ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੀ ਧਰਤੀ ਹੈ। ਇਹਨਾਂ ਮਹਾਂਪੁਰਖਾਂ ਦਾ ਜੀਵਨ ਅਤੇ ਸਿੱਖਿਆ ਭਾਰਤਵਾਸੀਆਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਵੀ ਅਜਿਹੇ ਮਹਾਂਪੁਰਖਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਹੈ। ਗੁਰੂ ਜੀ ਮਾਨਵਤਾ ਲਈ ਕਲਿਆਣਕਾਰੀ ਕਦਰਾਂ-ਕੀਮਤਾਂ-ਸਾਂਝੀਵਾਲਤਾ, ਭਾਈਚਾਰਿਕ ਏਕਤਾ ਆਦਿ ਦੇ ਪ੍ਰਚਾਰਕ ਸਨ। ਇਸ ਲਈ ਸਾਰੇ ਭਾਰਤਵਾਸੀ ਉਹਨਾਂ ਦਾ ਸਤਿਕਾਰ ਕਰਦੇ ਹਨ।
ਗੁਰੂ ਜੀ ਦਾ ਜਨਮ 1469 ਈ: ਵਿੱਚ ਤਲਵੰਡੀ ਵਿੱਚ ਜਿਸ ਨੂੰ ਨਨਕਾਣਾ ਸਾਹਿਬ (ਹੁਣ ਪਾਕਿਸਤਾਨ ਵਿੱਚ) ਕਿਹਾ ਜਾਂਦਾ ਹੈ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਪਟਵਾਰੀ ਸਨ। ਉਹਨਾਂ ਦੇ ਬਚਪਨ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹਨ। ਇਹਨਾਂ ਵਿੱਚ ਗੁਰੂ ਜੀ ਦਾ ਆਪਣੀ ਭੈਣ ਨਾਨਕੀ ਲਈ ਪਿਆਰ, ਮਾਤਾ ਤ੍ਰਿਪਤਾ ਜੀ ਦੀ ਮਮਤਾ, ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਦੇ ਸਫ਼ਲ ਮੁਢਲੇ ਜੀਵਨ ਲਈ ਫ਼ਿਕਰ ਆਦਿ ਉਜਾਗਰ ਹੁੰਦੇ ਹਨ। ਇਹਨਾਂ ਤੋਂ ਇਲਾਵਾ ਗੁਰੂ ਜੀ ਦਾ ਗੰਭੀਰ ਸੁਭਾਅ, ਦੁਨੀਆਦਾਰੀ ਦੇ ਕੰਮਾਂ ਵੱਲੋਂ ਬੇਪਰਵਾਹੀ, ਆਪਣੇ ਮਿਸ਼ਨ ਲਈ ਲਗਨ ਅਤੇ ਰਸਮੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਸੱਚ ਨੂੰ ਜਾਣਨ ਦੀ ਚਾਹ ਪ੍ਰਗਟ ਹੁੰਦੀ ਹੈ। ਇਹਨਾਂ ਵਿੱਚੋਂ ਪਾਂਧੇ ਵਾਲੀ ਸਾਖੀ, ਮੱਝਾਂ ਚਾਰਨ ਵਾਲੀ ਸਾਖੀ, ਸੱਚਾ ਸੌਦਾ ਕਰਨ ਵਾਲੀ ਸਾਖੀ ਅਤੇ ਜਨੇਊ ਬਾਰੇ ਸਾਖੀਆਂ ਪ੍ਰਸਿੱਧ ਹਨ।
ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਸਨ। ਗੁਰੂ ਜੀ ਨੇ ਆਪਣੀ ਜਵਾਨੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਪਰ ਉਹ ਆਪਣਾ ਸਮਾਂ ਇਹਨਾਂ ਸਧਾਰਨ ਕੰਮਾਂ ਵਿੱਚ ਹੀ ਨਹੀਂ ਸਨ ਲਾਉਣਾ ਚਾਹੁੰਦੇ। ਇਸ ਲਈ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਸੱਚ ਦੀ ਖੋਜ ਅਤੇ ਉਸ ਦੇ ਪ੍ਰਚਾਰ ਲਈ ਯਾਤਰਾਵਾਂ ‘ਤੇ ਨਿਕਲ ਤੁਰੇ। ਉਹਨਾਂ ਦੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਯਾਤਰਾਵਾਂ ਵੇਲ਼ੇ ਦੀਆਂ ਉਹਨਾਂ ਦੀਆਂ ਕਈ ਸਾਖੀਆਂ ਪ੍ਰਚਲਿਤ ਹਨ, ਜਿਵੇਂ:-ਸੱਜਣ ਠੱਗ, ਭਾਈ ਲਾਲੋ, ਕੌਡਾ ਰਾਖਸ਼, ਮੱਕੇ ਮਦੀਨੇ ਅਤੇ ਹਰਿਦੁਆਰ ਨਾਲ ਸੰਬੰਧਿਤ ਸਾਖੀਆਂ। ਇਹਨਾਂ ਤੋਂ ਗੁਰੂ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਇਹਨਾਂ ਯਾਤਰਾਵਾਂ ਦੌਰਾਨ ਉਹਨਾਂ ਦਾ ਸਾਥੀ ਆਮ ਤੌਰ ‘ਤੇ ਮਰਦਾਨਾ ਹੁੰਦਾ ਸੀ। ਉਹ ਹਰ ਧਰਮ ਦੇ ਕੇਂਦਰਾਂ ਉੱਤੇ ਗਏ। ਉਹਨਾਂ ਧਰਮਾਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹ ਆਪਣੀ ਮਨੋਹਰ ਸ਼ਖ਼ਸੀਅਤ, ਵਿਸ਼ਾਲ ਗਿਆਨ ਅਤੇ ਤਰਕ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ। ਉਹਨਾਂ ਨੇ ਧਰਮ ਦੇ ਉਸ ਰੂਪ ਦਾ ਖੰਡਨ ਕੀਤਾ ਜਿਹੜਾ ਮਨੁੱਖਤਾ ਲਈ ਲਾਹੇਵੰਦ ਨਹੀਂ ਸੀ। ਉਹਨਾਂ ਲਈ ਮੁੱਖ ਗੱਲ ਆਮ ਮਨੁੱਖ ਅਤੇ ਉਸ ਦਾ ਭਲਾ ਸੀ। ਇਸੇ ਕਰਕੇ ਉਹ ਆਪਣੀਆਂ ਉਦਾਸੀਆਂ ਸਮੇਂ ਕਿਰਤੀ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਅਤੇ ਉਹਨਾਂ ਨੂੰ ਉਪਦੇਸ਼ ਦਿੰਦੇ। ਉਹਨਾਂ ਨੇ ਨਿਡਰ ਹੋ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ। ਆਪਣੀ ਅੰਤਲੀ ਅਵਸਥਾ ਵਿੱਚ ਕਰਤਾਰਪੁਰ ਵਿਖੇ ਆ ਠਹਿਰੇ ਅਤੇ ਇੱਥੇ ਉਹਨਾਂ ਨੇ ਹੱਥੀਂ ਖੇਤੀ ਕੀਤੀ। ਇੱਥੇ ਹੀ ਉਹ 70 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾਏ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਸਿੱਖ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਜੋ ਉਦੋਂ ਤੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਜਾਣੇ ਗਏ।
ਗੁਰੂ ਜੀ ਇੱਕ ਮਹਾਨ ਸਮਾਜ-ਸੁਧਾਰਕ ਸਨ। ਉਹਨਾਂ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਈ। ਇਸਤਰੀ ਜਾਤੀ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਖ਼ਿਲਾਫ਼ ਪ੍ਰਚਾਰ ਕੀਤਾ। ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹਨਾਂ ਦੀ ਬਾਣੀ ਵਿੱਚੋਂ ‘ਜਪੁਜੀ ਸਾਹਿਬ’ ਅਤੇ ‘ਆਸਾ ਦੀ ਵਾਰ’ ਹਰ ਰੋਜ਼ ਪੜ੍ਹੀਆਂ ਤੇ ਗਾਈਆਂ ਜਾਣ ਵਾਲੀਆਂ ਬਾਣੀਆਂ ਹਨ। ਜਦੋਂ ਗੁਰੂ ਜੀ ਬਾਣੀ ਉਚਾਰਦੇ ਸਨ ਤਾਂ ਭਾਈ ਮਰਦਾਨਾ ਉਹਨਾਂ ਨਾਲ ਰਬਾਬ ਵਜਾਉਂਦਾ ਸੀ। ਗੁਰੂ ਜੀ ਦਾ ਉਪਦੇਸ਼ ਕਿਸੇ ਇੱਕ ਫ਼ਿਰਕੇ ਦੇ ਲੋਕਾਂ ਲਈ ਨਹੀਂ ਸੀ, ਸਗੋਂ ਸਭ ਲਈ ਸਾਂਝਾ ਸੀ। ਉਹਨਾਂ ਨੇ ਮਨੁੱਖ ਅਤੇ ਮਨੁੱਖ ਵਿਚਕਾਰ ਧਰਮ, ਜਾਤ-ਪਾਤ ਜਾਂ ਕਿਸੇ ਹੋਰ ਪ੍ਰਕਾਰ ਦੇ ਵਖਰੇਵੇਂ ਦੀ ਨਿਖੇਧੀ ਕੀਤੀ। ਗੁਰੂ ਜੀ ਦੀ ਸਿੱਖਿਆ ਨੂੰ ਅੱਗੇ ਨੌਂ ਗੁਰੂ ਸਾਹਿਬਾਂ ਨੇ ਪ੍ਰਚਾਰਿਆ ਅਤੇ ਸਮਾਜ ਵਿੱਚ ਲਾਗੂ ਕਰਨ ਦਾ ਯਤਨ ਕੀਤਾ। ਉਹਨਾਂ ਦੀ ਸਿੱਖਿਆ ਅੱਜ ਵੀ ਸਾਡੀ ਅਗਵਾਈ ਕਰਦੀ ਹੈ। ਇਸ ਤੋਂ ਵੀ ਵੱਧ ਸਾਰੇ ਦੇਸ ਦੀ ਅਖੰਡਤਾ ਕਾਇਮ ਰੱਖਣ ਲਈ ਉਹਨਾਂ ਦੀ ਸਿੱਖਿਆ ਦਾ ਬੜਾ ਮਹੱਤਵ ਹੈ।
ਦਾਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਇੱਕ ਕਵਿਤਾ ਲਿਖੀ ਗਈ ਹੈ:-
ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ ਕਿਰਤੀ ਦਾ ਬੂਟਾ ਲਾ ਚਲਿਆ,
ਚਾਰ ਸਤਰਾਂ ਵਿੱਚ ਪੂਰੀ ਜ਼ਿੰਦਗੀ ਦਾ ਸਬਕ ਸਿਖਾ ਚੱਲਿਆ।
ਪੁਰਾਣੇ ਪੰਜਾਬ ਤਲਵੰਡੀ ਦੀ ਧਰਤੀ ਤੇ ਪਰਗਟ ਹੋ ਕੇ,
ਪੂਰੇ ਦੇਸ਼ ਦਾ ਸਾਂਝਾ ਬਾਬਾ ਨਾਨਕ ਅਖਵਾ ਚੱਲਿਆ।
ਵੱਡੇ ਗਿਆਨੀ ਕੋਲ਼ ਭੇਜਿਆ ਸੀ ਸਿੱਖਿਆ ਲੈਣ ਲਈ,
ਉਲਟਾ ਪਾਧੇ ਨੂੰ ਹੀ ਜ਼ਿੰਦਗੀ ਦਾ ਸਬਕ ਪੜ੍ਹਾ ਚੱਲਿਆ।
ਘਰਦਿਆਂ ਨੇ ਭੇਜਿਆ ਸੀ ਮੋਹਰਾਂ ਲੈ ਕੇ ਵਪਾਰ ਕਰਨ,
ਵੀਹ ਰੁਪਈਆਂ ਨਾਲ ਸੰਸਾਰ ਲਈ ਲੰਗਰ ਚਲਾ ਚੱਲਿਆ।
ਸੁਲਤਾਨਪੁਰ ਲੋਧੀ ਵਿਚ ਦੌਲਤ ਖ਼ਾਨ ਦੇ ਮੋਦੀਖਾਨੇ ਅੰਦਰ,
ਤੇਰਾਂ ਤੇਰਾਂ ਤੋਲ ਕੇ ਗਰੀਬਾਂ ਦਾ ਮਸੀਹਾ ਅਖਵਾ ਚੱਲਿਆ।
ਦੁਨੀਆਂ ਦਾ ਭਲਾ ਕਰਨ ਲਈ ਮਰਦਾਨੇ ਨੂੰ ਨਾਲ਼ ਲੈ ਕੇ
ਚਾਰੋਂ ਦਿਸ਼ਾਵਾਂ ਵਿੱਚ ਉਦਾਸੀਆਂ ਕਰਵਾ ਚੱਲਿਆ।
ਭਗਤ ਭਾਈ ਲਾਲੋ ਘਰ ਮਿਹਨਤ ਦੀ ਰੋਟੀ ਖਾ ਕੇ,
ਮਲਕ ਭਾਗੋ ਨੂੰ ਮਿਹਨਤ ਕਰਨ ਦਾ ਫਲਸਫਾ ਸਿਖਾ ਚਲਿਆ।
ਲੋਕਾਂ ਨੂੰ ਠੱਗ ਕੇ ਮਾਰ ਦੇਣ ਵਾਲੇ ਸੱਜਣ ਠੱਗ ਵਰਗੇ ਨੂੰ ਵੀ,
ਆਪਣੀ ਸੋਚ ਤੇ ਸਿਆਣਪ ਨਾਲ ਸਚਾਈ ਦੇ ਰਸਤੇ ਪਾ ਚਲਿਆ।
ਮਾੜੇ ਪਿੰਡ ਦੇ ਲੋਕਾਂ ਨੂੰ ਉਸੇ ਪਿਡ ਵਿੱਚ ਰਹਿ ਕੇ ਵੱਸਣ ਦਾ,
ਚੰਗਿਆਂ ਨੂੰ ਉਜੜਨ ਦਾ ਸ਼ਰਾਪ ਦੇ ਕੇ ਮਰਦਾਨੇ ਨੂੰ ਸੋਚੀ ਪਾ ਚੱਲਿਆ।
ਛੱਡਿਆ ਸੀ ਜਿਹੜਾ ਬਲੀ ਕੰਧਾਰੀ ਨੇ ਪੱਥਰ ਬਾਬੇ ਨਾਨਕ ਦੇ ਵੱਲ,
ਰੋਕ ਕੇ ਉਸ ਪੱਥਰ ਨੂੰ ਉਥੇ ਪੰਜਾ ਸਾਹਿਬ ਗੁਰਦੁਆਰਾ ਬਣਵਾ ਚੱਲਿਆ।
ਆਖਰ ਨਨਕਾਣਾ ਸਾਹਿਬ ਦੀ ਧਰਤੀ ਤੇ ਖੂਹ ਚਲਾ ਖੇਤੀ ਕਰਕੇ,
ਦੁਨੀਆਂ ਭਰ ਦੇ ਲੋਕਾਂ ਨੂੰ ਮਿਹਨਤ ਦਾ ਮਿੱਠਾ ਫਲ ਸਿਖਾ ਚੱਲਿਆ।
ਵਿਛੜ ਗਏ ਸੀ ਜਿਹੜੇ ਖੂਨ ਦੇ ਰਿਸ਼ਤੇ ਹਿੰਦ-ਪਾਕ ਦੇ ਬਟਵਾਰੇ ਅੰਦਰ,
ਉਨ੍ਹਾਂ ਨੂੰ ਮਿਲਣ ਲਈ ਕਰਤਾਰਪੁਰ ਦਾ ਲਾਂਘਾ ਬਾਬਾ ਮੇਰਾ ਖੁਲਵਾ ਚੱਲਿਆ।
ਜਸਪਾਲ ਸਿੰਘ ਮਹਿਰੋਕ,
ਸਨੌਰ (ਪਟਿਆਲਾ)
ਮੋਬਾਈਲ 6284347188
Leave a Comment
Your email address will not be published. Required fields are marked with *