ਈ.ਵੀ.ਐਮ. ਮਸ਼ੀਨਾਂ ਰਾਹੀਂ ਹੋ ਰਹੀਆਂ ਚੋਣਾਂ ਬੰਦ ਕਰਕੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ : ਗੋਂਦਾਰਾ
ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਪਿੰਡ ਦੋਦਾ ਵਿਖੇ ਸੁਨੀਲ ਕੁਮਾਰ ਦੀ ਅਗਵਾਈ ਹੇਠ ਹੋਈ, ਜਿਸ ’ਚ ਗੁਰਮੀਤ ਸਿੰਘ ਪਰਜਾਪਤੀ ਸਰਕਲ ਪ੍ਰਧਾਨ, ਅਵਤਾਰ ਸਿੰਘ ਸਰਕਲ ਪ੍ਰਧਾਨ, ਵੀਰੇਂਦਰ ਭਾਟੀ ਕਾਨੂੰਨੀ ਸਲਾਹਕਾਰ, ਭੋਜ ਰਾਜ ਸਿਆਗ ਪ੍ਰਧਾਨ ਤਾਜਾ ਪੱਟੀ, ਵਿਜੇ ਸਹਾਰਨ ਰਹੂੜਿਆਂਵਾਲੀ, ਆਜਾਦ ਵੀਰ ਸਿੰਘ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੋਰਚਾ ਦੇ ਸੂਬਾਈ ਪ੍ਰਧਾਨ ਮਨੋਜ ਕੁਮਾਰ ਗੋਂਦਾਰਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਰਾਹੀਂ ਭਾਰਤ ਦੇ ਹਰੇਕ ਵਰਗ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਸੰਵਿਧਾਨਿਕ ਅਧਿਕਾਰ ਦਿੱਤਾ ਸੀ ਪਰ ਮੌਜੂਦਾ ਚੋਣ ਕਮਿਸ਼ਨ ਬੈਲਟ ਪੇਪਰ ਰਾਹੀਂ ਹੁੰਦੀਆਂ ਚੋਣਾਂ ਬੰਦ ਕਰਕੇ ਈ.ਵੀ.ਐੱਮ. ਮਸ਼ੀਨਾਂ ਰਾਹੀਂ ਚੋਣਾਂ ਕਾਰਵਾਈਆਂ ਜਾ ਰਹੀਆਂ ਹਨ। ਈ.ਵੀ.ਐਮ. ਮਸ਼ੀਨਾਂ ਦੀਆਂ ਹੈਕ ਕਰ ਲਈਆਂ ਜਾਣ ਦੀਆਂ ਹਜਾਰਾਂ ਸ਼ਿਕਾਇਤਾਂ ’ਚੋਂ ਕਮਿਸ਼ਨ ਭਾਰਤ ਕੋਲ ਅਤੇ ਸੁਪਰੀਮ ਕੋਰਟ ’ਚ ਅਧੀਨ ਪਈਆਂ ਹਨ। ਈ.ਵੀ.ਐਮ. ਮਸ਼ੀਨਾਂ ਰਾਹੀਂ ਪੈਂਦੀਆਂ ਵੋਟਾਂ ਰਾਹੀਂ ਹੋ ਰਹੀਆਂ ਧਾਂਦਲੀਆਂ ਨੂੰ ਦੇਖਦਿਆਂ ਇੰਗਲੈਂਡ ਅਤੇ ਅਮਰੀਕਾ ਵਰਗੇ ਵਿਕਾਸਸ਼ੀਲ ਦੇਸ਼ਾਂ ਨੇ ਬੈਨ ਕਰਕੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਈ.ਵੀ.ਐਮ. ਮਸ਼ੀਨਾਂ ਰਾਹੀਂ ਭਾਰਤ ਦੇ ਨਾਗਰਿਕਾਂ ਤੋਂ ਵੋਟ ਪਾਉਣ ਦਾ ਸੰਵਿਧਾਨਕ ਅਧਿਕਾਰ ਖੋਹਿਆ ਜਾ ਰਿਹਾ ਹੈ ਅਤੇ ਲੋਕਤੰਤਰ ਵਿਵਸਥਾ ਦਾ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਈ.ਵੀ.ਐਮ. ਮਸ਼ੀਨਾਂ ਰਾਹੀਂ ਹੋ ਰਹੀਆਂ ਚੋਣਾਂ ਬੰਦ ਕਰਕੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ।ਮੀਟਿੰਗ ਦੌਰਾਨ ਸੁਨੀਲ ਕੁਮਾਰ ਨੂੰ ਆਜਾਦ ਕਿਸਾਨ ਮੋਰਚਾ ਦੇ ਅਨੁਸੂਚਿਤ ਜਾਤੀਆਂ ਵਿੰਗ ਹਲਕਾ ਬੱਲੂਆਣਾ ਦਾ ਜਨਰਲ ਸਕੱਤਰ ਅਤੇ ਬਲਵੰਤ ਰਾਮ ਮੇਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਬਲਵੰਤ ਰਾਮ ਨੂੰ ਇਕਾਈ ਦੋਦਾ ਦਾ ਅਨੁਸੂਚਿਤ ਜਾਤੀਆਂ ਵਿੰਗ ਦਾ ਪ੍ਰਧਾਨ ਅਤੇ ਵਿਜੇ ਕੁਮਾਰ, ਵੇਦ ਪ੍ਰਕਾਸ਼, ਡਾ. ਜਗਦੇਵ ਸਿੰਘ, ਕੇਹਰ ਸਿੰਘ, ਗੁਰਦੀਪ ਸਿੰਘ, ਦੌਲਤ ਰਾਮ, ਰਾਮ ਕੁਮਾਰ, ਸੂਰਜ ਭਾਨ, ਗੁਰਪ੍ਰੀਤ ਰਾਮ, ਕਾਰਜ ਸਿੰਘ, ਭੂਰਾ ਰਾਮ ਅਤੇ ਛਿੰਦਾ ਰਾਮ ਮੇਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ।