ਐੱਸ.ਐੱਸ.ਪੀ. ਨੇ ਚੋਰਾਂ ਅਤੇ ਲੁਟੇਰਿਆਂ ਨੂੰ ਨੱਥ ਪਾਉਣ ਲਈ ਗਸ਼ਤ ਕਰਨ ਵਾਲੀਆਂ ਪੀ.ਸੀ.ਆਰ. ਨੂੰ ਕੀਤਾ ਰਵਾਨਾ
ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੋਰਾਂ, ਲੁਟੇਰਿਆਂ ਅਤੇ ਗੁੰਡਾ ਅਨਸਰਾਂ ਦੀਆਂ ਵੱਧਦੀਆਂ ਸਰਗਰਮੀਆਂ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਵਲੋਂ ਸਖਤੀ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਹਾਲ ਕਰਨ ਦੀ ਮਨਸ਼ਾ ਨਾਲ ਹਰਜੀਤ ਸਿੰਘ ਐਸਐਸਪੀ ਫਰੀਦਕੋਟ ਵਲੋਂ ਅੱਜ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਤੋਂ ਮੋਟਰਸਾਈਕਲ ’ਤੇ ਗਸ਼ਤ ਕਰਨ ਵਾਲੀਆਂ ਗਸ਼ਤੀ ਟੁਕੜੀਆਂ (ਪੀਸੀਆਰ) ਨੂੰ ਰਵਾਨਾ ਕਰਦਿਆਂ ਦੱਸਿਆ ਕਿ ਹੁਣ ਸ਼ਹਿਰ ਨੂੰ ਪੰਜ ਹਿੱਸਿਆਂ ’ਚ ਵੰਡ ਕੇ ਦਿਨ ਅਤੇ ਰਾਤ ਲਈ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦਿਨ ਸਮੇਂ ਦੋ ਦੋ ਪੁਲਿਸ ਮੁਲਾਜਮ ਇਕ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੰਜ ਵੱਖੋ ਵੱਖਰੇ ਇਲਾਕਿਆਂ ’ਚ ਗਸ਼ਤ ਕਰਨਗੇ, ਜਦਕਿ ਇਕ ਮੋਟਰਸਾਈਕਲ ’ਤੇ ਦੋ ਮਹਿਲਾ ਕਾਂਸਟੇਬਲ ਵਲੋਂ ਗਸ਼ਤ ਕੀਤੀ ਜਾਵੇਗੀ ਤੇ ਉਹ ਲੇਡੀਜ ਪੁਲਿਸ ਮੁਲਾਮਜ ਲੜਕੀਆਂ ਵਾਲੇ ਸਕੂਲਾਂ ਅਤੇ ਕਾਲਜਾਂ ’ਚ ਸਵੇਰ ਤੇ ਸ਼ਾਮ ਸਮੇਂ ਗਸ਼ਤ ਕਰਨਗੀਆਂ, ਉੱਥੇ ਲੜਕੀਆਂ ਨਾਲ ਭੱਦੇ ਮਜਾਕ ਕਰਨ ਵਾਲੇ ਲੜਕਿਆਂ ਨੂੰ ਸਬਕ ਸਿਖਾਉਣਗੀਆਂ। ਉਹਨਾਂ ਦੱਸਿਆ ਕਿ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਅਤੇ ਮਨੋਜ ਕੁਮਾਰ ਐਸਐਚਓ ਥਾਣਾ ਸਿਟੀ ਵਲੋਂ ਉਕਤ ਪੀਸੀਆਰ ’ਤੇ ਨਿਗਰਾਨੀ ਰੱਖੀ ਜਾਵੇਗੀ। ਸ਼ਹਿਰ ਵਾਸੀਆਂ ਨੂੰ ਬਕਾਇਦਾ ਉਕਤ ਗਸ਼ਤੀ ਟੁਕੜੀਆਂ ਦੇ ਮੋਬਾਇਲ ਨੰਬਰ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਮੌਕੇ ਉਕਤ ਪੁਲਿਸ ਮੁਲਾਜਮਾਂ ਨੂੰ ਤੁਰਤ ਘਟਨਾ ਸਥਾਨ ’ਤੇ ਬੁਲਾਇਆ ਜਾ ਸਕੇ। ਉਂਝ ਉਹਨਾਂ ਦਾਅਵਾ ਕੀਤਾ ਕਿ ਅਮਨ ਕਾਨੂੰਨ ਦੀ ਸਥਿੱਤੀ ਖਰਾਬ ਕਰਨ ਦੀ ਕਿਸੇ ਵੀ ਚੋਰ, ਲੁਟੇਰੇ ਜਾਂ ਗੁੰਡਾ ਅਨਸਰ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ।
Leave a Comment
Your email address will not be published. Required fields are marked with *