ਅਮਰੀਕਾ ਦੇ ਝੀਲਾਂ ਵਾਲੇ ਸ਼ਹਿਰ ਸਿਆਟਲ ’ਚ ਮਈ ਮਹੀਨੇ, ਪੰਜਾਬੀ ਲਿਖਾਰੀ ਸਭਾ ਨੇ ਕਾਵਿ ਅਤੇ ਸੰਗੀਤ ਮਹਿਫ਼ਲ ਰੂਪੀ ਸਾਹਿਤਕ ਪ੍ਰੋਗਰਾਮ ’ਚ ਰੰਗ ਬੰਨਿਆ
ਕੋਟਕਪੂਰਾ, 10 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਕੈਂਟ ਈਵੈਂਟ ਸੈਂਟਰ ਸਿਆਟਲ ਵਿਖੇ ਗੀਤਾਂ ਕਵਿਤਾਵਾਂ ਅਤੇ ਸੰਗੀਤ ਦਾ, ਪੰਜਾਬੀਅਤ ਨੂੰ ਸਮਰਪਿਤ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਅਟੱਲ ਸਚਾਈਆਂ ਅਤੇ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਦੇ ਵਿਦਵਾਨਾਂ ਵੱਲੋਂ ਪੇਸ਼ ਵਿਚਾਰਾਂ ਨੂੰ ਸਾਂਝੇ ਕਰਦਿਆਂ ਸਭਾ ਦੇ ਸਕੱਤਰ ਪਿ੍ਰਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ-ਸਤਿਕਾਰ ਕਰਦਿਆਂ ਪ੍ਰੋਗਰਾਮ ਦਾ ਆਗ਼ਾਜ਼ ਗੀਤਾਂ ਵਰਗੇ ਸ਼ਬਦਾਂ ਨਾਲ ਕੀਤਾ। ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਛੋਟੀ ਜਿਹੀ ਬੱਚੀ ਬਿਸਮਨ ਕੌਰ ਟਿਵਾਣਾ ਨੇ ਪਰਿਵਾਰਿਕ ਪੰਜਾਬੀ ਬੋਲੀ ਪਾ ਕੇ ਕੀਤੀ। ਹਾਜ਼ਰ ਕਵੀਆਂ ਅਤੇ ਗਾਇਕਾਂ ਵਲੋਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਰਚਨਾਵਾਂ ’ਚ ਕਾਵਿ ਦੀ ਹਰ ਇਕ ਵੰਨਗੀ ਕਵਿਤਾ, ਗੀਤ, ਗ਼ਜ਼ਲ ਆਦਿ ਦਾ ਰੰਗ ਹਾਜ਼ਰ ਸੀ ਸੋਨੇ ਤੇ ਸੁਹਾਗਾ ਇਹ ਸੀ ਕਿ ਅੱਜ ਦੇ ਸਮਾਗਮ ਵਿੱਚ ਉਰਦੂ ਦੀ ਮਿਠਾਸ ਵੀ ਹਾਜ਼ਰ ਸੀ। ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਵੱਲੋਂ ਗੀਤ ‘ਉਹੀਓ ਗੱਲ ਕਰੋ ਜਿਹੜੀ ਚੰਗੀ ਲੱਗੇ’ ਰਾਹੀਂ ਪਰਿਵਾਰਿਕ ਰਿਸ਼ਤਿਆਂ ਦੀ ਗੱਲ ਕੀਤੀ ਗਈ, ਸਰਪ੍ਰਸਤ ਡਾ. ਪ੍ਰੇਮ ਕੁਮਾਰ ਨੇ ਆਪਣੀ ਚਰਚਿਤ ਕਵਿਤਾ ‘ਇਕ ਕੁੜੀ ਸੀ ਲਕੀਰ ਜਿਹੀ’, ਸਹਾਇਕ ਸਕੱਤਰ ਸਾਧੂ ਸਿੰਘ ਝੱਜ ਦੀ ਕਲਮ ਸਿਰਜਣਾ ‘ਫਕੀਰਾਂ ਦਾ ਕੋਈ ਧਰਮ ਨਹੀਂ ਹੁੰਦਾ, ਆਪਣੀ ਮੌਜ ਵਿੱਚ ਰਹਿੰਦੇ ਨੇ’ ਗੀਤ, ਸਭਾ ਦੇ ਬਾਨੀ ਮੈਂਬਰਾਂ ’ਚੋਂ ਇਕ ਅਵਤਾਰ ਸਿੰਘ ਆਦਮਪੁਰੀ ਨੇ ਇਨਸਾਨ ਨੂੰ ਨਸੀਹਤ ਦਿੰਦਾ ਗੀਤ ‘ਚਤੁਰਾਈਆਂ ਕਰਨੀਆਂ ਛੱਡ ਮਨਾਂ’, ਪ੍ਰਸਿੱਧ ਗਾਇਕ ਅਤੇ ਗੀਤਕਾਰ ਬਲਬੀਰ ਲਹਿਰਾ ਦੀ ਆਵਾਜ਼ ‘ਚੋਂ ਕਿਰਦੇ ਸੰਗੀਤਕ ਸ਼ਬਦਾਂ ‘ਕਿਹੜੇ ਸ਼ਬਦਾਂ ਨਾਲ ਬਿਆਨ ਕਰਾਂ-ਤੈਨੂੰ ਭਗਤ ਸੂਰਮੇ ਦਾਨੀ ਨੂੰ,’ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ’ਚ ਸਭ ਦਾ ਸਿਰ ਝੁਕਾ ਦਿੱਤਾ। ਪੰਜਾਬੀ ਗੀਤਕਾਰੀ ਵਿੱਚ ਇਲਾਕੇ ਦੀ ਸ਼ਾਨ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਵੱਲੋਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਯਤਨਾਂ ਦੀ ਵਕਾਲਤ ਕੀਤੀ ਗਈ ਤੇ ਗੀਤ ਦੇ ਬੋਲ ਸਨ ‘ਜੇ ਸਾਨੂੰ ਨਿਆਉਣਾ ਆ ਜਾਵੇ’। ਹਰਪਾਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨੇ ਰੁੱਖਾਂ ਦੀ ਮਹਾਨਤਾ ਨੂੰ ਦਰਸਾਉਂਦੇ ਗੀਤ ਰਾਹੀਂ ਮਨੁੱਖ ਵਨਸਪਤੀ ਦੇ ਰਿਸ਼ਤਿਆਂ ਨੂੰ ਉਭਾਰਿਆ। ਸਭਾ ਦੇ ਨਵੇਂ ਬਣੇ ਮੈਂਬਰ ਬਲਜਿੰਦਰ ਸਿੰਘ ਨੇ ਆਪਣੀ ਕਵਿਤਾ ਨਾਲ ਆਪਣੀ ਜਾਣ ਪਹਿਚਾਣ ਕਰਵਾਈ। ਜਿੱਥੇ ਸਿਆਟਲ ’ਚ ਵੱਸਦੇ ਉਰਦੂ ਦੇ ਨਾਮਵਰ ਨਗਮਾਨਿਗਾਰ ਸ਼ਾਹ ਨਿਵਾਜ਼ ਨੇ ਆਪਣੀ ਹਾਜ਼ਰੀ ਉਰਦੂ ਦੇ ਇਕ ਸ਼ੇਅਰ ਨਾਲ ਲਵਾਈ ਉਥੇ ਅਸ਼ੀਸ਼ ਯਾਦਵ ਦਿੱਲੀ ਨੇ ‘ਯੇ ਕਤਰਾ ਕਤਰਾ ਜ਼ਿੰਦਗੀ, ਤਰਾਂ ਤਰਾਂ ਦੀ ਯੂਸਤਜੂ’ ਵਰਗੇ ਖੂਬਸੂਰਤ ਸ਼ਬਦਾਂ ਵਿੱਚ ਲਿਖੀ ਗ਼ਜ਼ਲ ਸਾਂਝੀ ਕੀਤੀ। ਦਵਿੰਦਰ ਸਿੰਘ ਹੀਰਾ ਵੱਲੋਂ ‘ਖਾਲਸੇ ਦੇ ਗੁਣਾਂ’ ਨੂੰ ਗੀਤ ਵਿੱਚ ਲੈਅਬੱਧ ਕੀਤਾ ਗਿਆ। ਜਗੀਰ ਸਿੰਘ ਨੇ ਆਪਣੇ ਗੀਤ ਦੇ ਬੋਲਾਂ, ‘ਮੈਂ ਆਸ਼ਿਕ ਪੰਜਾਬੀ ਬੋਲੀ ਦਾ’ ਦੇ ਰਾਹੀਂ ਪੰਜਾਬੀ ਦੀ ਮਹੱਤਤਾ ਦਾ ਵਰਨਣ ਕੀਤਾ ਅਜਿਹਾ ਹੀ ਭਾਵ ਕਵਿੱਤਰੀ ਨਵਦੀਪ ਕੌਰ ਭੰਦੋਲ ਦੀ ਕਵਿਤਾ ‘ਬੋਲੀ ਵੀ ਮੇਰੀ ਪੰਜਾਬੀ, ਚਾਲ ਵੀ ਮੇਰੀ ਪੰਜਾਬੀ’ ਦਾ ਪ੍ਰਗਟ ਹੋ ਰਿਹਾ ਸੀ। ਦਲਜੀਤ ਕੌਰ ਚੀਮਾ ਨੇ ਹਰਦਿਆਲ ਸਿੰਘ ਚੀਮਾ ਜੀ ਦੇ ਲਿਖੇ ਸ਼ਬਦਾਂ ਨੂੰ ਆਵਾਜ਼ ਦਿੱਤੀ। ਵਿਅੰਗਕਾਰ ਮੰਗਤ ਕੁਲਜਿੰਦ ਨੇ ਭਵਿੱਖ ਵਿੱਚ, ਆਵਾਜ਼-ਕ੍ਰਾਂਤੀ ਦੇ ਆਉਣ ਵਾਲੇ ਦੁਸ਼ਪ੍ਰਭਾਵਾਂ ਨੂੰ ਮਿੰਨੀ ਕਹਾਣੀ ‘ਆਵਾਜ਼’ ਰਾਹੀਂ ਸਰੋਤਿਆਂ ਦੇ ਸਨਮੁੱਖ ਰੱਖਿਆ। ਐਗਰੀਕਲਚਰ ਵਿਭਾਗ ’ਚੋਂ ਡਿਪਟੀ ਡਾਇਰੈਕਟਰ ਦੇ ਅਹੁੱਦੇ ਤੋਂ ਸੇਵਾਮੁੱਕਤ ਹੋਏ ਬਠਿੰਡਾ ਵਾਸੀ ਕੰਵਲ ਕੁਮਾਰ ਜਿੰਦਲ ਨੇ ਅਮਰੀਕਾ ਆਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ। ਲੋਕ-ਸੇਵਾ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਸਤਿਕਾਰਿਤ ਸ਼ਖਸ਼ੀਅਤਾਂ ਹਰਸ਼ੰਦਰ ਸਿੰਘ ਸੰਧੂ (ਸੱਚਾ ਮਾਰਗ ਗੁਰਦੁਆਰਾ ਅਬਰਨ), ਬਲਵੰਤ ਸਿੰਘ ਸੋਹਲ (ਯੂਨਾਈਟਡ ਸਿੱਖ ਸੰਸਥਾ) ਪ੍ਰਬੰਧਕੀ ਢਾਂਚੇ ਨੂੰ ਲੋਕ-ਮੁਸੀਬਤਾਂ ਤੋਂ ਜਾਣੂ ਕਰਵਾਉਣ ਵਾਲੇ ਹਰਜਿੰਦਰ ਸਿੰਘ ਸੰਧਾਵਾਲੀਆ, ਜਸਵਿੰਦਰ ਸਿੰਘ ਢਿੱਲੋਂ ਹਰਵਿੰਦਰ ਸਿੰਘ ਮੱਟੂ, ਸੰਤੋਖ ਸਿੰਘ ਮੰਡੇਰ ਅਤੇ ਰੂਬੀ ਸੰਧੂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਸਿਆਟਲ ਇਲਾਕੇ ਵਿੱਚ ਲੋਕਾਂ ਨੂੰ ਡਾਕਟਰੀ ਸੇਵਾਵਾਂ ਦੇ ਰਹੀ ਡਾ. ਮਨਜੋਤ ਕੌਰ ਵੱਲੋਂ ਲੋਕ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਭਾਗ ਲਿਆ ਜਾ ਰਿਹਾ ਹੈ। ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਪੰਜਾਬੀ ਲਿਖਾਰੀ ਸਭਾ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਉਹਨਾਂ ਰਲਕੇ ਕੰਮ ਕਰਨ ਦਾ ਸੰਨੇਹਾ ਦਿੱਤਾ।ਨਵੀਨ ਰਾਏ, ਵਲੋਂ ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਨ ਅਤੇ ਸੋਸ਼ਲ ਮੀਡੀਏ ਦੇ ਵਿਹੜੇ ਲੈ ਜਾਣ ਦੇ ਯਤਨ ਜਾਰੀ ਰਹੇ। ਸਿਆਟਲ ਦੀਆਂ ਜਾਣੀਆ ਪਹਿਚਾਣੀਆਂ ਹਸਤੀਆਂ, ਜਿਹਨਾਂ ਵਿੱਚ ਸਾਡੀਆਂ ਭੈਣਾਂ ਅਤੇ ਬੱਚੇ ਵੀ ਸ਼ਾਮਿਲ ਸਨ, ਲਾਲੀ ਸੰਧੂ, ਬਲਬੀਰ ਸਿੰਘ ਨਿੱਜਰ, ਪਰਮਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ, ਹਰਮਨਦੀਪ ਸਿੰਘ, ਸੋਨੂੰ ਸੰਧੂ, ਗੁਰਦਿਆਲ ਸਿੰਘ ਭੰਡਾਲ, ਜਸਵੀਰ ਸਿੰਘ ਸਹੋਤਾ, ਰਣਜੀਤ ਸਿੰਘ ਮੱਲੀ, ਗੁਰਪ੍ਰੀਤ ਕੌਰ ਟੀਵਾਣਾ, ਰਮਿੰਦਰ ਕੌਰ, ਜਸਵਿੰਦਰ ਕੌਰ ਲੇਹਲ, ਪਰਮਜੀਤ ਕੌਰ, ਅਰਸ਼ਪ੍ਰੀਤ ਕੌਰ ਭੰਦੋਲ, ਜਗਮਾਨ ਸਿੰਘ ਭੰਦੋਲ ਆਦਿ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ। ਸਿਆਟਲ ਦੇ ਇਲਾਕੇ ਵਿੱਚ, ਪੰਜਾਬੀ ਟੀ.ਵੀ. ਰਾਹੀਂ ਅਤੇ ਪੰਜਾਬੀ ਅਖਬਾਰ ‘ਪੰਜਾਬੀ ਪਹਿਚਾਣ’, ਰਾਹੀਂ ਗੁਰਪਰੀਤ ਸਿੰਘ ਧੰਜੂ ਅੱਜ ਦੇ ਸਮਾਗਮ ਨੂੰ ਚਾਰ ਚੰਨ ਲਾ ਰਹੇ ਸਨ। ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁਲਤਾ ਲਈ ਬਚਨਬੱਧ ਹਫਤਾਵਰੀ ਪੰਜਾਬੀ ਅਖਬਾਰ ‘ਪੰਜਾਬੀ ਪਹਿਚਾਣ’ ਨੂੰ ਅੱਜ ਸਭਾ ਵੱਲੋਂ ਲੋਕ-ਅਰਪਣ ਕੀਤਾ ਗਿਆ। ਬਠਿੰਡਾ (ਪੰਜਾਬ) ਤੋਂ ਨਿਕਲਦੇ ਹਾਸ ਵਿਅੰਗ ਦੇ ਤਿਮਾਹੀ ਮੈਗਜ਼ੀਨ ‘ਸ਼ਬਦ ਤਿ੍ਰੰਜਣ’ ਦੇ ਨਵੇਂ ਅੰਕ ਨੂੰ ਵੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਰੀਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਕਰਿਦਆਂ ਪਿ੍ਰਤਪਾਲ ਸਿੰਘ ਟਿਵਾਣਾ ਨੇ ਰੌਚਕਤਾ ਬਣਾਈ ਰੱਖੀ। ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਭਾ ਨੂੰ ਸਿਖਰ ਤੇ ਪਹੁੰਚਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੀ ਸਾਂਝ ਪਵਾਉਂਦਿਆਂ ਉਹਨਾਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਖੂਬਸੂਰਤ ਸ਼ਬਦਾਂ ਵਿੱਚ ਕੀਤਾ। ਕੈਂਟ ਈਵੈਂਟ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਕੀਤੇ ਗਏ ਸਹਿਯੋਗ ਅਤੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਚਾਹ-ਪਾਣੀ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ‘ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.)’ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Leave a Comment
Your email address will not be published. Required fields are marked with *