ਅਮਰੀਕਾ ਦੀ ਵਰਲਡ ਪੀਸ ਆਫ਼ ਯੂਨਾਈਟਡ ਨੇਸ਼ਨਜ਼ ਯੂਨੀਵਰਸਿਟੀ ਵੱਲੋਂ ਧਵਨ ਕੁਮਾਰ ਨੂੰ ਡਾਕਟਰੇਟ ਦੀ ਡਿਗਰੀ ਦੇ ਕੇ ਕੀਤਾ ਗਿਆ ਸਨਮਾਨਿਤ
ਅਣਥੱਕ ਮਿਹਨਤ ਕਰਨ ਨਾਲ ਸਫ਼ਲਤਾ ਖ਼ੁਦ ਸਾਡੇ ਪੈਰ ਚੁੰਮਦੀ ਹੈ : ਡਾ. ਧਵਨ ਕੁਮਾਰ
ਕੋਟਕਪੂਰਾ, 01 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਤਿਹਾਸ ਗਵਾਹ ਹੈ ਕਿ ਵਿਅਕਤੀ ਦੁਆਰਾ ਦੇਖੇ ਗਏ ਸੁਪਨੇ ਪੂਰੇ ਕਰਨ ਪਿੱਛੇ ਉਸਦੀ ਅਣਥੱਕ ਮਿਹਨਤ ਅਤੇ ਕੋਸ਼ਿਸ਼ ਹੁੰਦੀ ਹੈ। ਕਾਮਯਾਬੀ ਅਤੇ ਸਫ਼ਲਤਾ ਉਸ ਨੂੰ ਹੀ ਮਿਲਦੀ ਹੈ ਜੋ ਉਸਨੂੰ ਪਾਉਣ ਲਈ ਦ੍ਰਿੜ ਸ਼ਕਤੀ ਨਾਲ ਅੱਗੇ ਵਧਦਾ ਹੈl ਇਹਨਾਂ ਸ਼ਬਦਾਂ ਦੀ ਤਰਜਮਾਨੀ ਕਰਨ ਵਾਲੀ ਸ਼ਖਸੀਅਤ ਬਾਰੇ ਦੱਸਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ ਕਿ ਜ਼ਿਲ੍ਹਾ ਮੋਗਾ ਦੀ ਵਿੱਦਿਅਕ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧਵਨ ਕੁਮਾਰ ਜੀ ਨੂੰ ਪਿਛਲੇ ਦਿਨੀਂ ਯੂ.ਐਸ.ਏ ਅਮਰੀਕਾ ਦੀ ਵਰਲਡ ਪੀਸ ਆਫ਼ ਯੂਨਾਈਟਡ ਨੇਸ਼ਨਜ਼ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਪਦਵੀ ਦੇ ਕੇ ਸਨਮਾਨਿਤ ਕੀਤਾ ਗਿਆ ਹੈl ਅਜਿਹੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਪਿੱਛੇ ਕਈ ਵਰ੍ਹੇਆਂ ਦੀ ਅਣਥੱਕ ਮਿਹਨਤ ਹੀ ਹੁੰਦੀ ਹੈ ਜੋ ਇਹ ਆਪਣੇ ਸਮੁੱਚੇ ਜੀਵਨ ਵਿੱਚ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਨ। ਸਿੱਖਿਆ ਖੇਤਰ ਵਿੱਚ ਇਹਨਾਂ ਨੇ ਆਪਣੀਆਂ ਸੇਵਾਵਾਂ ਦੇਣੀਆਂ ਸਾਲ 1998 ਤੋਂ ਹੀ ਸ਼ੁਰੂ ਕਰ ਦਿੱਤੀਆਂ ਸੀ l ਮਹਿਜ਼ 800 ਰੁਪਏ ਪ੍ਰਤੀ ਮਹੀਨਾ ਤਨਖਾਹ ਨਾਲ ਇਹਨਾਂ ਅਧਿਆਪਕ ਦੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀl ਬਹੁਤ ਸਾਰੀਆਂ ਮੁਸ਼ਕਲਾਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਇਹਨਾਂ ਨੇ ਆਪਣੇ ਅਧਿਆਪਨ ਦਾ ਕਿੱਤਾ ਜਾਰੀ ਰੱਖਿਆl ਸਿੱਖਿਆ ਪ੍ਰਤੀ ਦਿਲਚਸਪੀ ਨੂੰ ਦੇਖਦੇ ਹੋਏ ਇਹਨਾਂ ਨੇ ਕਮਰਸ ਵਿਸ਼ੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀਐਡ ਦੀ ਡਿਗਰੀ ਪ੍ਰਾਪਤ ਕਰਦਿਆਂ ਹੀ ਐਮ ਏ ਇੰਗਲਿਸ਼ ਅਤੇ ਐਮ ਏ ਸਾਈਕੋਲੋਜੀ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਆਪਣੇ ਅੰਦਰਲੇ ਗਿਆਨ ਨੂੰ ਹੋਰ ਪੁਖਤਾ ਬਣਾ ਲਿਆl ਅਜਿਹੀਆਂ ਪੁਲਾਂਘਾਂ ਪੁੱਟਦੇ ਹੋਏ ਕਦਮ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਦੇ, ਸੋ ਇਹਨਾਂ ਨੇ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਬਠਿੰਡਾ ਤੋਂ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਉਣ ਦਾ ਸਫ਼ਰ ਸ਼ੁਰੂ ਕੀਤਾ। ਜਿਸ ਤੋਂ ਬਾਅਦ ਸੀਬੀਐਸਈ ਬੋਰਡ ਦੇ ਮੰਨੇ ਪਰਮੰਨੇ ਸਕੂਲਾਂ ਵਿੱਚ ਇਹਨਾਂ ਨੂੰ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਦੇ ਅਵਸਰ ਪ੍ਰਾਪਤ ਹੋਏ ਅਤੇ ਪਿਛਲੇ 24 ਸਾਲਾਂ ਤੋਂ ਇਹ ਸਿੱਖਿਆ ਖੇਤਰ ਵਿੱਚ ਉੱਘੇ ਤਜ਼ਰਬੇਕਾਰ ਪ੍ਰਿੰਸੀਪਲ ਦੇ ਤੌਰ ਤੇ ਆਪਣੇ ਕਿੱਤੇ ਵਿੱਚ ਲੀਨ ਹਨl ਆਪਣੇ ਸਮੁੱਚੇ ਸਿੱਖਿਆ ਜੀਵਨ ਵਿੱਚ ਇਹਨਾਂ ਨੇ ਸਮੂਹ ਅਧਿਆਪਕ ਸਾਹਿਬਾਨ ਦਾ ਮਾਰਗ ਦਰਸ਼ਨ ਕੀਤਾ ਅਤੇ ਅੱਜ ਜ਼ਿਲ੍ਹਾ ਮੋਗਾ ਦੇ ਐਸਬੀਆਰਐਸ ਗੁਰੂਕੁਲ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਨਿਤ ਨਵੀਆਂ ਪੁਲਾਂਘਾਂ ਪੁੱਟਣ ਲਈ ਦਿਸ਼ਾ ਨਿਰਦੇਸ਼ ਕਰਦੇ ਆ ਰਹੇ ਹਨ। ਯੂਐਸਏ ਅਮਰੀਕਾ ਦੀ ਵਰਲਡ ਪੀਸ ਆਫ ਯੂਨਾਈਟਡ ਨੇਸ਼ਨ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਪਦਵੀ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਦਾ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀl ਇਸ ਮੌਕੇ ਡਾਕਟਰ ਧਵਨ ਕੁਮਾਰ ਜੀ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਉੱਥੇ ਹੀ ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਜੀਵਨ ਭਰ ਮਿਹਨਤ ਕਰਕੇ ਸਫ਼ਲਤਾ ਪ੍ਰਾਪਤੀ ਲਈ ਪ੍ਰੇਰਿਤ ਵੀ ਕੀਤਾl ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਇਸ ਵਿਲੱਖਣ ਪ੍ਰਾਪਤੀ ਲਈ ਖੁਸ਼ੀ ਪ੍ਰਗਟ ਕਰਦਿਆਂ ਇਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂl
Leave a Comment
Your email address will not be published. Required fields are marked with *