ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ,
ਸਿੱਖੀ ਵਾਲਾ ਮਹਿਲ ਹੈ ਬਣਾਉਣਾ ।
ਬੰਦਿਆਂ ਚੋਂ ਖੋਟ ਕੱਢ ਕੇ,
ਐਸਾ ਪੰਥ ਮੈਂ ਖਾਲਸਾ ਸਜਾਉਣਾ ।
ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ ।
ਹੱਕ ਦੀ ਕਮਾਈ ਕਰੇ, ਬਦੀਆਂ ਕਮਾਏ ਨਾ ।
ਗਊ ਤੇ ਗਰੀਬ ਮਸਕੀਨਾਂ ਦੀ ਜੋ ਰਾਖੀ ਕਰੇ,
ਸਵਾ ਲੱਖ ਇੱਕ ਨੂੰ ਬਣਾਉਣਾ ।
ਬੰਦਿਆਂ ਚੋਂ ਖੋਟ ਕੱਢ ਕੇ …….
ਖੰਡੇ ਵਾਲੀ ਧਾਰ ਉੱਤੇ ਆ ਜੋ ਜੀਹਨੇ ਨੱਚਣਾ ।
ਰਾਤਾਂ ਦੇ ਹਨ੍ਹੇਰ ‘ਚ ਮਸ਼ਾਲ ਵਾਂਗੂੰ ਮੱਚਣਾ ।
ਖੰਡੇ ਨਾਲ ਖਿੱਚ ਕੇ ਲਕੀਰ ਕਿਹਾ ਬਾਜ਼ਾਂ ਵਾਲੇ
ਅੰਮ੍ਰਿਤ ਐਸਾ ਹੈ ਛਕਾਉਣਾ ।
ਬੰਦਿਆਂ ‘ਚੋਂ ਖੋਟ ਕੱਢ ਕੇ……..
ਸਾਜ ਕੇ ਪਿਆਰੇ ਪੰਜ, ਗੱਜ ਕੇ ਪੁਕਾਰਿਆ ।
ਮੈਨੂੰ ਵੀ ਬਣਾਉ ਸਿੱਖ, ਮੁੱਖ ਤੋਂ ਉਚਾਰਿਆ ।
ਤੇਗ ਦੇ ਦੁਲਾਰੇ, ਲੈ ਕੇ ਅੰਮ੍ਰਿਤ ਦਾਤ,
ਕਿਹਾ ਲਾਜ ਨਾ ਧਰਮ ਨੂੰ ਲਾਉਣਾ ।
ਬੰਦਿਆਂ ਚੋਂ ਖੋਟ ਕੱਢ ਕੇ……..
ਏਸੇ ਲਈ ਆਨੰਦਪੁਰੀ ਜਿੱਥੇ ਕੇਸਗੜ੍ਹ ਹੈ ।
ਖ਼ਾਲਸੇ ਦੀ ਲੱਗੀ ਏਥੇ, ਬੜੀ ਡੂੰਘੀ ਜੜ੍ਹ ਹੈ ।
ਅੱਜ ਤੀਕ ਮਿਟੀ ਨਾ ਤੇ ਪੁੱਟੀ ਗਈ ਇਹ ਕਿਸੇ ਕੋਲ਼ੋਂ,
ਮਿਟ ਗਏ ਜੋ ਚਾਹੁੰਦੇ ਸੀ ਮਿਟਾਉਣਾ ।
ਧੰਨ ਗੁਰੂ ਬਾਜਾਂ ਵਾਲਿਆ,
ਤੇਰੇ ਜਿਹਾ ਨਹੀਂ ਜਹਾਨੇ ਫੇਰ ਆਉਣਾ ।
🔷ਗੁਰਭਜਨ ਗਿੱਲ
Leave a Comment
Your email address will not be published. Required fields are marked with *