ਲੁਧਿਆਣਾ 23 ਅਪ੍ਰੈਲ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 37ਵਾਂ ਅੰਕ ਲੋਕ ਅਰਪਨ ਕੀਤਾ ਗਿਆ। ਇਸ ਲੋਕ ਅਰਪਨ ਪ੍ਰੋਗਰਾਮ ਵਿਚ ਇੰਜ. ਤੇ ਲੇਖਕ ਗੁਰਬਚਨ ਸਿੰਘ ਜਗਪਾਲ ਆਸਟਰੇਲੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਰਵਾਸ ਮੈਗਜ਼ੀਨ ਦਾ ਸਥਾਪਤੀ ਤੋਂ ਲੈ ਕੇ ਇਹ ਉਦੇਸ਼ ਰਿਹਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਉਹ ਕਲਮਕਾਰ ਜਿਨ੍ਹਾਂ ਨੇ ਉਸਾਰੂ ਸਾਹਿਤ ਸਿਰਜਿਆ ਹੈ ਪਰ ਉਹ ਹੁਣ ਤੱਕ ਅਣਗੋਲੇ ਰਹੇ ਹਨ, ਉਨ੍ਹਾਂ ਦੀਆਂ ਲਿਖਤਾਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਅਤੇ ਸੰਤੁਲਿਤ ਸਾਹਿਤ ਆਲੋਚਨਾ ਰਾਹੀਂ ਉਨ੍ਹਾਂ ਦੀਆਂ ਰਚਨਾਵਾਂ ਦੀ ਨਿਰਖ-ਪਰਖ ਕਰਨਾ ਹੈ। ਉਨ੍ਹਾਂ ਨੇ ਗੁਰਬਚਨ ਜਗਪਾਲ ਸਮੇਤ ਆਏ ਹੋਏ ਹੋਰ ਲੇਖਕਾਂ ਨੂੰ ਜੀ ਆਇਆਂ ਕਿਹਾ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਦੱਸਿਆ ਕਿ ਪਰਵਾਸ ਦੇ ਹੱਥਲੇ ਅੰਕ ਵਿਚ ਅਮਰੀਕਾ ਵੱਸਦੇ ਪ੍ਰਸਿੱਧ ਲੇਖਕ ਗ. ਸ. ਨਕਸ਼ਦੀਪ ਪੰਜਕੋਹਾ ਨੂੰ ਵਿਸ਼ੇਸ਼ ਲੇਖਕ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਸਰੀ ਵੱਸਦੀ ਸ਼ਾਇਰਾ ਅਤੇ ਚਿੱਤਰਕਾਰ ਬਿੰਦੂ ਦਲਵੀਰ ਕੌਰ ਦੇ ਬਣਾਏ ਚਿੱਤਰ ਨਾਲ ਪਰਵਾਸ ਮੈਗਜ਼ੀਨ ਦੇ ਟਾਈਟਲ ਨੂੰ ਸ਼ਿੰਗਾਰਿਆ ਗਿਆ ਹੈ। ਇਸ ਮੌਕੇ ਗੁਰਬਚਨ ਸਿੰਘ ਜਗਪਾਲ ਨੇ ਆਸਟਰੇਲੀਆ ਵਿਚ ਬਿਤਾਈ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ ਅਤੇ ਸਿਡਨੀ ਵਿਚ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਸਥਿਤੀ ਅਤੇ ਉਨ੍ਹਾਂ ਵਲੋਂ ਨਿੱਜੀ ਤੌਰ ਤੇ ਕੀਤੇ ਗਏ ਉਪਰਾਲਿਆਂ ਬਾਰੇ ਦੱਸਿਆ। ਉਹ 1991 ਤੋਂ ਆਸਟਰੇਲੀਆ ਵਾਸੀ ਹਨ। ਉਨ੍ਹਾਂ ਨੂੰ ਨਿਊ ਸਾਊਥ ਵੇਲਸ ਵਿਚ ਬੱਚਿਆਂ ਲਈ ਪੰਜਾਬੀ ਦੇ ਪਾਠਕ੍ਰਮ ਤਿਆਰ ਕੀਤੇ ਅਤੇ ਅਧਿਆਪਕਾਂ ਨੂੰ ਪੰਜਾਬੀ ਪੜ੍ਹਾਉਣ ਦੀ ਸਿਖਲਾਈ ਵੀ ਦਿੱਤੀ। ਉਨ੍ਹਾਂ ਨੇ ਇਸ ਮੌਕੇ ਤੇ ਕਿਹਾ ਕਿ ਉਹ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਤਹਿ ਦਿੱਲੋਂ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਦੇ ਮੈਗਜ਼ੀਨ ਪਰਵਾਸ ਦੇ ਮਾਧਿਅਮ ਰਾਹੀਂ ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਹੋਏ ਸੰਵਾਦ ਵਿਚ ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ. ਜੀ. ਜੀ. ਐਨ. ਆਈ. ਐਮ. ਟੀ., ਡਾ. ਗੁਰਇਕਬਾਲ ਸਿੰਘ, ਡਾ. ਗੁਰਚਰਨ ਕੌਰ ਕੌਚਰ ਅਤੇ ਉੱਘੇ ਸ਼ਾਇਰ ਤ੍ਰੈਲੋਚਨ ਲੋਚੀ ਨੇ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ।
ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਨਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਕੌਂਸਲ ਦੇ ਮੈਂਬਰ ਸ. ਹਰਦੀਪ ਸਿੰਘ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਭੁਪਿੰਦਰਜੀਤ ਕੌਰ, ਡਾ. ਮਨਦੀਪ ਕੌਰ ਅਤੇ ਪਰਵਾਸ ਮੈਗਜ਼ੀਨ ਦੇ ਤਕਨੀਕੀ ਸਹਿ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੀਤਾ ਗਿਆ।
Leave a Comment
Your email address will not be published. Required fields are marked with *