728 x 90
Spread the love

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ
Spread the loveਗੁਰਬਾਣੀ ਭਵਿੱਖ ਦਾ ਚਾਨਣ ਹੈ , ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੀ ਹੈ। ਗੁਰਬਾਣੀ ਜੀਵਨ ਦੇ ਹਰ ਖੇਤਰ ਵਿੱਚ ਸਹਾਈ ਹੈ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਵਿਕਾਰਾਂ ਦੀ ਧੁੰਧ ਤੇ ਅੰਧ ਵਿਸ਼ਵਾਸ ਦੂਰ ਹੋ ਜਾਂਦੇ ਹਨ। ਗੁਰਬਾਣੀ ਸਾਡੇ ਸੁੱਤੇ ਮਨ ਨੂੰ ਜਗਾ ਕੇ ਭਾਣਾ ਮੰਨਣਾਂ , ਸਬਰ ਤੇ ਸੰਤੋਖ ਦ੍ਰਿੜ ਕਰਵਾ ਨਾਮ ਸਿਮਰਨ ਦੇ ਰੂਹਾਨੀਅਤ ਮਾਰਗ ਤੇ ਚਲਦਿਆਂ ਮਨ ਨੂੰ ਅਕਾਲਪੁਰਖ ਨਾਲ ਇੱਕ ਮਿੱਕ ਕਰਦੀ ਹੈ। ਗੁਰਬਾਣੀ ਸਮੁੱਚੇ ਜੀਵਨ , ਸਰੀਰਕ ਮੌਤ ਸਮੇਂ ਅਤੇ ਮੌਤ ਤੋਂ ਬਾਅਦ ਵੀ ਸਹਾਈ ਹੈ।ਭਾਵੇਂ ਸੌ ਚੰਦਰਮਾਂ ਤੇ ਹਜ਼ਾਰ ਸੂਰਜ ਵੀ ਚੜ੍ਹ ਜਾਣ ਤਾਂ ਵੀ ਗੁਰੂ ਦੇ ਬਖ਼ਸ਼ੇ ਗਿਆਨ ਤੋਂ ਬਿਨਾ ਜੀਵਨ ਵਿੱਚ ਵਿਕਾਰਾਂ ਦੀ ਧੁੰਧ ਤੇ ਅੰਧਕਾਰ ਰਹੇਗਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿੱਚ , ਗੁਰਬਾਣੀ ਨੂੰ ਪੜ੍ਹਨ , ਸੁਣਨ ਤੇ ਕਮਾਉਣ ਨਾਲ ਭਵਿੱਖ ਉਜਵਲ ਹੋਵੇਗਾ ।

ਗੁਰਬਾਣੀ ਸਾਨੂੰ ਦੋ ਰਸਤਿਆਂ ਦਾ ਗਿਆਨ ਕਰਵਾਉਂਦੀ ਹੈ ਇਕ ਧਾਤ ਦਾ ਰਸਤਾ ਤੇ ਦੂਸਰਾ ਲਿਵ ਦਾ ਰਸਤਾ। ਧਾਤ ਦਾ ਮਾਰਗ ਅਕਾਲਪੁਰਖ ਤੋਂ ਵਿਛੋੜਦਾ ਤੇ ਲਿਵ ਦਾ ਮਾਰਗ ਅਕਾਲਪੁਰਖ ਨਾਲ ਜੋੜਦਾ। ਧਾਤ ਦਾ ਰਸਤਾ ਰੂਹਾਨੀਅਤ ਦੀ ਰੁਕਾਵਟ ਹੈ , ਇਹ ਤਮੋ ਗੁਣਾਂ ਵਾਲਾ ਮਾਰਗ ਹੈ। ਜਦੋਂ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਚੇ ਵਿਕਾਰਾਂ ਦੀ ਦਲਦਲ ਵਿੱਚ ਉਲਝਦਾ ਹੈ ਤਾਂ ਇਹ ਧਾਤ ਮਾਰਗ ਹੈ। ਦੂਸਰਾ
ਰਾਸਤਾ ਹੈ ਲਿਵ ਦਾ ਮਾਰਗ ਜੋ ਸਤੋ ਗੁਣਾਂ ਧਰਮ ਤੇ ਚਲਦਿਆਂ ਅਕਾਲਪੁਰਖ ਨਾਲ ਜੋੜਦਾ ਹੈ। ਇਹ ਸੰਤ ਮਾਰਗ ਭਾਵ ਧਰਮ ਦੀ ਪਉੜੀ ਹੈ। ਲਿਵ ਤੇ ਧਾਤ ਦੋਨੋਂ ਮਾਰਗ ਮਾਲਕ ਦੇ ਹੁਕਮ ਵਿੱਚ ਹਨ। ਅਕਾਲਪੁਰਖ ਨੇ ਮਨੁੱਖ ਨੂੰ ਚੌਰਾਸੀ ਲੱਖ ਜੂਨਾਂ ਵਿੱਚ ਉੱਤਮ ਬਣਾਇਆ , ਮਨੁੱਖ ਨੂੰ ਸ਼੍ਰੇਸ਼ਟ ਬੁੱਧੀ ਬਖ਼ਸ਼ਿਸ਼ ਕੀਤੀ ਤਾਂ ਕਿ ਸਹੀ ਗਲਤ ਦੀ ਚੋਣ ਕਰ ਸਕੇ। ਧਾਤ ਦੇ ਰਾਸਤੇ ਚੱਲਣ ਵਾਲੇ ਜੀਵ ਅਮੋਲਕ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ਤੇ ਲਿਵ ਦੇ ਮਾਰਗ ਚੱਲਣ ਵਾਲੇ ਜੀਵ ਲਾਹਾ ਖੱਟ ਜਾਂਦੇ ਹਨ ।

ਗੁਰਬਾਣੀ ਸਾਨੂੰ ਮਨ ਦੇ ਨਾਲ ਨਾਲ ਸਰੀਰ ਅਰੋਗਤਾ ਦਾ ਵੀ ਅਥਾਹ ਗਿਆਨ ਬਖ਼ਸ਼ਿਸ਼ ਕਰਦੀ ਹੈ , ਸਾਡੀ ਖੁਰਾਕ, ਸਾਡਾ ਰਹਿਣ ਸਹਿਣ, ਸਰੀਰਕ ਸਫ਼ਾਈ ਆਦਿ ਦਾ ਗਿਆਨ ਬਖ਼ਸ਼ਿਸ਼ ਕਰਦੀ ਹੈ। ਪੌਣ ਨੂੰ ਗੁਰੂ , ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਤਾਂ ਕਿ ਅਸੀਂ ਇੰਨਾਂ ਦੀ ਮਹੱਤਤਾ ਨੂੰ ਸਮਝ ਸਕੀਏ। ਜਦੋਂ ਹਵਾ , ਪਾਣੀ , ਮਿੱਟੀ ਪ੍ਰਦੂਸ਼ਿਤ ਹੁੰਦੀ ਹੈ ਤਾਂ ਭਿਆਨਕ ਰੋਗ ਉਤਪੰਨ ਹੁੰਦੇ ਹਨ। ਲੋੜ ਤੋਂ ਵੱਧ ਖਾਣਾ , ਤੇ ਤਾਮਸੀ ਭੋਜਨ ਸਾਡੇ ਮਨ ਵਿੱਚ ਵਿਕਾਰ ਪੈਦਾ ਕਰਦੇ ਹਨ ਤੇ ਦੁੱਖ ਦਾ ਕਾਰਣ ਬਣਦੇ ਹਨ। ਤਾਮਸੀ ਭੋਜਨ ਮਨ ਵਿੱਚ ਵਿਕਾਰ ਪੈਦਾ ਕਰਦੇ ਹਨ ਇਸ ਲਈ ਸਾਤਵਿਕ ਭੋਜਨ ਹੀ ਛਕੀਏ।ਗੁਰਮੁਖਾਂ ਨੂੰ ਲੋੜ ਅਨੁਸਾਰ ਸਾਤਵਿਕ ਭੋਜਨ ਛਕਣਾ ਚਾਹੀਦਾ ਹੈ। ਖਾਣੇ ਦੇ ਨਾਲ ਨਾਲ ਸਹੀ ਪਹਿਨਣ ਦਾ ਵੀ ਵਰਨਣ ਕੀਤਾ ਗਿਆ ਹੈ।

ਗੁਰਬਾਣੀ ਸਾਨੂੰ ਨਿਰਾਸ਼ਤਾ ਦੇ ਘੋਰ ਅੰਧਕਾਰ ਤੋਂ ਬਾਹਰ ਕੱਢਦੀ ਹੈ। ਅਸੀਂ ਜੀਵਨ ਵਿੱਚ ਕਈ ਵਾਰ ਜਾਣੇ ਅਣਜਾਣੇ ਗਲਤੀਆਂ ਕਰ ਜਾਂਦੇ ਹੈ ਜਿਸ ਦਾ ਝੋਰਾ ਸਾਨੂੰ ਅੰਦਰੋਂ ਅੰਦਰੀਂ ਖਾਈ ਜਾਂਦਾ ਹੈ। ਸਾਨੂੰ ਲਗਦੈ ਅਸੀਂ ਖੋਟੇ ਕਰਮਾਂ ਵਾਲੇ ਹਾਂ , ਅਸੀਂ ਅਪਰਾਧੀ ਹਾਂ ਸਾਡਾ ਜੀਵਨ ਨਰਕ ਬਣ ਗਿਆ ਹੈ। ਗੁਰਬਾਣੀ ਖੋਟਿਆਂ ਨੂੰ ਵੀ ਖਰਾ ਬਣਾਉਂਦੀ ਹੈ। ਜਦੋਂ ਜੀਵ ਪਰਮਾਤਮਾ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਆਪਣੇ ਮਾੜੇ ਕਰਮਾਂ ਤੋਂ ਤੋਬਾ ਕਰਦਾ ਤੇ ਗੁਰੂ ਜੀ ਦੀ ਸ਼ਰਣ ਵਿੱਚ ਬਾਣੀ ਸੰਗ ਜੁੜਦਾ ਤਾਂ ਖੋਟਿਓ ਖਰਾ ਹੋ ਜਾਂਦਾ ਹੈ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਜੋਤ ਹੈ ਜੋ ਮਨ ਨੂੰ ਪ੍ਰਕਾਸ਼ਮਾਨ ਕਰ ਵਿਕਾਰਾਂ ਦੀ ਧੁੰਧ ਲਾਹ ਦਿੰਦੀ ਹੈ। ਦਸ ਗੁਰੂ ਸਾਹਿਬਾਨਾਂ ਦੇ ਨਾਂ ਅਤੇ ਸਰੀਰ ਭਾਵੇਂ ਵੱਖਰੇ ਵੱਖਰੇ ਸਨ ਪਰ ਜੋਤ ਇੱਕ ਹੈ। ਦਸਾਂ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਵੀ ਇਕੋ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਛੱਤੀ ਮਹਾਂਪੁਰਖਾ ਦੀ ਬਾਣੀ ਹੈ ਜੋ ਰੱਬ ਨਾਲ ਜੋੜਦੀ ਹੈ। ਚੰਗਾ ਜੀਵਨ ਜਿਉਣ ਲਈ ਬਹੁਤ ਵਿਧੀਆਂ ਹਨ ਜੋ ਕੇਵਲ ਜਿਉਂਦੇ ਰਹਿਣ ਤੱਕ ਹੀ ਮੱਦਦਗਾਰ ਹਨ ਪਰ ਗੁਰਬਾਣੀ ਅਨੁਸਾਰ ਜੀਵਨ ਜਿਉਣਾ , ਸੇਵਾ ਸਿਮਰਨ ਕਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ , ਮਨ ਵਿੱਚ ਸ਼ੀਤਲਤਾ ਆਉਂਦੀ ਹੈ ਭਾਵ ਮਨ ਵਿੱਚ ਕੋਈ ਕਲੇਸ਼ ਨਹੀਂ ਰਹਿੰਦਾ।

ਗੁਰਬਾਣੀ ਸਾਨੂੰ ਭਵਿੱਖ ਦੀ ਹਰ ਚਣੌਤੀ ਲਈ ਤਿਆਰ ਕਰਦੀ ਹੈ। ਗੁਰਬਾਣੀ ਤਰਕ ਅਧਾਰਿਤ ਹੈ। ਗੁਰਬਾਣੀ ਵਿਗਿਆਨਾਂ ਦਾ ਵਿਗਿਆਨ ਹੈ। ਹੁਣ ਤਾਂ ਵਿਗਿਆਨ ਵੀ ਗੁਰਬਾਣੀ ਤੋਂ ਸੇਧ ਲੈਂਦੇ ਹਨ। ਗੁਰਬਾਣੀ ਖੋਜ ਦਾ ਮਾਰਗ ਹੈ। ਸਭ ਖੰਡ ਬ੍ਰਹਿਮੰਡ ਪਿੰਡੇ ਵਿੱਚ ਮੌਜ਼ੂਦ ਹਨ , ਜੋ ਵੀ ਖੋਜਦਾ ਸਭ ਖਜ਼ਾਨੇ ਪ੍ਰਾਪਤ ਹੁੰਦੇ ਹਨ। ਰੂਹਾਨੀਅਤ ਜੰਗਲਾਂ ਵਿੱਚ ਭਟਕਣ ਤੇ ਪਹਾੜਾਂ ਵਿੱਚ ਜਾਣ ਨਾਲੋਂ ਘਰ ਪਰਿਵਾਰ ਵਿੱਚ ਜਿੰਮੇਵਾਰੀ ਨਿਭਾਉਂਦਿਆਂ ਆਪਣੀ ਕਾਇਆ ਭਾਵ ਮਨ ਨੂੰ ਖੋਜਣ ਦਾ ਵਿਸ਼ਾ ਹੈ। ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੈ ਪਰ ਰਹਿੰਦਾ ਚਿੱਕੜ ਤੋਂ ਨਿਰਲੇਪ ਹੈ , ਮੁਰਗਾਬੀ ਰਹਿੰਦੀ ਪਾਣੀ ਵਿੱਚ ਹੈ ਪਰ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ ਉਸੇ ਤਰਾਂ ਪੂਰੇ ਗੁਰੂ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਗੁਰਮੁਖ ਗ੍ਰਿਹਸਥੀ ਹੁੰਦੇ ਹੋਏ ਵੀ ਮਾਇਆ ਤੋਂ ਨਿਰਲੇਪ ਰਹਿ ਰੱਬੀ ਰੰਗਾਂ ਵਿੱਚ ਰੰਗੇ ਰਹਿੰਦੇ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬੱਤ ਦਾ ਗੁਰੂ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਛੱਤੀ ਮਹਾਂਪੁਰਖਾਂ ਦੀ ਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਅਤੇ ਮਨ ਨੂੰ ਅਕਾਲਪੁਰਖ ਨਾਲ ਜੋੜਦੀ ਹੈ। ਕਲਯੁਗ ਦੇ ਸਮੇਂ ਅੰਦਰ ਕਾਲ ਵੱਸ ਦੇਹਧਾਰੀ ਗੁਰੂ ਖੁੰਭਾਂ ਵਾਂਗ ਉੱਗ ਰਹੇ ਹਨ ਜਿੰਨਾਂ ਵਿੱਚੋਂ ਜਿਆਦਾਤਰ ਮਾਇਆ ਦੇ ਗੁਲਾਮ ਤੇ ਭੋਲੀ ਭਾਲੀ ਜਨਤਾ ਨੂੰ ਆਪਣੇ ਨਾਲ ਜੋੜਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਬਖ਼ਸ਼ਿਸ਼ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨਾਂ ਵਿੱਚ ਪ੍ਰਕਾਸ਼ ਕਰ ਔਗੁਣਾਂ ਨੂੰ ਧੂਅ ਬਾਹਰ ਕੱਢਦੀ ਹੈ। ਗੁਰਬਾਣੀ ਸਮੁੱਚੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ । ਪਾਰਸ ਵੀ ਲੋਹੇ ਨੂੰ ਸੋਨਾ ਬਣਾਉਂਦੇ ਨਾ ਕਿ ਪਾਰਸ ਪਰ ਪੂਰਨ ਗੁਰੂ ਇਕ ਰੂਹਾਨੀ ਦੀਪਕ ਹੈ ਜੋ ਰੂਹਾਂ ਨੂੰ ਜਗਾ ਆਪਣੇ ਵਰਗਾ ਹੀ ਬਣਾਉਂਦਾ ਹੈ ।

ਸ੍ਰਿਸ਼ਟੀ ਵਿੱਚ ਔਰਤ ਦਾ ਅਹਿਮ ਯੋਗਦਾਨ ਹੈ। ਬਿਨਾ ਇਸਤਰੀ ਤੋਂ ਸ਼੍ਰਿਸ਼ਟੀ ਨਹੀਂ ਚੱਲ ਸਕਦੀ। ਭਾਵੇਂ ਕਿ ਲੜਕਾ ਜਾਂ ਲੜਕੀ ਦਾ ਪੈਦਾ ਹੋਣ ਲਈ ਇਸਤਰੀ ਜਿੰਮੇਵਾਰ ਨਹੀਂ ਪਰ ਫਿਰ ਵੀ ਅਗਿਆਨਤਾ ਵੱਸ ਮਰਦ ਪ੍ਰਧਾਨ ਸਮਾਜ ਅੰਦਰ ਔਰਤ ਨੂੰ ਦੋਸ਼ੀ ਸਮਝਿਆ ਜਾਂਦਾ ਹੈ। ਪੁਰਾਤਨ ਸਮੇਂ ਇਸਤਰੀ ਜਾਤੀ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ ਸੀ। ਗੁਰਬਾਣੀ ਨੇ ਇਸਤਰੀ ਜਾਤੀ ਨੂੰ ਮਾਣ ਸਨਮਾਨ ਸਤਿਕਾਰ ਬਖ਼ਸ਼ਿਆ ।

ਗੁਰਬਾਣੀ ਊਚ ਨੀਚ, ਛੂਤ ਛਾਤ , ਕਾਣੀ ਵੰਡ ਤੇ ਜਾਤ ਪਾਤ ਆਦਿ ਦੇ ਭੇਦਭਾਵ ਨੂੰ ਨਹੀਂ ਮੰਨਦੀ ਸਗੋਂ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਜੋ ਸਾਨੂੰ ਮਾਲਕ ਨੇ ਬਖ਼ਸ਼ਿਸ਼ ਕੀਤਾ ਰਲ਼ ਮਿਲ ਕੇ ਖਾਣ ਦਾ ਉਪਦੇਸ਼ ਦਿੱਤਾ। ਸਾਨੂੰ ਗਿਆਨ ਤੇ ਦੁਨਿਆਵੀ ਪਦਾਰਥ ਇਕ ਦੂਸਰੇ ਨੂੰ ਵੰਡਣੇ ਚਾਹੀਦੇ ਹਨ। ਰੂਹਾਨੀ ਗਿਆਨ ਜਿੰਨਾਂ ਵੰਡੋਗੇ ਉੰਨਾਂ ਹੀ ਵਧੇਗਾ। ਵੰਡ ਕੇ ਛਕਣ ਨਾਲ ਕਦੇ ਵੀ ਤੋਟ ਨਹੀਂ ਆਉਂਦੀ। ਜੋ ਜੀਵ ਦਸਾਂ ਨਹੁੰਆਂ ਦੀ ਇਮਾਨਦਾਰੀ ਦੀ ਕਮਾਈ ਵਿੱਚੋਂ ਦਾਨ ਪੁੰਨ ਕਰਦੇ ਹਨ ਸਮਝੋ ਧਰਮ ਦੀ ਪਾਉੜੀ ਤੇ ਸਵਾਰ ਹਨ ।

ਰਾਜਨੀਤੀ ਦਾ ਹਰ ਦੇਸ਼ ਅੰਦਰ ਅਹਿਮ ਸਥਾਨ ਹੈ। ਰਾਜਨੀਤੀ ਬਗੈਰ ਦੇਸ਼ ਦੀ ਹੋਂਦ ਸੰਭਵ ਨਹੀਂ। ਗੁਰਬਾਣੀ ਹਲੇਮੀ ਰਾਜ ਦੀ ਹਾਮੀ ਹੈ ਜਿਸ ਰਾਹੀਂ ਸਭਨਾਂ ਦੀ ਭਲਾਈ ਹੋਵੇ। ਰਾਜਨੀਤੀ ਮਾੜੀ ਨਹੀਂ ਪਰ ਜਦੋਂ ਰਾਜਨੀਤੀ ਵਿੱਚ ਦਵੈਤ , ਹਉਮੈ ਅਹੰਕਾਰ ਤੇ ਜੁਲਮ ਆ ਜਾਣ ਤਾਂ ਘਾਤਕ ਹੈ। ਗੁਰਬਾਣੀ ਅਨੁਸਾਰ ਜੋ ਰਾਜੇ ਰਾਜ ਭਾਗ ਪਾ ਕੇ ਹਉਮੈ ਅਹੰਕਾਰ ਅੰਦਰ ਜਨਤਾ ਤੇ ਜੁਲਮ ਢਾਹੁੰਦੇ ਹਨ , ਜੋ ਇਨਸਾਫ਼ ਤੋਂ ਆਕੀ ਹੋ ਗਏ ਹਨ ਉਹ ਨਰਕਾਂ ਦੇ ਭਾਗੀ ਹਨ ਤੇ ਕੁੱਤੇ ਦੀ ਜੂਨ ਪੈਂਦੇ ਹਨ ।

ਗੁਰਬਾਣੀ ਨਸ਼ਿਆਂ ਦਾ ਤਿਆਗ ਕਰ ਸੱਚ ਦੇ ਮਾਰਗ ਚੱਲਣ ਦਾ ਉਪਦੇਸ਼ ਬਖ਼ਸ਼ਦੀ ਹੈ। ਨਸ਼ਾ ਚਾਹੇ ਸੱਤਾ ਦਾ ਹੋਵੇ ਭਾਵੇਂ ਦੁਨਿਆਵੀ ਪਦਾਰਥਾਂ ਦਾ ਤਬਾਹੀ ਕਰਦਾ ਹੈ। ਅੱਜ ਦੀ ਪੀੜੀ ਨਸ਼ਿਆਂ ਦੀ ਅੱਗ ਵਿੱਚ ਝੁਲਸਦੀ ਜਾ ਰਹੀ ਹੈ। ਨਸ਼ੇ ਸਰੀਰਕ , ਆਰਥਿਕ ਤੇ ਮਾਨਸਿਕ ਹਰ ਪੱਧਰ ਲਈ ਨੁਕਸਾਨਦੇਹ ਹਨ। ਨਸ਼ੇ ਘਰ ਪਰਿਵਾਰ ਦੀਆਂ ਨੀਹਾਂ ਹਿਲਾ ਦਿੰਦੇ ਹਨ , ਹੱਸਦੇ ਖੇੜਦੇ ਪਰਿਵਾਰ ਬਿਖਰ ਜਾਂਦੇ ਹਨ । ਨਸ਼ੇ ਰੂਹਾਨੀਅਤ ਦੇ ਰਾਸਤੇ ਦੀ ਰੁਕਾਵਟ ਹਨ। ਨਸ਼ੇ ਅਨੇਕਾਂ ਅਪਰਾਧਾਂ ਨੂੰ ਜਨਮ ਦਿੰਦੇ ਹਨ। ਜੋ ਜੀਵ ਗੁਰਬਾਣੀ ਦਾ ਪੱਲਾ ਫੜਦੇ ਹਨ , ਗੁਰਬਾਣੀ ਪੜ੍ਹਦੇ , ਸੁਣਦੇ ਤੇ ਕਮਾਉਂਦੇ ਹਨ ਜਿੰਦਗੀ ਦੀ ਬਾਜ਼ੀ ਜਿੱਤ ਜਾਂਦੇ ਹਨ ।

ਗੁਰਬਾਣੀ ਨੇ ਸਾਨੂੰ ਅੰਧਵਿਸ਼ਵਾਸ ਤੇ ਵਿਅਰਥ ਦੇ ਕਰਮ ਕਾਂਡਾਂ ਤੋਂ ਬਾਹਰ ਕੱਢਿਆ। ਵਿਅਰਥ ਕਰਮ ਕਾਂਡ ਤੇ ਅੰਧਵਿਸ਼ਵਾਸ ਦੀ ਦਲਦਲ ਵਿੱਚ ਧਸਿਆ ਜੀਵ ਰੂਹਾਨੀਅਤ ਦੇ ਮਾਰਗ ਤੋਂ ਦੂਰ ਹੋ ਜਾਂਦਾ ਹੈ। ਗੁਰਬਾਣੀ ਨੇ ਬਰਤ , ਟੂਣੇ ਟਾਮਣ, ਦਿਨ ਵਾਰ , ਤਰੀਕਾਂ ਆਦਿ ਨਾਲ ਜੁੜੇ ਅੰਧਵਿਸ਼ਵਾਸਾਂ ਦਾ ਖੰਡਨ ਕੀਤਾ। ਜੀਵਾਂ ਦੀਆਂ ਅੱਖਾਂ ਤੋਂ ਅੰਧਵਿਸ਼ਵਾਸ ਦੀ ਪੱਟੀ ਉਤਾਰ ਸੱਚ ਦੇ ਮਾਰਗ ਤੋਰਿਆ। ਗੁਰਬਾਣੀ ਨੇ ਤਰਕ ਅਧਾਰਿਤ ਨਾਟਕੀ ਢੰਗਾਂ ਨਾਲ ਸਮਝਾ ਜੀਵਾਂ ਨੂੰ ਸਿੱਧੇ ਰਾਸਤੇ ਪਾਇਆ ।

ਗੁਰਬਾਣੀ ਨੇ ਨਿਸ਼ਕਾਮ ਸੇਵਾ ਦਾ ਸੰਕਲਪ ਦ੍ਰਿੜ ਕਰਵਾਇਆ । ਸੇਵਾ ਨਾਲ ਮਨ ਦੀ ਹਉਮੈ ਰੂਪੀ ਮੈਲ ਦੂਰ ਹੁੰਦੀ ਹੈ ਤੇ ਮਨ ਨਿਰਮਲ ਹੋ ਰੂਹਾਨੀਅਤ ਦੇ ਮਾਰਗ ਚਲਦਾ ਹੈ। ਤਨ ਮਨ ਧਨ ਦੀ ਸੇਵਾ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸੇਵਾ ਭਾਵਨਾ ਨਾਲ ਮਨ ਨੂੰ ਖ਼ੁਸ਼ੀ ਅਨੰਦ ਸੰਤੁਸ਼ਟੀ ਮਿਲਦੀ ਹੈ। ਮਨ ਚਿੱਤ ਲਾ ਹਿਰਦੇ ਤੋਂ ਹੋਈ ਸਤਿਗੁਰੂ ਜੀ ਦੀ ਸੇਵਾ ਸਫ਼ਲ ਹੈ ਜਿਸ ਨਾਲ ਸਦੀਵੀ ਸੁੱਖ ਅਨੰਦ ਪ੍ਰਾਪਤ ਹੁੰਦਾ ।

ਜਿੰਦਗੀ ਦੁੱਖਾਂ ਸੁੱਖਾਂ ਦਾ ਸੰਮੇਲ ਹੈ , ਜਿੰਦਗੀ ਵਿੱਚ ਅਨੇਕਾਂ ਉਤਰਾਅ ਆਉਂਦੇ ਹਨ। ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਰਦਾਸ ਦਾ ਸੰਕਲਪ ਦ੍ਰਿੜ ਕਰਵਾਉਂਦੇ ਹਨ। ਸਿੱਖ ਦੇ ਜੀਵਨ ਵਿੱਚ ਅਰਦਾਸ ਨਿਰੰਤਰ ਚਲਦੀ ਹੈ ਭਾਵ ਜਨਮ ਤੋਂ ਪਹਿਲਾਂ , ਜੀਵਨ ਭਰ , ਮੌਤ ਸਮੇਂ ਤੇ ਮੌਤ ਤੋਂ ਬਾਅਦ ਭਾਵ ਅਰਦਾਸ ਨਿਰੰਤਰ ਹੈ। ਸਿੱਖ ਦੁੱਖ ਸੁੱਖ , ਗਮੀ ਸੁਦੀ ਭਾਵ ਹਰ ਸਮੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਨ। ਅਰਦਾਸ ਦਿਲ ਦੀ ਤਾਰ ਨੂੰ ਅਕਾਲਪੁਰਖ ਨਾਲ ਜੋੜਦੀ ਹੈ। ਅਰਦਾਸ ਡਿੱਗਦੇ ਨੂੰ ਸਹਾਰਾ ਬਲ ਪ੍ਰਦਾਨ ਕਰਦੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਹਨ ਕਿ ਅਰਦਾਸ ਹਮੇਸ਼ਾ ਅਕਾਲਪੁਰਖ ਦਾ ਧਿਆਨ ਧਰਦਿਆਂ ਕਰੀਏ ਜਿਸਨੇ ਦਇਆ ਮਿਹਰ ਬਖ਼ਸ਼ਿਸ਼ ਕਰਕੇ ਸਾਨੂੰ ਇਨਸਾਨੀ ਜਾਮਾ ਬਖ਼ਸ਼ਿਸ਼ ਕੀਤਾ ਤੇ ਅਮੋਲਕ ਸਵਾਸ ਦੇ ਜ਼ਿੰਦਾ ਰੱਖ ਰਿਹਾ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਹਨ ਕਿ ਦੁੱਖ ਸੁੱਖ ਦੋਵੇਂ ਕੱਪੜੇ ਹਨ ਜੋ ਕਰਮਾਂ ਅਨੁਸਾਰ ਸਾਨੂੰ ਮਿਲਦੇ ਹਨ। ਕਿਸੇ ਵੀ ਔਕੜ , ਬਿਮਾਰੀ ਜਾਂ ਹੋਰ ਤਕਲੀਫ਼ ਸਮੇਂ ਹੌਸਲਾ ਨਹੀਂ ਛੱਡਣਾ , ਸਾਰਥਕ ਯਤਨ ਕਰਦਿਆਂ ਵਾਹਿਗੁਰੂ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਅਕਾਲਪੁਰਖ ਜੀ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਸੂਲੀ ਤੋਂ ਸੂਲ ਬਣਦਿਆਂ ਦੇਰ ਨਹੀਂ ਲਗਦੀ। ਵਾਹਿਗੁਰੂ ਜੀ ਦਾ ਨਾਮ ਸਿਮਰਨ ਹੀ ਸਾਰੇ ਦੁੱਖ ਕਲੇਸ਼ਾ ਦਾ ਇਲਾਜ ਹੈ ਸੋ ਵਾਹਿਗੁਰੂ ਜੀ ਦੀ ਕਿਰਪਾ ਨਦਰਿ ਨਾਲ ਕਰਮ ਸੁਕਰਮ ਬਣ ਜਾਂਦੇ ਹਨ ਜਿਸ ਨਾਲ ਦੁੱਖ ਰੋਗ ਪਾਪ ਕੱਟੇ ਜਾਂਦੇ ਹਨ ।

ਗੁਰਬਾਣੀ ਸਾਨੂੰ ਜੋਗ ਸੰਬੰਧੀ ਗਿਆਨ ਬਖ਼ਸ਼ਿਸ਼ ਕਰਦੀ ਹੈ। ਕਹਿੰਦੇ ਹਨ ਜੋਗਾ ਦੀ ਸ਼ੁਰੂਆਤ ਭਾਰਤ ਤੋਂ ਹੋਈ ਤੇ ਅੱਜ ਦੁਨੀਆਂ ਦੇ ਹਰ ਕੋਨੇ ਪਹੁੰਚਿਆ। ਬਾਹਰੀ ਜੋਗ ਮਨ ਦੀ ਮੈਲ ਨਹੀਂ ਉਤਾਰ ਸਕਦੇ , ਰਿਧੀਆਂ ਸਿਧੀਆਂ ਨਾਲ ਹਉਮੈ ਲਿਆਉਂਦੇ ਹਨ। ਗੁਰਬਾਣੀ ਸਾਨੂੰ ਸੱਚੇ ਯੋਗ , ਸੁਰਤਿ ਸ਼ਬਦ ਦੇ ਯੋਗ ਦਾ ਗਿਆਨ ਬਖ਼ਸ਼ਿਸ਼ ਕਰਦੀ ਹੈ ਜੋ ਸਦੀਵੀ ਸੁੱਖ ਦਾ ਗਿਆਨ ਹੈ। ਪੂਰੇ ਗੁਰੂ ਜੀ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਰੂਹਾਨੀਅਤ ਦੇ ਰਸਤੇ ਚਲਦਿਆਂ ਹੀ ਸੱਚਾ ਯੋਗ ਕਮਾਇਆ ਜਾ ਸਕਦਾ ਜੋ ਪਰਮਾਤਮਾ ਨਾਲ ਜੋੜਦਾ ਹੈ। ਰੂਹਾਨੀਅਤ ਦੇ ਯੋਗ ਨਾਲ ਮਨ ਨੂੰ ਲੱਗੀ ਹਉਮੈ ਦੀ ਮੈਲ ਉੱਤਰਦੀ ਹੈ ਤੇ ਮਨ ਨਿਰਮਲ ਹੋ ਤ੍ਰੈ ਗੁਣਾਂ ਤੋਂ ਉੱਪਰ ਉੱਠ ਚੌਥੇ ਪਦ ਵਿੱਚ ਉਡਾਰੀਆਂ ਮਾਰਦਾ ਹੈ ਤੇ ਪ੍ਭੂ ਚਰਨਾਂ ਵਿੱਚ ਸਦੀਵੀ ਸੁੱਖ ਆਨੰਦ ਪ੍ਰਾਪਤ ਕਰਦਾ ।

ਗੁਰਬਾਣੀ ਸਾਨੂੰ ਮੰਗਣ ਦੀ ਜਾਚ ਸਿਖਾਉਂਦੀ ਹੈ। ਅਸੀਂ ਮੰਗਣਾਂ ਅਕਾਲਪੁਰਖ ਕੋਲੋਂ ਹੈ ਜਿਸ ਨੇ ਸਾਨੂੰ ਜਨਮ ਦਿੱਤਾ , ਜੋ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ ਹੈ , ਜਿਸ ਦੇ ਹੁਕਮ ਬਿਨਾ ਪੱਤਾ ਨਹੀਂ ਝੁਲਦਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਕਾਲਪੁਰਖ ਨਾਲ ਜੋੜਦੇ ਹਨ ਸੋ ਪੂਰੇ ਗੁਰੂ ਤੋਂ ਬਿਨਾ ਦਰ ਦਰ ਭਟਕਣ ਦੀ ਲੋੜ ਨਹੀਂ ਹੈ। ਸਾਰੀ ਸ਼੍ਰਿਸ਼ਟੀ ਤੇ ਪਦਾਰਥਾਂ ਦਾ ਕਰਤਾ ਅਕਾਲਪੁਰਖ ਹੈ ਸੋ ਸਾਡਾ ਸੀਸ ਹਮੇਸ਼ਾ ਪੂਰਨ ਗੁਰੂ ਸਨਮੁੱਖ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਧਿਆਨ ਧਰਦਿਆਂ ਝੁਕਣਾ ਚਾਹੀਦਾ ਹੈ । ਕਲਯੁਗੀ ਸੰਸਾਰ ਅੰਦਰ ਭਰਮ ਗਿਆਨੀਆਂ , ਅਸੰਤਾਂ ਤੇ ਡੰਮ ਗੁਰੂਆਂ ਦੀ ਭਰਮਾਰ ਹੈ ਜੋ ਜੀਵਾਂ ਨੂੰ ਆਪਣੇ ਨਾਲ ਜੋੜਦੇ ਹਨ , ਭੋਲੀ ਭਾਲੀ ਜਨਤਾ ਨੂੰ ਅੰਧਵਿਸ਼ਵਾਸ ਵਿੱਚ ਭਰਮਾ ਲੁੱਟਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਢੋਂਗੀ ਬਾਬਿਆਂ ਤੋਂ ਸੁਚੇਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚ ਦ੍ਰਿੜ ਕਰਵਾਉਂਦੇ ਹਨ , ਅਕੱਥ ਦਾ ਗਿਆਨ ਬਖ਼ਸ਼ਿਸ਼ ਕਰਦੇ ਹਨ , ਸੱਚੇ ਸ਼ਬਦ ਨਾਮ ਨਾਲ ਜੋੜਦੇ ਹਨ ਜਿਸ ਰਾਹੀਂ ਜੀਵ ਮਾਲਕ ਦੀ ਦਰਗਾਹ ਅੰਦਰ ਨਿਵਾਜ਼ੇ ਜਾਂਦੇ ਹਨ।

ਗੁਰਬਾਣੀ ਸਾਨੂੰ ਜੰਗਲਾਂ , ਪਹਾੜਾਂ , ਦੂਰ ਦੁਰਾਡਿਆਂ ਥਾਵਾਂ ਤੇ ਘਰ ਬਾਰ ਤਿਆਗ ਕੇ ਭਗਤੀ ਕਰਨ ਦਾ ਖੰਡਨ ਕਰਦੀ ਹੈ। ਗੁਰਬਾਣੀ ਅਨੁਸਾਰ ਗ੍ਰਿਹਸਥ ਧਰਮ ਦਾ ਪਾਲਣ, ਸੱਚੀ ਸੁੱਚੀ ਕਿਰਤ , ਨਾਮ ਜਪਣਾ , ਘਾਲ ਕਮਾਈ ਵਿੱਚੋਂ ਦਾਨ ਪੁੰਨ, ਪੂਰਨ ਗੁਰੂ ਜੀ ਦੀ ਸੰਗਤ ਵਿੱਚ ਸੇਵਾ ਸਿਮਰਨ ਦਾ ਉਪਦੇਸ਼ ਬਖ਼ਸ਼ਿਸ਼ ਕਰਦੀ ਹੈ ਜੋ ਧਰਮ ਦੀ ਪਉੜੀ ਹੈ ਜੋ ਅਕਾਲਪੁਰਖ ਦੇ ਦਰ ਜਾਂਦੀ ਹੈ ।

ਜਦੋਂ ਅਸੀਂ ਕਿਸੇ ਨਾਲ ਛਲ ਕਪਟ ਕਰ ਹੱਕ ਮਾਰਦੇ ਹਾਂ , ਮਾੜੇ ਫਿੱਕੇ ਬੋਲ ਬੋਲਦੇ ਹਾਂ ਭਾਵ ਕਿਸੇ ਦਾ ਬੁਰਾ ਕਰਦੇ ਹਾਂ ਤਾਂ ਆਪ ਵੀ ਅਸਾਂਤ ਰਹਿੰਦੇ ਹਾਂ। ਭਾਈ ਲਾਲੋ ਜੀ ਤੇ ਮਲਕ ਭਾਗੋ ਦੀ ਕਥਾ ਤੋਂ ਸਪੱਸ਼ਟ ਹੈ ਕਿ ਮਾਲਕ ਜੁਲਮ ਪਾਪ ਨਾਲ ਨਹੀਂ ਸਗੋਂ ਕਿਰਤੀ , ਨਿਰਮਲ ਮਨ ਵਾਲਿਆਂ ਨਾਲ ਖੜਦਾ ਹੈ। ਦਿਲੋਂ ਮਿੱਠਾ ਬੋਲਣਾ , ਵਾਹਿਗੁਰੂ ਜੀ ਦੇ ਭੈ ਵਿੱਚ ਰਹਿ ਗੁਰਬਾਣੀ ਗੁਰੂ ਜੀ ਦੇ ਬਚਨਾ ਤੇ ਪਹਿਰਾ ਦੇਣ ਵਾਲੇ ਜਿੰਦਗੀ ਸਫ਼ਲ ਕਰ ਜਾਂਦੇ ਹਨ।

ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਨਾ ਕਿਸੇ ਨੂੰ ਭੈਅ ਦੇਣਾ ਅਤੇ ਨਾ ਹੀ ਕਿਸੇ ਦਾ ਭੈਅ ਮੰਨਣਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਜੁਲਮੀ ਰਾਜਿਆਂ ਨੂੰ ਕੁੱਤੇ ਤੱਕ ਆਖ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਨੇ ਜਫ਼ਰਨਾਮੇ ਰਾਹੀਂ ਉਪਦੇਸ਼ ਬਖ਼ਸ਼ਿਸ਼ ਕੀਤਾ ਕਿ ਜਦੋਂ ਸਮਝੋਤੇ ਦੇ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤਾਂ ਜੁਲਮ ਅੱਗੇ ਸ਼ਮਸ਼ੀਰ ਉਠਾਉਣੀ ਜਾਇਜ਼ ਹੈ। ਗੁਰੂ ਦੇ ਸਿੱਖ ਨੇ ਜੁਲਮ ਅੱਗੇ ਢਾਲ ਬਣ ਕੇ ਖੜਨਾ ਹੈ। ਬਾਬਰ , ਜਹਾਂਗੀਰ ਤੇ ਔਰੰਗਜ਼ੇਬ ਆਦਿ ਰਾਜਿਆਂ ਦੇ ਜੁਲਮ ਅੱਗੇ ਗੁਰੂ ਸਾਹਿਬਾਨ ਤੇ ਗੁਰੂ ਦੇ ਸਿੱਖ ਚੜ੍ਹਦੀ ਕਲਾ’ ਚ ਰਹੇ। ਅੱਜ ਜੁਲਮੀ ਰਾਜਿਆਂ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ ਤੇ ਖਾਲਸੇ ਦੇ ਨਿਸ਼ਾਨ ਸਾਰੀ ਦੁਨੀਆਂ ਵਿੱਚ ਝੂਲਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਲੋਕ ਪ੍ਰਲੋਕ ਦੇ ਸੁੱਖ ਨਾ ਪੈਸੇ ਨਾਲ , ਨਾ ਨ੍ਰਿਪ ਨਾਟੇ ਰੰਗ ਤਮਾਸ਼ਿਆਂ ਨਾਲ , ਦੁਨੀਆਂ ਦੇ ਪਦਾਰਥਾਂ ਵਿੱਚ ਖਚਿਤ ਹੋਣ ਨਾਲ ਅਤੇ ਨਾ ਹੀ ਅਨੇਕਾਂ ਦੇਸ਼ ਘੁੰਮਣ ਨਾਲ ਪ੍ਰਾਪਤ ਹੁੰਦੇ ਹਨ , ਸੱਚਾ ਤੇ ਸਦੀਵੀ ਸੁੱਖ ਕੇਵਲ ਤੇ ਕੇਵਲ ਸੱਚੇ ਨਾਮ ਵਿੱਚ ਹੀ ਹੈ ਜੋ ਪੂਰਨ ਗੁਰੂ ਜੀ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਸੰਸਾਰ ਨਾਸ਼ਵਾਨ ਹੈ , ਸੰਸਾਰ ਦੇ ਹਰ ਦੁਨਿਆਵੀ ਪਦਾਰਥ ਨਾਸ਼ਵਾਨ ਹਨ , ਸੰਸਾਰਿਕ ਪਦਾਰਥਾਂ ਦੀ ਖ਼ੁਸ਼ੀ ਚਾਰ ਦਿਨ ਦੀ ਹੀ ਹੈ , ਸੰਸਾਰਿਕ ਕੋਈ ਪਦਾਰਥ ਐਸਾ ਨਹੀਂ ਜੋ ਅੰਤ ਸਮੇਂ ਨਿਭ ਸਕੇ। ਗੁਰਬਾਣੀ ਗੁਰੂ ਜੀ ਦਾ ਉਪਦੇਸ਼ ਹੈ ਐਸੇ ਸੰਤਾਂ ਮਹਾਤਮਾਂ ਸਾਧੂਆ ਦਾ ਸੰਗ ਕਰਨਾ ਜੋ ਨਾਮ ਨਾਲ ਜੋੜਦੇ ਹਨ , ਨਾਮ ਅੰਤ ਸਮੇਂ ਤੇ ਦੇਹ ਛੱਡਣ ਤੋਂ ਬਾਅਦ ਵੀ ਸਹਾਈ ਹੈ।

ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਜਦੋਂ ਅੰਤ ਸਮੇਂ ਜਮ ਕਰਮਾਂ ਅਨੁਸਾਰ ਸਵਾਸਾਂ ਦੀ ਗੰਢ ਜਮ ਖੋਲਦੇ ਹਨ ਤਾਂ ਜੀਵ ਘਬਰਾ ਜਾਂਦਾ , ਬੇਨਤੀਆਂ ਕਰਦਾ ਕੁਝ ਸਮਾਂ ਬਖ਼ਸ਼ ਦਿਓ ਮੈਂ ਆਪਣੇ ਘਰਦਿਆਂ ਨੂੰ ਮਿਲ ਲਵਾਂ , ਉਹਨਾਂ ਨੂੰ ਸਮਝਾ ਦੇਵਾਂ ਤੇ ਜਮਾਂ ਨੂੰ ਵੀ ਦੁਨਿਆਵੀ ਸਮਝ ਲਾਲਚ ਦਿੰਦਾ ਪਰ ਓਸ ਸਮੇਂ ਸਿਵਾਏ ਪਛਤਾਵੇ ਤੋਂ ਕੁੱਝ ਵੀ ਹੱਥ ਨਹੀਂ ਆਉਂਦਾ। ਸਾਡੇ ਖੋਟੇ ਖਰੇ ਕਰਮਾਂ ਅਨੁਸਾਰ ਸਾਡਾ ਲੇਖਾ ਜੋਖਾ ਹੁੰਦਾ। ਮਾੜੇ ਕਰਮਾਂ ਵਾਲਿਆਂ ਨੂੰ ਘੋਰ ਦੁੱਖਾਂ ਦੇ ਸਾਹਮਣਾ ਕਰਨਾ ਪੈਂਦਾ। ਖੋਟੇ ਕਰਮਾਂ ਵਾਲੇ ਮਨਮੁਖ ਜੀਵ ਅਮੋਲਕ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ਤੇ ਗੁਰਮੁਖ ਪੱਤ ਨਾਲ ਸਿਰ ਉੱਚਾ ਕਰ ਮਾਣ ਨਾਲ ਜਾਂਦੇ ਹਨ ਤੇ ਗੁਰਮੁਖਾਂ ਨੂੰ ਧਰਮਰਾਜਾ ਵੀ ਸਤਿਕਾਰ ਨਾਲ ਭੇਟ ਦੇ ਮਿਲਦਾ ਹੈ। ਜਿਹੜੇ ਜੀਵ ਸਤੋਗੁਣੀ ਵਿਚਰਦਿਆਂ ਸਾਰਾ ਜੀਵਨ ਪੂਰਨ ਸਤਿਗੁਰੂ ਜੀ ਦੀ ਸ਼ਰਣ ਵਿੱਚ ਨਾਮ ਸਿਮਰਨ ਵਿੱਚ ਗੁਜ਼ਾਰਦੇ ਹਨ ਸ਼ੋਭਾ ਪਾਉਂਦੇ ਹਨ , ਵਾਹਿਗੁਰੂ ਜੀ ਵੱਲੋਂ ਨਿਵਾਜ਼ੇ ਜਾਂਦੇ ਹਨ।


ਸੋ ਗੁਰਬਾਣੀ ਸਾਡੇ ਭਵਿੱਖ ਦਾ ਚਾਨਣ ਹੈ ਜਿਸਦੀ ਅਪਾਰ ਦਇਆ ਮਿਹਰ ਬਖ਼ਸ਼ਿਸ਼ ਨਾਲ , ਜਿਸ ਦੇ ਦਰਸਾਏ ਮਾਰਗ ਤੇ ਚਲਦਿਆਂ ਲੋਕ ਪ੍ਰਲੋਕ ਦੇ ਸੁੱਖ ਭੋਗਾਂਗੇ ਤੇ ਮਨੁੱਖਾ ਜਨਮ ਦਾ ਲਾਹਾ ਲੈਂਦਿਆ ਜਿੰਦਗੀ ਦੀ ਬਾਜ਼ੀ ਜ਼ਿੱਤ ਕੇ ਆਪਣੇ ਅਸਲੀ ਘਰ ਬੇਗਮਪੁਰੇ ਦੇ ਵਾਸੀ ਬਣ ਜਾਵਾਂਗੇ ਤੇ ਸਦੀਵੀ ਆਨੰਦ ਅਵਸਥਾ ਨੂੰ ਪ੍ਰਾਪਤ ਕਰ ਲਵਾਂਗੇ। ਭੁੱਲ ਚੁੱਕ ਲਈ ਗੁਰੂ ਤੇ ਸੰਗਤ ਮਾਫ਼ ਕਰਨਾ ਜੀ।

ਇਕਬਾਲ ਸਿੰਘ ਪੁੜੈਣ8872897500

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts