ਫ਼ਰੀਦਕੋਟ , 3 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਟਕਪੂਰਾ ਸ਼ਹਿਰ ਦੇ ਵਸਨੀਕ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ ਉੱਤਰ ਪ੍ਰਦੇਸ਼ ਵਿਖੇ ਰਾਸ਼ਟਰੀ ਕਲਾ-ਸਮਾਗਮ ਵਿੱਚ “ਸ੍ਰੇਸ਼ਠ ਕਲਾਕਾਰ” ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀ ਰਾਜ ਲਲਿਤ ਕਲਾ ਅਕਾਦਮੀ, ਉੱਤਰ ਪ੍ਰਦੇਸ਼ ਅਤੇ ਸੰਬਲ ਜ਼ਿਲ੍ਹੇ ਦੇ ਬਹਿਜੋਈ ਸ਼ਹਿਰ ਦੇ ਇੱਕ ਸਮਾਜਿਕ ਸੰਗਠਨ “ਉਡਾਨ ਗਰੁੱਪ ਆਫ਼ ਆਰਟਿਸਟ” ਦੁਆਰਾ ਸਾਂਝੇ ਰੂਪ ਵਿੱਚ ਕਰਵਾਏ ਗਏ ਤਿੰਨ-ਰੋਜ਼ਾ ਰਾਸ਼ਟਰੀ ਚਿੱਤਰਕਲਾ ਵਰਕਸ਼ਾਪ ਵਿੱਚ ਪ੍ਰੀਤ ਭਗਵਾਨ ਸਿੰਘ ਨੂੰ ਇਹ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਸਾਡੇ ਸ਼ਹਿਰ ਅਤੇ ਜ਼ਿਲ੍ਹੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਮੁੱਚੇ ਪੰਜਾਬ ਵਿੱਚੋਂ ਇਸ ਵਰਕਸ਼ਾਪ ਲਈ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ ਹੀ ਸੱਦਾ ਦਿੱਤਾ ਗਿਆ ਸੀ। ਸਮੁੱਚੇ ਦੇਸ਼ ਵਿੱਚੋਂ ਵੱਖ-ਵੱਖ ਰਾਜਾਂ ਤੋਂ ਇਲਾਵਾ ਨੇਪਾਲ ਦੇ ਕਲਾਕਾਰਾਂ ਸਮੇਤ 15 ਦੇ ਕਰੀਬ ਕਲਾਕਾਰਾਂ ਨੂੰ ਇਸ ਸਮਾਗਮ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਭੇਜਿਆ ਗਿਆ। ਇਸ ਇਸ ਕਲਾ ਵਰਕਸ਼ਾਪ ਦਾ ਵਿਸ਼ਾ “ਕਣ-ਕਣ ਵਿੱਚ ਰਾਮ” ਰੱਖਿਆ ਗਿਆ ਸੀ। ਪ੍ਰੀਤ ਭਗਵਾਨ ਸਿੰਘ ਨੇ ਇਸ ਵਿਸ਼ੇ ਨੂੰ ਦਰਸਾਉਂਦੀ ਹੋਈ ਬਹੁਤ ਹੀ ਖ਼ੂਬਸੂਰਤ ਪੇਂਟਿੰਗ ਬਣਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਹਨਾਂ ਦੀ ਇਸ ਉੱਤਮ ਕਲਾ ਲਈ ਸੰਬਲ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ (ਡਿਪਟੀ ਕਮਿਸ਼ਨਰ) ਵੱਲੋਂ ਸਨਮਾਨ ਚਿੰਨ੍ਹ, ਲੋਈ, ਸਨਮਾਨ-ਪੱਤਰ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੇ ਉਪਰੋਕਤ ਸੰਸਥਾਵਾਂ ਅਤੇ ਸੰਗਠਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਕਲਾ ਦੇ ਮਾਧਿਅਮ ਰਾਹੀਂ ਹਮੇਸ਼ਾ ਹੀ ਕੋਟਕਪੂਰਾ, ਫ਼ਰੀਦਕੋਟ ਅਤੇ ਸਮੁੱਚੇ ਪੰਜਾਬ ਦੇ ਮਾਣ ਵਿੱਚ ਵਾਧਾ ਕਰਨ ਲਈ ਹਾਜ਼ਰ ਰਹਿਣਗੇ। ਉਹਨਾਂ ਦੀ ਇਸ ਵਡਮੁੱਲੀ ਪ੍ਰਾਪਤੀ ‘ਤੇ ਸ਼ਬਦ-ਸਾਂਝ ਕੋਟਕਪੂਰਾ ਦੀ ਸਮੁੱਚੀ ਟੀਮ, ਬਾਬਾ ਫ਼ਰੀਦ ਆਰਟ ਸੁਸਾਇਟੀ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ, ਫ਼ਰੀਦਕੋਟ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਤੇ ਸਾਹਿਤਕ ਸੰਸਥਾਵਾਂ ਦੇ ਆਗੂਆਂ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ।
Leave a Comment
Your email address will not be published. Required fields are marked with *