ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਐਸੋਸੀਏਸਨ ਪੰਜਾਬ ਵਲੋ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਪੱਤਰ ਨੰ: 25 4069 ਮਿਤੀ 15-9- 22 ਦੇ ਅਨੁਸਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਗੈਸਟ ਫੈਕਲਟੀ ਦੇ ਮਿਹਨਤਾਨੇ ’ਚ ਵਾਧਾ ਕਰਦਿਆਂ ਤਜਰਬੇ ਦੇ ਆਧਾਰ ’ਤੇ ਸਲੈਬਾਂ ਬਣਾਈਆਂ ਗਈਆਂ ਪਰ ਕਾਲਜ ਦੇ ਪਿ੍ਰਸੀਪਲ ਜਤਿੰਦਰ ਕੁਮਾਰ ਜੈਨ ਵਲੋਂ ਤਨਖਾਹ ’ਚ ਵਾਧਾ ਨਾ ਕਰਨ ਕਰਕੇ ਰੋਸ ਵਜੋਂ ਸਮੂਹ ਗੈਸਟ ਸਹਾਇਕ ਪ੍ਰੋਫੈਸਰਜ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਕਾਲਜ ਦੇ ਪਿ੍ਰੰਸੀਪਲ ਆਪਣੀ ਮਨਮਰਜੀ ਕਰਦਿਆਂ ਅਗਲੀ ਸਲੈਬ ਦੀ ਬਣਦੀ ਤਨਖਾਹ ਨਹੀਂ ਦੇ ਰਹੇ, ਜਿਸ ਕਰਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੋਸਰਜ ਨੂੰ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰੋ. ਰਣਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 5 ਮਹੀਨੇ ਤੋਂ ਪਿ੍ਰੰਸੀਪਲ ਡਾ. ਜਤਿੰਦਰ ਕੁਮਾਰ ਜੈਨ ਨਾਲ ਲਗਾਤਾਰ ਮੀਟਿੰਗਾਂ, ਬਿਨੈ-ਪੱਤਰ ਆਦਿ ਦੁਆਰਾ ਗੱਲਬਾਤ ਕੀਤੀ ਗਈ ਅਤੇ ਪਿ੍ਰੰਸੀਪਲ ਸਾਹਿਬ ਦੁਆਰਾ ਵਿਸ਼ਵਾਸ਼ ਦੁਆਇਆ ਗਿਆ ਕਿ ਉਹ ਜਲਦ ਹੀ ਇਸਦਾ ਹੱਲ ਕਰਨਗੇ ਪਰ ਪਿ੍ਰੰਸੀਪਲ ਦੁਆਰਾ ਹਰੇਕ ਗੱਲ ਲਈ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਪ੍ਰੋ. ਸਮਾ ਦੁਆਰਾ ਦੱਸਿਆ ਗਿਆ ਕਿ ਉਹ ਹਰ ਰੋਜ 200 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਉਂਦੇ ਹਨ ਪਰ ਉਹਨਾ ਨੂੰ ਤਨਖਾਹ ’ਚ ਵਾਧਾ ਨਾ ਮਿਲਣ ਕਰਕੇ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ।