ਪੁਸਤਕ ਦਾ ਨਾਮ: ਕੀਤੋਸੁ ਆਪਣਾ ਪੰਥ ਨਿਰਾਲਾ ਲੇਖਕ :-ਜਸਵਿੰਦਰ ਸਿੰਘ ਰੁਪਾਲ (ਵਟਸਐਪ 9814715796) ਪ੍ਰਕਾਸ਼ਕ :- ਸਹਿਜ ਪਬਲੀਕੇਸ਼ਨ ਸਮਾਣਾ(+91 99880 47124) ਰਿਵਿਊ ਕਰਤਾ :- ਰਜਿੰਦਰ ਕੌਰ ਜੀਤ (+91 99147 11191) ਕੁੱਲ ਪੰਨੇ – 208 ਕੀਮਤ – 300/-
* ਜਸਵਿੰਦਰ ਸਿੰਘ ਰੁਪਾਲ ਜੀ ਨੂੰ ਮੈਂ ਨਿੱਜੀ ਤੌਰ ਤੇ ਤਾਂ ਨਹੀਂ ਜਾਣਦੀ ਹਾਂ ਪਰ ਉਹਨਾਂ ਦੀ ਕਿਤਾਬ ਪੜ੍ਹ ਕੇ ਉਹਨਾਂ ਦੇ ਵਿਚਾਰਾਂ ਬਾਰੇ ਜੋ ਜਾਣ ਸਕੀ ਉਹ ਦੱਸ ਰਹੀ ਹਾਂ ਕਿ ਉਹ ਇੱਕ ਅਜਿਹੀ ਸ਼ਖਸ਼ੀਅਤ ਦੇ ਮਾਲਕ ਹਨ ਜੋ ਇੱਕ ਸੱਚੇ ਸੁੱਚੇ ਗੁਰਸਿੱਖ ਦੀ ਹੁੰਦੀ ਹੈ। ਨਿਮਰਤਾ ਦੇ ਪੁੰਜ, ਵਿਵੇਕ ਬੁੱਧ ਦੇ ਧਾਰਨੀ ਹੁੰਦੇ ਹੋਏ ਵੀ ਹਉਮੈ ਰਹਿਤ ਹਨ। ਉਹ ਆਪਣੇ ਆਪ ਨੂੰ ਸਦਾ ਸਿਖਾਂਦਰੂ ਹੀ ਮੰਨਦੇ ਹਨ ਇਹ ਉਹਨਾਂ ਦੀ ਸ਼ਖਸ਼ੀਅਤ ਦਾ ਸਭ ਤੋਂ ਵੱਡਾ ਗੁਣ ਹੈ। ਇੰਨੇ ਵੱਡੇ ਵਿਦਵਾਨ ਹੁੰਦੇ ਹੋਏ ਵੀ ਉਹ ਅੱਜ ਤੱਕ ਰਸਮੀ ਅਤੇ ਗੈਰ ਰਸਮੀ ਤੌਰ ਤੇ ਸਿੱਖਦੇ ਹੀ ਰਹਿੰਦੇ ਹਨ। ਹੱਥਲੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ਉਨਾਂ ਨੇ ਆਪਣੇ ਅਧਿਆਪਨ ਕਾਰਜ ਦੀ ਸੇਵਾ ਮੁਕਤੀ ਸਮੇਂ 31 ਜੁਲਾਈ 2023 ਵਿੱਚ ਲੋਕ ਅਰਪਣ ਕੀਤੀ। ਪੁਸਤਕ ਰੂਪ ਵਿੱਚ ਉਹਨਾਂ ਨੇ ਗੁਰਮਤਿ ਅਨੁਸਾਰ ਖੋਜਾਂ ਕਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੇ ਹੋਏ, ਗੁਰਬਾਣੀ ਦੇ ਹਵਾਲਿਆਂ ਅਨੁਸਾਰ ਇੱਕ ਬਾਕਮਾਲ ਰਚਨਾ ਕੀਤੀ ਹੈ। ਜਿਸ ਦੀ ਅਜੋਕੀ ਵਿਗਿਆਨਕ ਅਤੇ ਤਰਕਵਾਦੀ ਸੁਸਾਇਟੀ ਨੂੰ ਬਹੁਤ ਲੋੜ ਸੀ। ਇਸ ਪੁਸਤਕ ਵਿੱਚ 30 ਲੇਖ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ ਹੈ। ਉਹ ਗੁਰਮਤਿ ਅਨੁਸਾਰ ਸਾਨੂੰ ਸਮਾਜਿਕ ਅਤੇ ਅਧਿਆਤਮਕ ਤੌਰ ਤੇ ਸਹੀ ਸੇਧ ਦਿੰਦੇ ਹਨ ।ਲੇਖਕ ਨੇ ਹਰ ਇੱਕ ਗੱਲ ਗੁਰਬਾਣੀ ਦੇ ਆਧਾਰ ਤੇ ਬੜੇ ਹੀ ਤਰਕਪੂਰਨ ਢੰਗ ਨਾਲ ਪੇਸ਼ ਕੀਤੀ ਹੈ। ਪੁਸਤਕ ਵਿਚਲਾ ਲੇਖ ‘ਕੀਤੋਸੁ ਆਪਣਾ ਪੰਥ ਨਿਰਾਲਾ’ ਇਕ ਸ਼ਾਹਕਾਰ ਰਚਨਾ ਹੈ। ਭਾਈ ਗੁਰਦਾਸ ਜੀ ਆਖਦੇ ਹਨ ‘ਨਾਨਕ ਨਿਰਮਲ ਪੰਥ ਚਲਾਇਆ’ ਇਸ ਨੂੰ ਨਿਰਾਲਾ ਪੰਥ ਆਖ ਕੇ ਵਡਿਆਉਂਦੇ ਹਨ। ਲੇਖਕ ਨੇ ਇਹੀ ਨਿਰਾਲੇ ਪੰਥ ਦੇ ਸਿਧਾਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰਮਤਿ ਇੱਕ ਇਨਕਲਾਬ ਦਾ ਨਾਮ ਹੈ। ਗੁਰਸਿੱਖ ਗੁਰੂ ਦੀ ਚਾਲ ਚੱਲਦਾ ਹੈ ਅਤੇ ਨਿਰਭਉ ਅਤੇ ਨਿਰਵੈਰ ਹੋ ਕੇ ਵਿਚਰਦਾ ਹੈ। ਲੇਖਕ ਨੇ ਦੁਨਿਆਵੀ ਪਦਾਰਥਵਾਦ, ਦਿਖਾਵਿਆਂ ਤੋਂ ਬਚ ਕੇ ਸ਼ਬਦ ਸੰਦੇਸ਼ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਣ ਦੀ ਗੱਲ ਕੀਤੀ ਹੈ। ‘ਅੱਖੀ ਬਾਝਹੁ ਦੇਖਣਾ’ ਲੇਖ ਵਿੱਚ ਲੇਖਕ ਦੀ ਆਪਣੇ ਇਸ਼ਟ ਨੂੰ ਮਿਲਣ ਦੀ ਤਾਂਗ ਉਸਦੇ ਦਰਸ਼ਨਾਂ ਦੀ ਤੜਫ ਨੂੰ ਬਹੁਤ ਹੀ ਵਿਗਿਆਨਿਕ ਢੰਗ ਨਾਲ ਅੱਖਾਂ ਦੀ ਰੋਸ਼ਨੀ ਦੀ ਧਾਰਨਾ ਦਿੰਦੇ ਹੋਏ ਬਿਆਨ ਕੀਤਾ ਹੈ ਕਿ ਜਿਵੇਂ ਸਾਨੂੰ ਕਿਸੇ ਵਸਤੂ ਨੂੰ ਦੇਖਣ ਲਈ ਰੌਸ਼ਨੀ ਦੀ ਜ਼ਰੂਰਤ ਹੈ ਉਸ ਤਰ੍ਹਾਂ ਹੀ ਪਰਮਾਤਮਾ ਦੇ ਦਰਸ਼ਨ ਕਰਨ ਲਈ ਸੂਖਮ ਅੱਖਾਂ ਦੀ ਜੋਤ ਜਗਾਉਣ ਦੀ ਲੋੜ ਹੈ। ‘ਅਧਿਆਤਮਕ ਬੁਝਾਰਤਾਂ’ ਲੇਖ ਰਾਹੀਂ ਲੇਖਕ ਨੇ ਗੁਰਬਾਣੀ ਵਿਚਲੇ ਹਵਾਲਿਆਂ ਰਾਹੀਂ ਦੱਸਿਆ ਹੈ ਕਿ ਕਾਵਿ ਰੂਪ ਵਿੱਚ ਅਕਾਲ ਪੁਰਖ, ਸ੍ਰਿਸ਼ਟੀ, ਮਾਇਆ ਵਿੱਚ ਫਸਿਆ ਮਨੁੱਖ ਅਤੇ ਪ੍ਰਭੂ ਨੂੰ ਮਿਲਣ ਦਾ ਵਰਤਾਰਾ ਇੱਕ ਗੁੰਜਲਦਾਰ ਬੁਝਾਰਤ ਹੈ। ਬਾਣੀਕਾਰਾਂ ਦੇ ਹਵਾਲਿਆਂ ਰਾਹੀਂ ਇਸ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਲੇਖਕ ਨੇ ਸਿੱਖ ਕੌਮ ਨੂੰ ਆਪਣੇ ਕੌਮੀ ਦਿਹਾੜਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਜੋਸ਼ ਖਰੋਸ਼ ਨਾਲ ਮਨਾਉਣ ਲਈ ਹੋਕਾ ਦਿੱਤਾ ਹੈ , ਤਾਂ ਜੋ ਸ਼ਬਦ ਗੁਰੂ ਪ੍ਰਧਾਨਤਾ ਬਣੀ ਰਹੇ ਅਤੇ ਹਲੇਮੀਰਾਜ, ਬੇਗਮਪੁਰਾ ਅਤੇ ਖਾਲਸਾ ਰਾਜ ਦੀ ਝਲਕ ਪੇਸ਼ ਕੀਤੀ ਜਾ ਸਕੇ। ਪੁਸਤਕ ਵਿਚਲਾ ਲੇਖ ‘ਕਮਿਊਨਿਜ਼ਮ ਬਨਾਮ ਗੁਰਮਤਿ’ ਇੱਕ ਬਾਕਮਾਲ ਰਚਨਾ ਹੈ। ਅਜਿਹੀ ਰਚਨਾ ਕਰਨ ਲਈ ਬਹੁਤ ਅਧਿਐਨ ਅਤੇ ਖੋਜਾਂ ਦੀ ਲੋੜ ਹੈ ਜੋ ਜਸਵਿੰਦਰ ਸਿੰਘ ਰੁਪਾਲ ਦੀ ਦੂਰ ਦ੍ਰਿਸ਼ਟੀ ਅਤੇ ਅਧਿਆਤਮਕ ਸੋਝੀ ਪ੍ਰਗਟ ਕਰ ਰਹੀ ਹੈ। ਉਨਾਂ ਨੇ ਬਹੁਤ ਵਧੀਆ ਢੰਗ ਨਾਲ ਖਾਲਸੇ ਦਾ ਮਾਰਗ ਅਜੋਕੇ ਸਮਾਜਵਾਦ ਤੋਂ ਕਿਵੇਂ ਭਿੰਨ ਹੈ ਦਾ ਤੁਲਨਾਤਮਕ ਅਧਿਐਨ ਪੇਸ਼ ਕੀਤਾ ਹੈ। ਉਹਨਾਂ ਅੰਦਰ ਇੱਕ ਚੀਸ ਹੈ ਕਿ ਕਿਵੇਂ ਅੱਜ ਡੇਰਾਵਾਦ ਵੱਖ ਵੱਖ ਧੜਿਆਂ, ਰਾਜਨੀਤਿਕ ਅਤੇ ਧਾਰਮਿਕ ਠੇਕੇਦਾਰਾਂ ਦੁਆਰਾ ਸਿੱਖ ਪੰਥ ਲੁੱਟਿਆ ਜਾ ਰਿਹਾ ਹੈ ।ਉਹਨਾਂ ਹੋਕਾ ਦਿੱਤਾ ਹੈ ਕਿ ਖਾਲਸਾ ਅੱਜ ਵੀ ਕਾਇਮ ਅਤੇ ਸੁਚੇਤ ਹੈ।
ਉਨਾਂ ਨੇ ਆਪਣੇ ਲੇਖਾਂ ਵਿੱਚ ਗੁਰਬਾਣੀ ਦੀ ਵਿਲੱਖਣਤਾ, ਗੁਰਬਾਣੀ ਵਿੱਚ ਸੂਰੇ ਅਤੇ ਕਰਾਮਾਤ ਦਾ ਸੰਕਲਪ ਪੇਸ਼ ਕੀਤਾ ਹੈ। ਗੁਰੂ ਸਾਹਿਬਾਨਾਂ ਦਾ ਜੀਵਨ ਅਤੇ ਸ਼ਬਦ ਪ੍ਰਤੀ ਸਤਿਕਾਰ, ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ ਰੂਪ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਬਣੀ ਤਰਤੀਬ, ਗੁਰਬਾਣੀ ਦੀ ਕਠੋਰ ਸ਼ਬਦਾਵਲੀ ਆਦਿ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਿ ਬਹੁਤ ਹੀ ਅਧਿਐਨ ਅਤੇ ਖੋਜਾਂ ਦਾ ਸਿੱਟਾ ਹੈ। ਅਜਿਹੀਆਂ ਖੋਜਾਂ ਭਰਪੂਰ ਤਰਕਪੂਰਨ ਗੱਲਾਂ ਕੋਈ ਆਮ ਲਿਖਾਰੀ ਨਹੀਂ ਸਗੋਂ ਇੱਕ ਗੁਰਸਿੱਖ ਜਿਸਨੇ ਗੁਰਸਿੱਖੀ ਨੂੰ ਪਰਣਾਇਆ ਹੋਇਆ ਹੈ ਉਹ ਸ਼ਰਧਾਲੂ ਹੀ ਕਰ ਸਕਦਾ ਹੈ। ਲੇਖਕ ਨੇ ਪੁਸਤਕ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਇੱਕ ਵਿਅਕਤੀਗਤ ਗੁਰੂ ਨਹੀਂ ਸਗੋਂ ਇੱਕ ਵਿਚਾਰਧਾਰਾ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਗੁਰੂ ਸਾਹਿਬ ਨੇ ਆਪਣੇ ਬ੍ਰਹਿਮੰਡੀ ਪ੍ਰੇਮ ਸੰਕਲਪ ਰਾਹੀਂ ਸਰਬੱਤ ਦੇ ਭਲੇ ਦਾ ਸਿਧਾਂਤ ਅਪਣਾਉਣ ਦਾ ਸੰਦੇਸ਼ ਦਿੱਤਾ। ਲੇਖਕ ਨੇ ਦਰਸਾਇਆ ਕਿ ਗੁਰੂ ਨਾਨਕ ਦੇ ਪਿਆਰ ਭਿੱਜੇ ਬੋਲ ਬਾਣੀ ਦੇ ਅਣਿਆਲੇ ਤੀਰ ਆਪਣੇ ਸਮੇਂ ਦੇ ਲੋਟੂ ਹਾਕਮਾਂ, ਪਾਖੰਡੀ ਸਾਧੂਆਂ, ਪੰਡਤਾਂ, ਜੋਗੀਆਂ, ਮੁਲਾਣਿਆਂ, ਨਾਥਾ, ਆਦਿ ਦੇ ਹਿਰਦਿਆਂ ਨੂੰ ਛੱਲਣੀ ਕਰਦੇ ਹਨ ਅਤੇ ਮਲਕ ਭਾਗੋ ਦਾ ਹੰਕਾਰ ਤੋੜਦੇ ਹੋਏ ਠੱਗਾਂ ਨੂੰ ਸੱਜਣ ਬਣਾਉਂਦੇ ਹਨ। ਇਸ ਤਰ੍ਹਾਂ ਇਹਨਾਂ ਲੇਖਾਂ ਵਿੱਚ ਦਿੱਤੀਆਂ ਧਾਰਨਾਵਾਂ ਸਾਨੂੰ ਵਿਚਾਰ ਕਰਨ ਯੋਗ ਬਣਾਉਂਦੀਆਂ ਹਨ ਕਿ ਸਾਨੂੰ ਡੇਰਾਵਾਦ , ਬਾਬਾਬਾਦ ਨੂੰ ਛੱਡ ਕੇ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਾਨੂੰ ਨਿਰਭਉ ਅਤੇ ਨਿਰਵੈਰ ਮਨੁੱਖ ਬਣਨ ਦੀ ਜਾਂਚ ਆ ਜਾਵੇ। ਪੁਸਤਕ ਵਿਚਲਾ ਲੇਖ ‘ਪੰਜ ਵਿੱਚ ਕੀ ਜਾਦੂ ਹੈ?’ਰਾਹੀਂ ਲੇਖਕ ਨੇ ਗੁਰਮਤਿ ਅਨੁਸਾਰ ਪੰਜ ਦੀ ਮਹੱਤਤਾ ਨੂੰ ਵੱਖ-ਵੱਖ ਆਧਾਰਾਂ ਅਤੇ ਹਵਾਲਿਆਂ ਰਾਹੀਂ ਬਿਆਨ ਕੀਤਾ ਹੈ ਇਹ ਵੀ ਦੱਸਿਆ ਹੈ ਕਿ ਗੈਰ ਸਿੱਖ ਮੱਤਾਂ ਵਿੱਚ ਵੀ ਪੰਜ ਦੀ ਮਹੱਤਤਾ ਹੈ। ‘ਪੱਥਰ ਪਾਣੀ ਰੱਖੀਐ’ਲੇਖ ਰਾਹੀਂ ਲੇਖਕ ਨੇ ਪਾਣੀ ਅਤੇ ਪੱਥਰ ਦਾ ਬਿੰਬ ਦਿੰਦੇ ਹੋਏ ਮਨਮੁਖ ਅਤੇ ਗੁਰਮੁਖ ਵਿੱਚ ਅੰਤਰ ਨਿਖੇੜਾ ਕੀਤਾ ਹੈ। ਉਹ ਕਹਿੰਦੇ ਹਨ “ਵਹਿੰਦੇ ਪਾਣੀ ਨਿਰਮਲ ਹੁੰਦੇ, ਦਾਗ ਨਾ ਲੱਗਣ ਮੰਦੇ ਜੀ।“ ਗੁਰਮੁਖ ਦਾ ਜੀਵਨ ਸ਼ਾਂਤ, ਸ਼ੀਤਲ,ਸਹਜ ਪਾਣੀ ਵਾਂਗ ਇਕ ਤੇਜ਼ ਧਾਰਾ ਹੈ। ਦੂਸਰੇ ਪਾਸੇ ਮਨਮੁੱਖ ਇਨਸਾਨ ਉਸ ਤਰ੍ਹਾਂ ਹੈ ਜਿਵੇਂ ਕੋਈ ਪੱਥਰ, ਜਿਸਦੀ ਕੋਈ ਮੰਜ਼ਿਲ ਨਹੀਂ ਉਸਦੇ ਅੰਦਰ ਕਿਸੇ ਪ੍ਰੀਤਮ ਨੂੰ ਮਿਲਣ ਦਾ ਚਾਅ ਨਹੀਂ ਹੈ। ਉਹ ਲਿਖਦੇ ਹਨ ਸਿਰ ਚੁੱਕਿਆ ਤਾਂ ਪ੍ਰੀਤਮ ਨਹੀਂ ਮਿਲਦਾ, ਉਹ ਤਾਂ ਸਿਰ ਨਿਵਾਇਆ, ਆਪਾਂ ਗਵਾਇਆ ਮਿਲਦਾ ਹੈ। ਲੇਖ ‘ਵਿਚਾਰ, ਸੰਸਕਾਰ ਅਤੇ ਕਿਰਦਾਰ’ਵਿਚ ਦੱਸਿਆ ਗਿਆ ਹੈ ਕਿ ਕਿਵੇਂ ਚੰਗੇ ਵਿਚਾਰ ਚੰਗੇ ਸੰਸਕਾਰ ਮਿਲ ਕੇ ਚੰਗਾ ਕਿਰਦਾਰ ਬਣਾਉਂਦੇ ਹਨ। ਇਸੇ ਪੁਸਤਕ ਵਿੱਚ ‘ਭਗਤ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਦਾ ਰੂਹਾਨੀ ਸੰਦੇਸ਼’ਲੇਖ ਰਾਹੀਂ ਭਗਤ ਰਵਿਦਾਸ ਜੀ ਦੇ ਜੀਵਨ ਦੀਆਂ ਘਟਨਾਵਾਂ ਅਤੇ ਬਾਣੀ ਵਿਚਲੇ ਸੰਦੇਸ਼ ਉੱਤੇ ਚਾਨਣਾ ਪਾਇਆ ਗਿਆ ਹੈ। ‘ਤੇਰਾ ਭਰੋਸਾ ਪਿਆਰੇ’ਲੇਖ ਬਾਕਮਾਲ ਰਚਨਾ ਹੈ ਜਿਸ ਵਿੱਚ ਉਸ ਅਸੀਮ ਅਕਾਲ ਰੂਪੀ ਸ਼ਕਤੀ ਤੇ ਭਰੋਸਾ ਕਰਨ ਨੂੰ ਬਾਣੀ ਦੇ ਆਧਾਰ ਤੇ ਦ੍ਰਿੜ ਕਰਵਾਇਆ ਗਿਆ ਹੈ। ਸਿੱਖੀ ਭਰੋਸੇ ਦੀ ਖੇਡ ਹੈ ਗੁਰਸਿੱਖ ਉਸ ਭਰੋਸੇ ਤੇ ਹੀ ਵੱਡੇ ਵੱਡੇ ਕਾਰਜ ਵਿੱਢ ਲੈਂਦੇ ਹਨ ਅਤੇ ਕਾਰਜ ਸਫ਼ਲ ਕਰਦੇ ਹਨ। ਸਿੱਖ ਰੋਜਾਨਾ ਅਕਾਲ ਪੁਰਖ ਤੋਂ ਭਰੋਸਾ ਦਾਨ ਮੰਗਦੇ ਹਨ। ਲੇਖ ਵਿੱਚ ਬਹੁਤ ਹੀ ਵਧੀਆ ਹਵਾਲਿਆਂ ਨਾਲ ਇਸ ਸੰਕਲਪ ਨੂੰ ਬਿਆਨ ਕੀਤਾ ਗਿਆ ਹੈ। ਅੰਤਲੇ ਲੇਖ ਵਿੱਚ ਜਸਵਿੰਦਰ ਸਿੰਘ ਰੁਪਾਲ ਜੀ ਨੇ ‘ਸਾਚੀ ਰਹਤ ਸਾਚਾ ਮਨਿ ਸੋਇ’ ਵਿਚ ਸੱਚੀ ਰਹਿਤ ਮਰਿਆਦਾ ਦੀ ਗੱਲ ਕੀਤੀ ਹੈ ਗੁਰੂ ਸਾਹਿਬਾਨ ਜਿਸ ਰਹਿਤ ਦੀ ਗੱਲ ਕਰਦੇ ਹਨ ਉਹ ਹੈ ਵਾਹਿਗੁਰੂ ਦੇ ਹੁਕਮ ਵਿੱਚ ਰਹਿਣਾ। ਬ੍ਰਹਮੰਡੀ ਨਿਯਮਾਂ ਨੂੰ ਸਮਝਣਾ, ਸਿਫਤ ਸਲਾਹ ਕਰਦੇ ਹੋਏ ਪਰਮ ਪਿਤਾ ਨੂੰ ਹਿਰਦੇ ਵਿੱਚ ਵਸਾਉਣਾ ਅਤੇ ਫਿਰ ਉਸ ਦਾ ਰੂਪ ਹੋ ਜਾਣਾ, ਇਹ ਸਭ ਉਸ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਗੁਰਮਤਿ ਵਿੱਚ ਸਿਰਫ ਅੰਦਰੂਨੀ ਰਹਿਤ ਤੇ ਜ਼ੋਰ ਦਿੱਤਾ ਗਿਆ ਹੈ ਬਾਹਰੀ ਵਿਖਾਵੇ, ਪਖੰਡ ਨੂੰ ਪਹਿਲ ਨਹੀਂ ਦਿੱਤੀ ਗਈ।
ਅੰਤ ਵਿੱਚ ਮੈਂ ਇਹ ਕਹਾਂਗੀ ਕਿ ਇਹ ਪੁਸਤਕ ਗੁਰਮਤਿ ਦੇ ਖੇਤਰ ਵਿੱਚ ਖੋਜ ਕਰ ਰਹੇ ਖੋਜਾਰਥੀਆਂ, ਜਿਗਿਆਸੂਆਂ, ਧਾਰਮਿਕ ਰੁਚੀਆਂ ਵਾਲੇ ਪਾਠਕਾਂ ਲਈ ਬਹੁਤ ਵਧੀਆ ਮਾਰਗ-ਦਰਸ਼ਕ ਹੈ। ਇਸ ਪੁਸਤਕ ਦੇ ਪਹਿਲੇ ਅਡੀਸ਼ਨ ਦਾ ਪਹਿਲੇ ਸਾਲ ਹੀ ਖਤਮ ਹੋ ਜਾਣਾ ਇਸ ਦੀ ਮੂੰਹ ਬੋਲਦੀ ਪ੍ਰਾਪਤੀ ਹੈ। ਪੁਸਤਕ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ। ਇਸ ਲਈ ਮੈਂ ਸਹਿਜ ਪਬਲੀਕੇਸ਼ਨ ਸਮਾਣਾ ਦਾ ਵੀ ਧੰਨਵਾਦ ਕਰਦੀ ਹਾਂ। ਆਸ਼ਾ ਕਰਦੇ ਹਾਂ ਕਿ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਚਾਹਵਾਨ ਪਾਠਕ ਇਸ ਪੁਸਤਕ ਪੜ੍ਹ ਕੇ ਲਾਹਾ ਜ਼ਰੂਰ ਪ੍ਰਾਪਤ ਕਰਨਗੇ। ਅੰਤ ਵਿੱਚ ਮੈਂ ਜਸਵਿੰਦਰ ਸਿੰਘ ਰੁਪਾਲ ਜੀ ਲਈ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਅਜਿਹੇ ਹੋਰ ਲੇਖ ਉਹ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਉਣ ਜਿਨਾਂ ਦੀ ਅਜੋਕੇ ਸਮਾਜ ਨੂੰ ਬਹੁਤ ਲੋੜ ਹੈ।
– ਰਾਜਿੰਦਰ ਕੌਰ ਜੀਤ
-9914711191
Leave a Comment
Your email address will not be published. Required fields are marked with *