ਜਮੀਨ ’ਤੇ ਸੁੱਟੀ ਇਸ ਡੋਰ ਦੇ ਗੁੱਛੇ ਚੋਗਾ ਚੁਗਦੇ ਪੰਛੀਆਂ ਦੇ ਪੈਰਾਂ ’ਚ ਉਲਝ ਜਾਂਦੇ ਹਨ
ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਂਵੇ ਪ੍ਰਸ਼ਾਸ਼ਨ ਵਲੋਂ ਚਾਈਨਾਂ ਡੋਰ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਾਏ ਜਾਣ ਦੇ ਲੱਖਾਂ ਦਾਅਵੇ ਕੀਤੇ ਹਨ ਪਰ ਇਸ ਦੇ ਬਾਵਜੂਦ ਅੱਜ ਤੱਕ ਦੁਕਾਨਦਾਰਾਂ ਵਲੋਂ ਬਿਨ੍ਹਾਂ ਕਿਸੇ ਰੋਕ-ਟੋਕ ਪਤੰਗਬਾਜੀ ਦੇ ਸ਼ੌਕੀਨਾਂ ਨੂੰ ਇਹ ਡੋਰ ਵੇਚੀ ਜਾ ਰਹੀ ਹੈ। ਇਹ ਡੋਰ ਜਿੱਥੇ ਮਨੁੱਖੀ ਜਾਨਾਂ ਲੈਣ ਦਾ ਕਾਰਨ ਬਣਦੀ ਹੈ, ਉੱਥੇ ਇਹ ਪੰਛੀਆਂ ਲਈ ਸਭ ਤੋਂ ਵੱਧ ਖਤਰਨਾਕ ਸਾਬਤ ਹੁੰਦੀ ਹੈ, ਕਿਉਂਕਿ ਪਤੰਗਬਾਜਾਂ ਵਲੋਂ ਥਾਂ-ਥਾਂ ’ਤੇ ਇਸ ਡੋਰ ਦੇ ਗੁੱਛੇ ਸੁੱਟ ਦਿੱਤੇ ਜਾਂਦੇ ਹਨ, ਜਮੀਨ ’ਤੇ ਸੁੱਟੀ ਇਸ ਡੋਰ ਦੇ ਗੁੱਛੇ ਚੋਗਾ ਚੁਗਦੇ ਪੰਛੀਆਂ ਦੇ ਪੈਰਾਂ ਵਿੱਚ ਉਲਝ ਜਾਂਦੇ ਹਨ। ਪੰਛੀ ਜਦੋਂ ਆਪਣੇ ਪੈਰਾਂ ਵਿੱਚ ਫਸੇ ਗੁੱਛੇ ਸਮੇਤ ਉੱਡ ਕੇ ਕਿਸੇ ਤਾਰ ਜਾਂ ਰੁੱਖ ’ਤੇ ਬੈਠਦੇ ਹਨ ਤਾਂ ਇਹ ਰੁੱਖਾਂ ਦੀਆਂ ਟਾਹਣੀਆਂ ਜਾਂ ਤਾਰਾਂ ਵਿੱਚ ਲਪੇਟੇ ਜਾਂਦੇ, ਇਸ ਤਰ੍ਹਾਂ ਪਤੰਗਬਾਜਾਂ ਦਾ ਇਹ ਸ਼ੌਕ ਪੰਛੀਆਂ ਲਈ ਮੌਤ ਦਾ ਕਾਰਨ ਬਣਦਾ ਹੈ। ਇਸ ਤੇ ਪੰਛੀਆਂ ਲਈ ਮੌਤ ਤੋਂ ਇਲਾਵਾ ਕਿਸਾਨਾਂ ਵਲੋਂ ਖੇਤਾਂ ਵਿੱਚ ਖਾਦ ਪਾਉਣ ਸਮੇਂ ਬੋਰੀਆਂ ਖੋਲ੍ਹ ਕੇ ਸੁੱਟੇ ਧਾਗੇ ਵੀ ਪੰਛੀਆਂ ਦੀ ਮੌਤ ਦਾ ਸਬੱਬ ਬਣਦੇ ਹਨ। ਗੱਲ ਕੀ ਚਾਈਨਾਂ ਡੋਰ ਹੀ ਨਹੀਂ ਕਿਸੇ ਕਿਸਮ ਦੇ ਸੁੱਟੇ ਧਾਗੇ ਪੰਛੀਆਂ ਲਈ ਘਾਤਕ ਹੀ ਸਾਬਤ ਹੁੰਦੇ ਹਨ। ਇਸ ਕਰਕੇ ਸਮੂਹ ਪੰਛੀ ਪ੍ਰੇਮੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾਂ ਡੋਰ ਦੀ ਵਰਤੋਂ ’ਤੇ ਗੰਭੀਰਤਾ ਨਾਲ ਪਾਬੰਦੀ ਲਾਈ ਜਾਵੇ ਤੇ ਇਸ ਨੂੰ ਵੇਚਣ ਤੇ ਖਰੀਦਣ ਵਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਖਾਦ ਵਾਲੀਆਂ ਬੋਰੀਆਂ ਦੇ ਖੋਲ੍ਹ ਕੇ ਸੁੱਟੇ ਧਾਗੇ ਉਹ ਜਮੀਨ ਵਿੱਚ ਦੱਬ ਦੇਣ ਜਾਂ ਅੱਗ ਵਿੱਚ ਸੁੱਟ ਕੇ ਨਸ਼ਟ ਕਰ ਦੇਣ ਤਾਂ ਕਿ ਕੁਦਰਤ ਦੇ ਇਹ ਅਣਮੁੱਲੇ ਜੀਵਾਂ ਦੀ ਜਾਨ ਖਤਰੇ ’ਚ ਨਾ ਪਵੇ।