ਜਰਨੈਲ ਸਿੰਘ ਨੇ ਆਪਣੀ ਲੜਕੀ ਬਲਵਿੰਦਰ ਦੇ ਵਿਆਹ ਦਾ ਕਾਰਡ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਮੁਖੀ ਨੂੰ ਫੜਾਂਦਿਆਂ ਆਖਿਆ,” ਸਾਹਿਬ ਜੀ,
ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ। ਮੈਂ ਸੋਚਿਆ, ਉਸ ਦੇ ਵਿਆਹ ਦਾ ਕਾਰਡ ਮੈਂ ਤੁਹਾਨੂੰ ਆਪ ਦੇ ਕੇ ਆਉਨਾ। ਉਹ ਤੁਹਾਡੇ ਸਕੂਲੋਂ ਪੜ੍ਹੀ ਜੂ ਹੋਈ।”
ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਜਰਨੈਲ ਸਿੰਘ ਨੂੰ ਆਖਿਆ,” ਮੁੰਡਾ ਕਿੰਨਾ ਕੁ ਪੜ੍ਹਿਆ ਹੋਇਐ ਤੇ
ਕੰਮ ਕੀ ਕਰਦੈ?”
” ਸਾਹਿਬ ਜੀ, ਮੁੰਡਾ ਦਸਵੀਂ ਪਾਸ ਐ। ਸੋਹਣਾ, ਸੁਨੱਖਾ ਤੇ ਉੱਚਾ, ਲੰਮਾ ਐ ਤੇ ਆਪਣੇ ਡੈਡੀ ਨਾਲ ਖੇਤੀ ਕਰਦੈ।”
” ਪਰ ਏਨੇ ਘੱਟ ਪੜ੍ਹੇ ਮੁੰਡੇ ਨਾਲ ਬਲਵਿੰਦਰ ਦਾ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਐ। ਨਾਲੇ ਕਹਿੰਦੇ, ਤੁਹਾਡੀ ਬਲਵਿੰਦਰ ਤਾਂ ਐੱਮ ਏ ਕਰਦੀ ਐ।”
” ਸਾਹਿਬ ਜੀ, ਮੁੰਡਾ ਪੜ੍ਹਿਆ ਚਾਹੇ ਘੱਟ ਐ, ਪਰ ਉਸ ਦਾ ਘਰ-ਬਾਰ ਬੜਾ ਚੰਗਾ ਐ। ਉਸ ਦੀਆਂ ਦੋ ਭੈਣਾਂ ਇਟਲੀ ‘ਚ ਐ। ਮੁੰਡੇ ਦਾ ਇਟਲੀ ਜਾਣ ਦਾ ਤੁੱਕਾ ਲੱਗ ਸਕਦੈ। ਜੇ ਨਾ ਵੀ ਲੱਗੇ, ਤਾਂ ਵੀ ਕੋਈ ਗੱਲ ਨਹੀਂ। ਮੁੰਡੇ ਦੇ ਹਿੱਸੇ ਪੂਰੇ ਦਸ ਕਿੱਲੇ ਜ਼ਮੀਨ ਦੇ ਆਂਦੇ ਐ। ਸਾਡੀ ਬਲਵਿੰਦਰ ਉਸ ਦੇ ਘਰ ਭੁੱਖੀ ਨੀ ਮਰਨ ਲੱਗੀ।” ਇਹ ਕਹਿ ਕੇ ਜਰਨੈਲ ਸਿੰਘ ਛੇਤੀ ਨਾਲ ਸਕੂਲ ਮੁਖੀ ਦੇ ਦਫ਼ਤਰ ਵਿੱਚੋਂ ਬਾਹਰ ਆ ਗਿਆ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554