉਨ੍ਹਾਂ ਹੋਰ ਅਨੇਕਾਂ ਧਾਰਮਿਕ ਕਿਤਾਬਾਂ ਵੀ ਲਿਖੀਆਂ। 1200 ਗੁਰਦੁਆਰਿਆਂ ਬਾਰੇ ਖੋਜ ਕਰਨ ਦੇ ਨਾਲ-ਨਾਲ ਉਨ੍ਹਾਂ ਸਿੱਖਾਂ ਦੇ ਪੰਜਵੇਂ ਤਖ਼ਤ ਤਲਵੰਡੀ ਸਾਬੋ (ਦਮਦਮਾ ਸਾਹਿਬ) ਬਾਰੇ ਖੋਜ ਕੀਤੀ, ਜਿਸ ਦੀ ਬੁਨਿਆਦ ਉੱਤੇ ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਦੇ ਤੌਰ ’ਤੇ ਮਾਨਤਾ ਦਿੱਤੀ ਗਈ। ਬਲਦੇਵ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ’ਤੇ ਸਾਹਿਤਕ ਅਕਾਦਮੀ ਦਿੱਲੀ ਵੱਲੋਂ ਪ੍ਰਕਾਸਿਤ ਮੋਨੋਗ੍ਰਾਮ ਲਿਖੀ ਹੈ, ਜੋ ’ਭਾਰਤੀ ਸਾਹਿਤ ਦੇ ਨਿਰਮਾਤਾ’ ਲੜੀ ਵਿੱਚ ਛਾਪੀ ਗਈ ਹੈ।

ਡਾ. ਅਵਤਾਰ ਸਿੰਘ ਨੇ ’ਮੇਰਾ ਪਿੰਡ’ ਬਾਰੇ ਬੋਲਦਿਆਂ ਕਿਹਾ ਕਿ ਇਸ ਪੁਸਤਕ ਰਾਹੀਂ ਪੇਂਡੂ ਸਮਾਜ ਨੂੰ ਅਸੀਂ ਸ਼ੀਸ਼ੇ ਵਾਂਗ ਦੇਖਦੇ ਹਾਂ, ਚਾਹੇ ਕੁਝ ਸਮਾਜਿਕ ਹਨੇਰੇ ਕੋਨਿਆਂ ’ਤੇ ਪੂਰੀ ਰੌਸ਼ਨੀ ਨਹੀਂ ਪੈਂਦੀ। ਅਕਾਦਮੀ ਦੇ ਸੈਕਟਰੀ ਸੁਭਾਸ਼ ਭਾਸਕਰ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਚੰਡੀਗੜ੍ਹ ਸਾਹਿਤਕ ਅਕਾਦਮੀ ਦੇ ਵਾਈਸ ਚੇਅਰਮੈਨ ਮਨਮੋਹਨ ਨੇ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਚੇਅਰਮੈਨ ਮਾਧਵ ਕੌਸ਼ਿਕ ਨੇ ਕਿਹਾ ਕਿ ਅੱਜ-ਕੱਲ੍ਹ ਪੰਜਾਬੀ ਦੇ ਬਹੁਤੇ ਲੇਖਕਾਂ ਦੀਆਂ ਲਿਖਤਾਂ ਉਨ੍ਹਾਂ ਦੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦੀਆਂ ਹਨ ਪ੍ਰੰਤੂ ਗਿਆਨੀ ਗੁਰਦਿੱਤ ਸਿੰਘ ਦੀ ’ਮੇਰਾ ਪਿੰਡ’ ਐਸੀ ਕਲਾਸਿਕ ਰਚਨਾ ਹੈ ਕਿ ਉਨ੍ਹਾਂ ਤੋਂ ਬਾਅਦ ਵੀ ਬੁਲੰਦੀ ਨਾਲ ਪੜ੍ਹੀ ਜਾ ਰਹੀ ਹੈ।

ਸਮਾਗਮ ਵਿਚ ਹਾਜਰ ਪਤਵੰਤੇ ਸਰੋ‌ਤਿਆਂ ਵਿੱਚ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਐਸ.ਐਸ. ਸੋਢੀ ਅਤੇ ਸ੍ਰੀਮਤੀ ਬੋਨੀ ਸੋਢੀ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਐਡੀਟਰ ਗੁਲਜ਼ਾਰ ਸਿੰਘ ਸੰਧੂ, ਗੁਰਦੀਸ਼ ਸਿੰਘ ਚੀਮਾ ਆਈ.ਏ.ਐਸ., ਅਵਤਾਰ ਸਿੰਘ ਪਾਲ, ਪ੍ਰਿੰਸੀਪਲ ਗੁਰਦੇਵ ਕੌਰ, ਲੇਖਕ ਮਨਮੋਹਨ ਸਿੰਘ ਦਾਊਂ, ਕੇਂਦਰੀ ਸਿੰਘ ਸਭਾ ਦੇ ਆਗੂ ਡਾ. ਖੁਸ਼ਹਾਲ ਸਿੰਘ ਅਤੇ ਗੁਰਪ੍ਰੀਤ ਸਿੰਘ, ਪੰਜਾਬ ਡਿਜ਼ੀਟਲ ਲਾਇਬਰੇਰੀ ਦੇ ਦੇਵਿੰਦਰ ਸਿੰਘ, ਉੱਘੇ ਅਲੋਚਕ ਜਸਪਾਲ ਸਿੰਘ, ਉੱਘੇ ਚਿੱਤਰਕਾਰ ਆਰ.ਐਮ. ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.