ਛੱਡ ਮਾਣ ਜਵਾਨੀ ਦਾ ਬੰਦਿਆ ਚਾਰ ਦਿਨਾਂ ਦਾ ਮੇਲਾ
ਚੰਗੇ ਕਰਮ ਕਮਾ ਲਾ ਤੂੰ ਮੁੜਕੇ ਹੱਥ ਨਹੀਂ ਆਉਣਾ ਵੇਲਾ
ਵਿੱਚ ਜ਼ਗਤ ਦੇ ਆਇਓਂ ਤੂੰ ਕਰਕੇ ਨਾਲ ਮਾਲਿਕ ਦੇ ਵੈਦੇ
ਸੱਭ ਵਾਇਦੇ ਤੋੜ ਗੀਓਂ ਖਵਰੇ ਕਿਹੜੇ ਪੜ੍ਹ ਗਿਓਂ ਕੈਦੇ
ਲੱਖਾਂ ਦਾ ਬੰਦਾ ਸੈਂ, ਅੱਜ਼ ਮੁੱਲ ਪਿਆ ਨਾ ਧੇਲਾ
…………. ਛੱਡ ਮਾਣ ਜਵਾਨੀ ਦਾ…………..
ਦੁਨੀਆਂ ਵਿੱਚ ਭੇਜਿਆ ਸੀ ਰੱਬ ਨੇ ਆਪਣੀ ਸ਼ਕਲ ਬਣਾ ਕੇ
ਕਰਦੈਂ ਕੰਮ ਸ਼ੈਤਾਨਾਂ ਦੇ ਬੰਦਿਆ ਅਸਲੀ ਸ਼ਕਲ ਗਵਾ ਕੇ
ਫ਼ਿਰ ਬਹਿ ਪਛਤਾਉਣਾ ਤੂੰ ਜਦੋਂ ਹੱਥੋਂ ਨਿੱਕਲ ਗਿਆ ਵੇਲਾ
…………. ਛੱਡ ਮਾਣ ਜਵਾਨੀ ਦਾ…………..
ਖ਼ਾਲੀ ਹੱਥ ਆਇਓਂ ਤੂੰ ਇੱਥੋਂ ਖ਼ਾਲੀ ਹੀ ਤੁਰ ਜਾਣਾ
ਪੱਲੇ ਜਾਣੀ ਕੌਡੀ ਨਹੀਂ ਬੰਦਿਆ ਛੱਡ ਦੇ ਹਨੇਰ ਮਚਾਣਾ
ਸੱਭ ਮੌਤ ਨੇ ਲੈ ਜਾਣੇ “ਛਿੰਦਿਆ”, ਕੌਣ ਗੁਰੂ ਕੌਣ ਚੇਲਾ
……….. ਛੱਡ ਮਾਣ ਜਵਾਨੀ ਦਾ…………..
ਸੁਣ ਬੁਰਜ਼ ਵਾਲਿਆ, ਓਏ, ਮਨ ਲੈ ਮਾਲਿਕ ਦਾ ਭਾਣਾ
ਤੇਰੀ ਫ਼ੋਕੀ ਸ਼ੋਹਰਤ ਦਾ ਇੱਕ ਦਿਨ ਟੁੱਟ ਜੂ ਤਾਂਣਾ
ਕਰ ਕਦਰ ਜ਼ਵਾਨੀ ਦੀ ਜਾਂਦਾ ਹੱਥੋਂ ਨਿੱਕਲ ਦਾ ਵੇਲਾ
……….. ਛੱਡ ਮਾਣ ਜ਼ਵਾਨੀ ਦਾ…………..

………….. ਛਿੰਦਾ ਬੁਰਜ਼ ਵਾਲਾ……..