
“ਪਰਹਰਿ ਪਾਪੁ ਪਛਾਣੈ ਆਪ॥” (ਸਤਿਗੁਰੂ ਨਾਨਕ ਦੇਵ ਜੀ)
ਗੁਰੂ ਨਾਨਕ ਬਾਣੀ ਵਿੱਚ ਲਿਖੇ ਪਾਪ ਕਰਮਾਂ ਦੀ ਸੂਚੀ:-
ਸਤਿਗੁਰੂ ਨਾਨਕ ਦੇਵ ਜੀ ਤੋਂ ਸਿੱਖ ਪੰਥ ਆਰੰਭ ਹੁੰਦਾ ਹੈ। ਗੁਰੂ ਜੀ ਦੀ ਰਸਨਾਂ ਤੋਂ ਉਚਾਰੀ ਹੋਈ ਬਾਣੀ ਨੂੰ “ਗੁਰਬਾਣੀ” ਕਿਹਾ ਗਿਆ ਹੈ। ਗੁਰਬਾਣੀ ਸਿੱਖ ਪੰਥ ਦਾ ਸੰਵਿਧਾਨ ਹੈ। ਗੁਰਬਾਣੀ ਵਿੱਚ ਜਿਨ੍ਹਾਂ ਕੁਕਰਮਾਂ ਦੀ ਮਨਾਹੀ ਹੈ, ਉਹ ਕੁਕਰਮ “ਪਾਪ” ਹਨ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਰਸਨਾ ਤੋਂ ਉਚਾਰੀ ਬਾਣੀ ਵਿੱਚ ਜਿਨ੍ਹਾਂ ਪਾਪ ਕਰਮਾਂ ਦੀ ਮਨਾਹੀ ਕੀਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਹਰ “ਗੁਰੂ ਨਾਨਕ ਨਾਮ ਲੇਵਾ ਸਿੱਖ” ਨੂੰ ਉਹਨਾਂ ਪਾਪ ਕਰਮਾਂ ਤੋਂ ਬਚਣ ਦੀ ਲੋੜ ਹੈ।
ਵੱਡੇ ਅਸਚਰਜ ਅਤੇ ਦੁੱਖ ਦੀ ਗੱਲ ਹੈ ਕਿ ਸਿੱਖ ਪ੍ਰਚਾਰਕਾਂ ਵੱਲੋਂ ਜੋ “ਪਾਪ” ਸਾਨੂੰ ਆਮ ਤੌਰ ਉੱਤੇ ਦੱਸੇ ਜਾਂਦੇ ਹਨ; ਉਹ “ਪਾਪ” ਤਾਂ ਆਦਿ ਜਾਂ ਦਸਮ ਬਾਣੀ ਵਿੱਚ ਕਿਤੇ ਵੀ ਨਹੀਂ ਲਿਖੇ ਹੋਏ ਅਤੇ, ਜੋ “ਪਾਪ” ਬਾਣੀ ਵਿੱਚ ਲਿਖੇ ਹੋਏ ਹਨ, ਉਹਨਾਂ ਪਾਪਾਂ ਬਾਰੇ ਸਾਡੇ ਪ੍ਰਚਾਰਕ ਸਾਨੂੰ ਦੱਸਦੇ ਹੀ ਨਹੀਂ। ਗੁਰਬਾਣੀ ਦੇ ਅਨੁਸਾਰ ਪਾਪਾਂ ਦੀ ਸੂਚੀ ਤਾਂ ਬਹੁਤ ਲੰਬੀ ਹੈ। ਉਹਨਾਂ ਵਿੱਚੋਂ ਕੁਛ ਪਾਪ ਇੱਥੇ ਲਿਖ ਰਿਹਾ ਹਾਂ:-
1. ਬਹੁਤਾ ਬੋਲਣਾ: ਬਹੁਤਾ ਬੋਲਣ ਝਖਣੁ ਹੋਇ॥ (ਧਨਾਸਰੀ ਮ. ੧)
2. ਫਿੱਕਾ ਬੋਲਣਾ: ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (ਆਸਾ ਮ. ੧)
3. ਕਿਸੇ ਦੀ ਬੁਰਾਈ ਕਰਨੀ: ਮੰਦਾ ਕਿਸੈ ਨ ਆਖੀਐ॥ (ਆਸਾ ਮ. ੧)
4. ਕਿਸੇ ਦੇ ਔਗੁਣ ਵੇਖਣੇ: ਹਮ ਨਹੀ ਚੰਗੇ ਬੁਰਾ ਨਹੀ ਕੋਇ॥ (ਸੂਹੀ ਮ. ੧)
5. ਹੰਕਾਰ ਕਰਨਾ: ਮਨ ਰੇ ਹਉਮੈ ਛੋਡਿ ਗੁਮਾਨ॥ (ਸਿਰੀਰਾਗੁ ਮ. ੧)
6. ਵਿਰੋਧ ਕਰਨਾ: ਗੁਰਮੁਖਿ ਵੈਰ ਵਿਰੋਧ ਗਵਾਵੈ॥ (ਰਾਮਕਲੀ ਮ. ੧)
7. ਆਲਸ ਕਰਨੀ: ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥ (ਮਾਰੂ ਮ. ੧)
8. ਹਿੰਸਾ ਕਰਨੀ: ਹਿੰਸਾ ਮਮਤਾ ਮੋਹੁ ਚੁਕਾਵੈ॥ (ਮ. ੧)
9. ਝੂਠ ਬੋਲਣਾ: ਕੂੜੁ ਬੋਲਿ ਮੁਰਦਾਰੁ ਖਾਇ॥ (ਮ. ੧)
10. ਜੂਆ ਖੇਡਣਾ: ਜੂਏ ਜਨਮ ਨ ਹਾਰਹੁ ਅਪਣਾ॥ (ਮ. ੧)
11. ਚੋਰੀ ਕਰਨੀ : ਚੋਰ ਜਾਰ ਜੂਆਰ ਪੀੜੇ ਘਾਣੀਐ ॥ (ਮ. ੧)
12. ਪਰ-ਇਸਤਰੀ, ਪਰ-ਪੁਰਸ਼ ਸੰਗ ਕਰਨਾ : ਪਰੁ ਘਰੁ ਜੋਹੀ ਨੀਚ ਸਨਾਤਿ॥ (ਮ. ੧)
13. ਇਸਤਰੀਆਂ ਨੂੰ ਮਾੜਾ ਆਖਣਾ ਅਤੇ ਕੁੱਟਣਾ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥ (ਮ. ੧)
14. ਖਿਮਾ ਨਾ ਕਰਨੀ: ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ॥ (ਰਾਮਕਲੀ ਦਖਣੀ ਮ. ੧)
15. ਸੁੱਚ ਪਵਿੱਤਰਤਾ ਨਾ ਰੱਖਣਾ : ਸੁਚਿ ਹੋਵੈ ਤਾ ਸਚੁ ਪਾਈਐ ॥ (ਮ. ੧)
16. ਸੰਤੋਖ ਨਾ ਰੱਖਣਾ: ਸਤ ਸੰਤੋਖਿ ਰਹਹੁ ਜਨ ਭਾਈ॥ (ਮ. ੧)
17. ਸੰਜਮ ਨਾ ਰੱਖਣਾ : ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ॥ (ਮ. ੧)
18. ਦਇਆ ਨਾ ਕਰਨਾ : ਨਿਰਦਇਆ ਨਹੀ ਜੋਤਿ ਉਜਾਲਾ ॥ (ਮ. ੧)
19. ਦਾਨ ਨਾ ਕਰਨਾ : ਦੁਆਦਸੀ ਦਇਆ ਦਾਨੁ ਕਰਿ ਜਾਣੈ ॥ (ਮ. ੧)
20. ਇਸ਼ਨਾਨ ਨਾ ਕਰਨਾ : ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥ (ਮ. ੧)
ਗੁਰਬਾਣੀ ਵਿੱਚ ਵਰਣਿਤ ਉੱਪਰ ਲਿਖੇ ਸਾਰੇ ਮਾੜੇ ਕਰਮ ਉਹ ਹਨ; ਜਿਨ੍ਹਾਂ ਤੋਂ ਆਸਤਕ-ਨਾਸਤਕ, ਧਰਮੀ-ਅਧਰਮੀ, ਕਮਿਊਨਿਸਟ-ਕੈਪੀਟੀਲਿਸਟ, ਕੋਈ ਵੀ ਮੁੱਕਰ ਨਹੀਂ ਸਕਦਾ। ਇਹਨਾਂ ਪਾਪ ਕਰਮਾਂ ਤੋਂ ਬਚ ਕੇ ਹੀ; ਮਨੁੱਖ ਦਾ ਨਿੱਜੀ ਅਤੇ ਸਮਾਜਿਕ ਜੀਵਨ ਸੁਖੀ ਹੋ ਸਕਦਾ ਹੈ ਅਤੇ ਸਾਰਾ ਸਮਾਜ ਵੀ ਸੁਖੀ ਹੋ ਸਕਦਾ ਹੈ। ਇਸ ਲਈ ਇਹਨਾਂ ਪਾਪ ਕਰਮਾਂ ਤੋਂ ਮਨੁੱਖ ਨੂੰ ਸਦਾ ਹੀ ਬਚਣਾ ਚਾਹੀਦਾ ਹੈ ਕਿਉਂਕਿ ਧਰਮ ਦੇ ਨਿਯਮ ਮਨੁੱਖੀ ਜੀਵਨ ਨੂੰ ਸੁਖੀ ਕਰਨ ਵਾਸਤੇ ਹੁੰਦੇ ਹਨ। ਸਿੱਖ ਪੰਥ ਦੇ ਨਿਯਮ ਗੁਰੂ ਜੀ ਨੇ ਸਾਡਾ ਜੀਵਨ ਸੁਖੀ ਕਰਨ ਲਈ ਦੱਸੇ ਹਨ; ਜੋ ਹਰ ਸਿੱਖ ਨੂੰ ਅਪਣਾਉਣੇ ਚਾਹੀਦੇ ਹਨ।
ਸਾਰੇ ਸਿੱਖ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਉੱਪਰ ਲਿਖੇ ਪਾਪਾਂ ਤੋਂ ਬਚਣ ਦਾ ਲੋਕਾਂ ਨੂੰ ਉਪਦੇਸ਼ ਦਿਓ ਤਾਂ ਕਿ ਗੁਰੂ ਜੀ ਦਾ ਬਚਨ ਮੰਨਦੇ ਹੋਏ ਲੋਕ ਸੁਖੀ ਜੀਵਨ ਜਿਉਂ ਸਕਣ। ਉਪਰੋਕਤ ਲਿਖੇ ਪਾਪ ਕਰਮਾਂ ਨੂੰ ਤਿਆਗ ਕੇ ਹੀ ਅਸੀਂ ਸੱਚੇ “ਸਿੱਖ” ਬਣ ਸਕਦੇ ਹਾਂ, “ਗੁਰਮੁਖ” ਬਣ ਸਕਦੇ ਹਾਂ ਅਤੇ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਕੇ ਆਪਣਾ ਲੋਕ ਪਰਲੋਕ ਸੁਖੀ ਕਰ ਸਕਦੇ ਹਾਂ।