ਇੱਕ ਵਾਰ ਦੀ ਗੱਲ ਹੈ ਇਕ ਬਗ਼ੀਚੇ ਵਿੱਚ ਇੱਕ ਤਿਤਲੀ ਰਹਿੰਦੀ ਸੀ । ਪਰ ਉਸ ਨੂੰ ਆਪਣੀ ਖ਼ੂਬਸੂਰਤੀ ਉੱਪਰ ਬੜਾ ਘੁਮੰਡ ਹੈ।ਜਿਸ ਕਰਕੇ ਉਹ ਕਿਸੇ ਨਾਲ਼ ਸਿੱਧੇ ਮੂੰਹ ਗੱਲ ਨਹੀਂ ਕਰਦੀ।ਇੱਕ ਦਿਨ ਉਸਦੇ ਪੈਰਾਂ ਨਾਲ ਲੱਗ ਕੇ ਇੱਕ ਖ਼ੂਬਸੂਰਤ ਤੇ ਅਦਭੁੱਤ ਫੁੱਲ ਦੇ ਪਰਾਗਕਣ ਉਸਦੇ ਵਿਹੜੇ ਲਾਗੇ ਆ ਡਿੱਗਦੇ ਹਨ। ਜਿਸ ਦੇ ਨਾਲ ਉੱਥੇ ਬਾਰਿਸ਼ ਤੋਂ ਬਾਅਦ ਸੋਹਣੇ ਸੋਹਣੇ ਫੁੱਲ ਉੱਗ ਆਉਂਦੇ ਹਨ। ਉਹ ਘੁਮੰਡੀ ਤਿਤਲੀ ਨੂੰ ਲੱਗਦਾ ਹੈ ਕਿ ਇਹ ਬਗ਼ੀਚਾ ਮੇਰੇ ਘਰ ਦੇ ਨੇੜ੍ਹੇ ਹੈ ਤੇ ਮੇਰਾ ਹੀ ਹੈ ।ਉਹ ਉਸ ਫੁੱਲ ਦੇ ਪੌਦੇ ਉੱਪਰ ਕਿਸੇ ਵੀ ਤਿਤਲੀ ,ਭੌਰੇ ਨੂੰ ਬੈਠਣ ਨਹੀਂ ਦਿੰਦੀ। ਸਾਰੇ ਤਿਤਲੀ ਤੇ ਭੌਰੇ ਬੜੇ ਗੇੜੇ ਕੱਢਦੇ ਹਨ, ਉਸ ਫੁੱਲ ਦੇ ਦੁਆਲੇ ਪਰ ਉਹ ਕਿਸੇ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ ਉਸ ਨੂੰ ਲੱਗਦਾ ਹੈ ਕਿ ਇਹ ਪੌਦਾ ਉਸਨੇ ਉਗਾਇਆ ਹੈ ਜਿਸ ਕਰਕੇ ਇਸਦੇ ਉੱਪਰ ਸਿਰਫ਼ ਤੇ ਸਿਰਫ਼ ਉਸਦਾ ਹੀ ਹੱਕ ਹੈ ।ਉਸ ਦੇ ਇਸ ਵਤੀਰੇ ਤੋਂ ਬਾਕੀ ਸਾਰੇ ਫੁੱਲ, ਤਿਤਲੀਆਂ, ਭੌਰੇ ਸ਼ਹਿਦ ਦੀਆਂ ਮੱਖੀਆਂ ਬਹੁਤ ਦੁਖੀ ਹੁੰਦੇ ਹਨ। ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਭ ਵਿਅਰਥ ਜੋ ਫੁੱਲ ਉਸਦੀ ਬਗ਼ੀਚੀ ਵਿੱਚ ਖਿੜਿਆ ਹੈ ਉਹ ਵੀ ਉਸ ਨੂੰ ਇਸ ਤਰਾਂ ਦੇ ਵਿਵਹਾਰ ਕਰਨ ਤੋਂ ਰੋਕਦਾ ਹੈ ।ਪਰ ਘੁਮੰਡੀ ਤਿਤਲੀ ਉਸਦੀ ਵੀ ਇੱਕ ਨਹੀਂ ਸੁਣਦੀ ।
ਸਮਾਂ ਪੈਂਦਾ ਹੈ ਤਾਂ ਉਹ ਫੁੱਲ ਹੌਲੀ-ਹੌਲੀ ਮੁਰਝਾਉਣ ਲੱਗਦਾ ਤੇ ਇੱਕ ਦਿਨ ਉਹ ਬਿਲਕੁਲ ਹੀ ਮੁਰਝਾ ਕੇ ਖਤਮ ਹੋ ਜਾਂਦਾ। ਦੂਜੇ ਪਾਸੇ ਸਾਰੇ ਤਿਤਲੀਆਂ ,ਭੌਰੇ ,ਮਧੂ ਮੱਖੀਆਂ ਇਸ ਘੁਮੰਡੀ ਤਿਤਲੀ ਦੀ ਘੁਮੰਡ ਕਰਕੇ ਇਸ ਨੂੰ ਬੁਲਾਉਣਾ ਛੱਡ ਦਿੰਦੇ ਹਨ। ਹੁਣ ਉਹਦੇ ਘਰ ਦੀ ਬਗ਼ੀਚੀ ਦਾ ਫੁੱਲ ਵੀ ਸੁੱਕ ਚੁੱਕਾ ਹੁੰਦਾ ‘ਤੇ ਜਿਸ ਕਰਕੇ ਉਹ ਹੋਰ ਫੁੱਲਾਂ ਤੇ ਇਧਰ ਉਧਰ ਘੁੰਮਦੀ ਹੈ। ਪਰ ਸਾਰੇ ਫ਼ੁੱਲ ,ਭੌਰੇ, ਤਿਤਲੀਆਂ, ਉਸ ਨੂੰ ਨਫ਼ਰਤ ਕਰਦੇ ਹਨ । ਕੋਈ ਵੀ ਉਸਨੂੰ ਮੂੰਹ ਨਹੀਂ ਲਗਾਉਂਦਾ।ਉਹ ਹਰ ਰੋਜ਼ ਇੱਧਰ ਉੱਧਰ ਫ਼ੁੱਲਾਂ ਤੇ ਮੰਡਰਾਉਂਦੀ ਰਹਿੰਦੀ ਹੈ ।ਪਰ ਕੋਈ ਵੀ ਉਸ ਨਾਲ਼ ਗੱਲ ਨਹੀਂ ਕਰਦਾ ।ਇਹ ਵਤੀਰਾ ਦੇਖ ਕੇ ਘੁਮੰਡੀ ਤਿਤਲੀ ਨੂੰ ਬੜਾ ਅਫ਼ਸੋਸ ਹੁੰਦਾ ਉਹ ਸਾਰੇ ਬਗ਼ੀਚੇ ਦੇ ਵਿੱਚ ਇਕੱਲੀ ਪੈ ਜਾਂਦੀ ਹੈ। ਨਾ ਉਸਦਾ ਕੋਈ ਦੁੱਖ ਤਕਲੀਫ਼ ਸੁਣਨ ਵਾਲ਼ਾ ਤੇ ਨਾ ਹੀ ਉਸ ਨਾਲ਼ ਕੋਈ ਗੱਲਾਂ ਕਰਨ ਵਾਲ਼ਾ ।ਜਿਸ ਕਰਕੇ ਉਹ ਉਦਾਸ ਰਹਿਣ ਲੱਗ ਜਾਂਦੀ ਇੱਕ ਦਿਨ ਉਹ ਸਾਰੇ ਭੌਰੇ ਫ਼ੁੱਲ ਤਿਤਲੀਆਂ ਕੋਲ ਜਾਂਦੀ ਹੈ। ਉਨ੍ਹਾਂ ਤੋਂ ਆਪਣੀ ਕੀਤੀ ਗਲਤੀ ਦੀ ਮਾਫ਼ੀ ਮੰਗਦੀ ਹੈ ।ਸਾਰੇ ਭੌਰੇ, ਫ਼ੁੱਲ ,ਤਿਤਲੀਆਂ ਉਸ ਨੂੰ ਉਸਦੀ ਇਸ ਗਲਤੀ ਤੇ ਅਹਿਸਾਸ ਹੋਣ ਤੇ ਮਾਫ਼ ਕਰ ਦਿੰਦੇ ਹਨ। ਘੁਮੰਡੀ ਤਿਤਲੀ ਅੱਗੇ ਤੋਂ ਸਾਰਿਆਂ ਨਾਲ਼ ਪਿਆਰ ਨਾਲ਼ ਮਿਲ ਕੇ ਰਹਿਣ ਦਾ ਵਾਅਦਾ ਕਰਦੀ ਹੈ। ਆਪਣੇ ਘੁਮੰਡ ਨੂੰ ਤਿਆਗਣ ਦਾ ਪ੍ਰਣ ਕਰਦੀ ਹੈ।

ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਲੋਨੀ ਸੰਗਰੂਰ 148 001
ਮੋਬਾਈਲ ਨੰਬਰ 98722 99613