ਮਿਲਾਨ, 7 ਫਰਵਰੀ: (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਬਾਬਾ ਨਿਧਾਨ ਸਿੰਘ ਜੀ ਸੇਵਾ ਸੋਸਾਇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਗੁਰਮੀਤ ਸਿੰਘ ਜੀ ਨਡਾਲੋ ਵਾਲਿਆਂ ਦੀ ਰਹਿਨੁਮਾਈ ਹੇਠ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋ ਵਾਲੇ ਹਜੂਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਏ ਗਏ ਚਾਰ ਫਰਵਰੀ ਦਿਨ ਐਤਵਾਰ ਨੂੰ ਸਵੇਰ ਵੇਲੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਦੀਵਾਨ ਦੀ ਆਰੰਭਤਾ ਵਿੱਚ ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਗਈ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਤਲਵਿੰਦਰ ਸਿੰਘ ਜੀ ਵੱਲੋਂ ਕਥਾ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗਿਆਨੀ ਜੀ ਨੇ ਕਥਾ ਦੌਰਾਨ ਦੱਸਿਆ ਕਿ ਬਾਬਾ ਜੀ ਦਾ ਜਨਮ 4 ਫਰਵਰੀ 1882 ਈਸਵੀ ਨੂੰ ਪਿੰਡ ਨਡਾਲੋ ਤਹਿਸੀਲ ਗੜਸ਼ੰਕਰ,ਜਿਲਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਜੀ ਨੇ ਸ੍ਰੀ ਹਜੂਰ ਸਾਹਿਬ ਬਹੁਤ ਸਮਾਂ ਸੇਵਾ ਅਤੇ ਸਿਮਰਨ ਵਿੱਚ ਬਿਤਾਇਆ। ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਗੁਰੂ ਸਾਹਿਬ ਨੇ ਆਪ ਜੀ ਨੂੰ ਵਰ ਦਿੱਤਾ “ਖੀਸਾ ਮੇਰਾ ਹੱਥ ਤੇਰਾ” ਜਿੱਥੇ ਆਪ ਜੀ ਸੇਵਾ ਕਰਦੇ ਸਨ। ਉੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਸੁਭਾਇਮਾਨ ਹੈ। ਇਸ ਵੇਲੇ ਆਪ ਜੀ ਦੀ ਜਗ੍ਹਾ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਨਰਿੰਦਰ ਸਿੰਘ ਜੀ ਸੇਵਾਵਾਂ ਨਿਭਾ ਰਹੇ ਹਨ। ਬਾਬਾ ਜੀ ਦੇ ਜੀਵਨ ਤੋਂ ਇਲਾਵਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਬਾਬਾ ਬੀਰਮ ਦਾਸ ਜੀ ਬਾਬਾ ਜੀ ਤੋਂ ਬਾਅਦ ਬਾਬਾ ਆਤਮਾ ਸਿੰਘ ਮੋਨੀ ਬਾਬਾ ਹਰਨਾਮ ਸਿੰਘ ਬਾਬਾ ਸ਼ੀਸ਼ਾ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਤੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਵਿਸਥਾਰ ਨਾਲ ਵਿਚਾਰ ਕੀਤੀ ਗਈ। ਉਪਰੰਤ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦੇ ਜਾਪ ਕੀਤੇ। ਦੀਵਾਨ ਦੀ ਸਮਾਪਤੀ ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸਾਹ ਸੀ ਅਤੇ ਉਹਨਾਂ ਨੇ ਮੰਤਰ ਮੁਕਧ ਹੋ ਕੇ ਕਥਾ ਵਿਚਾਰ ਸਰਵਣ ਕੀਤੇ। ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Leave a Comment
Your email address will not be published. Required fields are marked with *