
ਸਰੀ, 5 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਨਵੇਂ ਸਾਲ ਦੀ ਆਮਦ ਦਾ ਦਿਨ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨਵੇਂ ਸਾਲ ਦੇ ਸੰਬੰਧ ਵਿਚ ਦਸੰਬਰ 31 ਦੀ ਸ਼ਾਂਮ ਨੂੰ ਗੁਰਦੁਆਰਾ ਸਾਹਿਬ ਵਿਚ ਰਹਿਰਾਸ ਦੇ ਪਾਠ ਉਪਰੰਤ ਸਵੇਰ ਦੇ 12:15 ਤੀਕ ਕੀਰਤਨ ਦਰਬਾਰ ਸਜਾਏ ਗਏ। ਭਰੇ ਦਰਬਾਰ ਵਿਚ ਸੰਗਤਾਂ ਨੇ ਕੀਰਤਨ ਦਾ ਰਸ ਮਾਣਦਿਆਂ 2023 ਨੂੰ ਅਲਵਿਦਾ ਕਿਹਾ ਅਤੇ 2024 ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰ ਕੇ ਜੈਕਾਰਿਆਂ ਨਾਲ ਜੀ ਆਇਆਂ ਕਿਹਾ ਅਤੇ ਕਾਮਨਾ ਕੀਤੀ ਕਿ ਇਹ ਨਵਾਂ ਸਾਲ ਹਰ ਇਕ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ, ਸੰਸਾਰ ਵਿਚ ਸੁੱਖ ਸ਼ਾਂਤੀ ਵਰਤੇ, ਸੰਸਾਰ ਵਿਚ ਚੱਲ ਰਹੇ ਜੰਗਾਂ ਯੁੱਧਾਂ ਤੋਂ ਆਮ ਖ਼ਲਕਤ ਨੂੰ ਛੁਟਕਾਰਾ ਮਿਲੇ, ਪੰਥ ਵਿਚ ਏਕਤਾ ਹੋਵੇ ਅਤੇ ਸੰਸਾਰ ਵਿਚ ਖਾਲਸਾਈ ਨਿਸ਼ਾਨ ਝੂਲਣ ਵਿਚ ਹੋਰ ਵਾਧਾ ਹੋਵੇ। ਨਵੇਂ ਸਾਲ ‘ਤੇ ਸਵੇਰ ਤੋਂ ਲੈ ਕੇ ਰਾਤ ਦੇ ਸਾਢੇ ਅੱਠ ਵਜੇ ਤੱਕ ਕਥਾ ਤੇ ਕੀਰਤਨ ਦਰਬਾਰ ਚੱਲਦੇ ਰਹੇ।
ਦੋਹਾਂ ਦਿਨਾਂ ਦੇ ਸਮਾਗਮਾਂ ਵਿਚ ਗੁਰਦੁਆਰਾ ਸਾਹਿਬ ਦੇ ਗਿਆਨੀ ਬਤਿੰਦਰਜੀਤ ਸਿੰਘ ਤੇ ਗੁਲਾਬ ਸਿੰਘ ਨੇ ਆਪਣੀਆਂ ਸੇਵਾਵਾਂ ਰਾਹੀਂ, ਗਿਆਨੀ ਕੁਲਵੰਤ ਸਿੰਘ ਤੇ ਸਤਵਿੰਦਪਾਲ ਸਿੰਘ ਨੇ ਕਥਾ ਰਾਹੀਂ, ਬੀਬੀਆਂ ਤੇ ਬੱਚੀਆਂ (ਪੁਨੀਤ ਤੇ ਜੈਯਾ) ਅਤੇ ਰਾਗੀ ਜੱਥਿਆਂ ਭਾਈ ਇਕਬਾਲ ਸਿੰਘ, ਭਾਈ ਸਰਬਜੀਤ ਸਿੰਘ ਤੇ ਭਾਈ ਅਮਰੀਕ ਸਿੰਘ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਇਆਂ ਸਾਰੇ ਹੀ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।